ਜਿਵੇਂ ਵਿਆਪਮ ਘੋਟਾਲੇ ਦੇ ਗਵਾਹਾਂ ਨੂੰ ਜ਼ਹਿਰ ਦੇ ਰਾਹੀ ਇਕ-ਇਕ ਕਰਕੇ ਖ਼ਤਮ ਕਰ ਦਿੱਤਾ ਗਿਆ ਸੀ, ਉਹੀ ਪੈਟਰਨ ਸ. ਖੰਡਾ ਲਈ ਵਰਤਿਆ ਜਾਪਦਾ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 17 ਜੂਨ ( ) “ਭਾਈ ਅਵਤਾਰ ਸਿੰਘ ਖੰਡਾ ਪੱਤਰਕਾਰ ਦੀ ਮੌਤ ਨੂੰ ਲੈਕੇ ਹਿੰਦੂਤਵ ਲੋਕ ਅਤੇ ਮੀਡੀਆ ਖੁਸ਼ੀਆਂ ਮਨਾਅ ਰਹੇ ਹਨ । ਜਦੋਕਿ ਸ. ਅਵਤਾਰ ਸਿੰਘ ਖੰਡਾ ਨੇ ਅਜਿਹਾ ਕੋਈ ਵੀ ਗੈਰ ਕਾਨੂੰਨੀ ਜਾਂ ਅਣਮਨੁੱਖੀ ਕੰਮ ਨਹੀ ਕੀਤਾ, ਜਿਸ ਨਾਲ ਇੰਡੀਅਨ ਏਜੰਸੀਆ ਅਤੇ ਹੁਕਮਰਾਨ ਸਾਜਸੀ ਢੰਗਾਂ ਰਾਹੀ ਉਸਨੂੰ ਨਿਸ਼ਾਨਾਂ ਬਣਾਉਦੇ । ਫਿਰ ਜੋ ਲੰਡਨ ਵਿਖੇ ਇੰਡੀਆਂ ਦੇ ਸਫਾਰਤਖਾਨੇ ਵਿਖੇ ਉਸ ਵੱਲੋ ਖ਼ਾਲਿਸਤਾਨੀ ਝੰਡਾ ਝੁਲਾਉਣ ਦਾ ਪ੍ਰਚਾਰ ਕੀਤਾ ਗਿਆ ਅਤੇ ਉਸ ਨੂੰ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਨਾਲ ਜੋੜਕੇ ਇੰਡੀਅਨ ਮੀਡੀਏ ਵਿਚ ਗੁੰਮਰਾਹਕੁੰਨ ਪ੍ਰਚਾਰ ਕੀਤਾ ਗਿਆ ਹੈ । ਇਹ ਇੰਡੀਅਨ ਖੂਫੀਆ ਏਜੰਸੀਆ ਦੀ ਗਿਣੀ ਮਿੱਥੀ ਸਾਜਿਸ ਦਾ ਹਿੱਸਾ ਸੀ । ਜਦੋਕਿ ਭਾਈ ਅਵਤਾਰ ਸਿੰਘ ਖੰਡਾ ਤਾਂ ਇੰਡੀਅਨ ਸਫਾਰਤਖਾਨੇ ਵਿਖੇ ਸਿੱਖਾਂ ਵੱਲੋ ਮਨਾਏ ਗਏ ਰੋਸ ਦਿਹਾੜੇ ਵਿਚ ਸਾਮਿਲ ਹੀ ਨਹੀ ਸੀ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਕੁਝ ਸਾਲ ਪਹਿਲੇ ਜਦੋ ਮੱਧ ਪ੍ਰਦੇਸ਼ ਦੇ ਸ੍ਰੀ ਸਿਵਰਾਜ ਚੌਹਾਨ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ, ਤਾਂ ਉਸ ਸਮੇ ਸ੍ਰੀ ਚੌਹਾਨ ਉਤੇ ‘ਵਿਆਪਮ’ ਘੋਟਾਲੇ ਦੇ ਵੱਡੇ ਗਬਨ ਕਰਨ ਦੇ ਦੋਸ਼ ਲੱਗੇ ਸਨ । ਉਸ ਸੰਬੰਧੀ ਐਫ.ਆਈ.ਆਰ. ਦਰਜ ਹੋਈ ਸੀ । ਇਸ ਕੇਸ ਵਿਚ ਜੋ 40 ਗਵਾਹ ਸ੍ਰੀ ਚੌਹਾਨ ਵੱਲੋ ਕੀਤੇ ਵਿਆਪਮ ਘੋਟਾਲੇ ਦੇ ਗਵਾਹ ਸਨ, ਉਨ੍ਹਾਂ ਨੂੰ ਇਕ-ਇਕ ਕਰਕੇ ਰੇਸੀਅਨ ਅਤੇ ਪੋਲੋਨੀਅਮ ਨਾਮ ਦੀ ਦਵਾਈ ਦੇ ਇਜੈਕਸ਼ਨ ਦੇ ਕੇ ਸਭਨਾਂ ਨੂੰ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ ਗਿਆ ਸੀ ਅਤੇ ਬਾਅਦ ਵਿਚ ਇਸ ਵਿਆਪਮ ਘੋਟਾਲੇ ਦੇ ਕੇਸ ਦਾ ਕੋਈ ਸੱਚ ਸਾਹਮਣੇ ਨਾ ਆਇਆ । ਕਿਉਂਕਿ ਸਭ ਸਬੂਤ ਹੀ ਖਤਮ ਕਰ ਦਿੱਤੇ ਗਏ ਸਨ । ਉਸੇ ਤਰ੍ਹਾਂ ਦਾ ਪੈਟਰਨ ਇੰਡੀਅਨ ਖੂਫੀਆ ਏਜੰਸੀਆ ਵੱਲੋ ਭਾਈ ਅਵਤਾਰ ਸਿੰਘ ਖੰਡੇ ਨੂੰ ਨਿਸ਼ਾਨਾਂ ਬਣਾਕੇ ਇਸ ਜ਼ਹਿਰੀਲੀ ਦਵਾਈ ਰਾਹੀ ਖ਼ਤਮ ਕੀਤਾ ਗਿਆ ਜਾਪਦਾ ਹੈ । ਜੋ ਉਨ੍ਹਾਂ ਨੂੰ ਕੈਂਸਰ ਤੋ ਪੀੜ੍ਹਤ ਹੋਣ ਦੀ ਗੱਲ ਕਹੀ ਗਈ ਹੈ, ਇਹ ਵੀ ਇੰਡੀਅਨ ਖੂਫੀਆ ਏਜੰਸੀਆ ਵੱਲੋ ਮੀਡੀਏ ਵਿਚ ਪ੍ਰਚਾਰ ਫੈਲਾਇਆ ਗਿਆ ਸੀ । ਜਦੋ ਉਹ ਥੌੜੀ ਤਕਲੀਫ ਕਾਰਨ ਹਸਪਤਾਲ ਵਿਚ ਦਾਖਲ ਸਨ ਉਨ੍ਹਾਂ ਦੇ ਦਾਖਲ ਹੋਣ ਸਮੇਂ ਹੀ ਐਨ.ਆਈ.ਏ. ਜੋ ਪਹਿਲੋ ਹੀ ਇੰਗਲੈਡ ਦੇ ਦੌਰੇ ਤੇ ਸੀ ਅਤੇ ਹੋਰ ਖੂਫੀਆ ਏਜੰਸੀਆ ਵੱਲੋ ਉਨ੍ਹਾਂ ਦੀ ਮੌਤ ਦੀ ਅਫਵਾਹ ਫੈਲਾ ਦਿੱਤੀ ਗਈ ਸੀ ਜਿਸ ਤੋ ਪ੍ਰਤੱਖ ਹੁੰਦਾ ਹੈ ਕਿ ਇੰਡੀਅਨ ਹੁਕਮਰਾਨਾਂ ਅਤੇ ਖੂਫੀਆ ਏਜੰਸੀਆ ਦਾ ਹੀ ਇਹ ਮਨੁੱਖਤਾ ਵਿਰੋਧੀ ਅਤੇ ਸਿੱਖ ਕੌਮ ਵਿਰੋਧੀ ਕਾਲਾ ਕਾਰਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਈ ਅਵਤਾਰ ਸਿੰਘ ਖੰਡਾ ਨਿਰਪੱਖ ਪੱਤਰਕਾਰ ਦੀ ਕੁਝ ਦਿਨ ਪਹਿਲੇ ਲੰਡਨ ਦੇ ਹਸਪਤਾਲ ਵਿਚ ਅਤਿ ਭੇਦਭਰੇ ਢੰਗ ਨਾਲ ਹੋਈ ਮੌਤ ਅਤੇ ਉਸ ਸੰਬੰਧੀ ਇੰਡੀਅਨ ਖੂਫੀਆ ਏਜੰਸੀਆ ਵੱਲੋ ਇਸ ਦੌਰਾਨ ਫੈਲਾਈਆ ਗਈਆ ਅਫਵਾਹਾਂ ਦਾ ਵੇਰਵਾ ਦਿੰਦੇ ਹੋਏ ਭਾਈ ਖੰਡਾ ਨੂੰ ਸਾਜਸੀ ਢੰਗ ਨਾਲ ਖਤਮ ਕਰ ਦੇਣ ਦਾ ਦੋਸ਼ ਇੰਡੀਅਨ ਖੂਫੀਆ ਏਜੰਸੀਆ ਉਤੇ ਲਗਾਉਦੇ ਹੋਏ ਅਤੇ ਉਨ੍ਹਾਂ ਦੀ ਹੋਈ ਭੇਦਭਰੀ ਮੌਤ ਦੀ ਜਾਂਚ ਕੌਮਾਂਤਰੀ ਪੱਧਰ ਦੀ ਯੂ.ਐਨ. ਵਰਗੀ ਸੰਸਥਾਂ ਤੋ ਕਰਵਾਉਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਹਿੰਦੂਤਵ ਹੁਕਮਰਾਨਾਂ ਅਤੇ ਦਾ ਟ੍ਰਿਬਿਊਨ ਨੇ ਭਾਈ ਅਵਤਾਰ ਸਿੰਘ ਖੰਡਾ ਦੀ ਹੋਈ ਮੌਤ ਉਤੇ ਖੁਸ਼ੀ ਮਨਾਈ ਹੈ, ਕਿਉਂਕਿ ਉਹ ਸਮਝਦੇ ਹਨ ਕਿ ਭਾਈ ਖੰਡਾ ਨੇ ਇੰਡੀਅਨ ਸਫਾਰਤਖਾਨੇ ਵਿਖੇ ਕੀਤੇ ਗਏ ਰੋਸ ਮੁਜਾਹਰੇ ਵਿਚ ਸਮੂਲੀਅਤ ਕੀਤੀ ਸੀ । ਪਹਿਲੀ ਗੱਲ ਤਾਂ ਇਹ ਹੈ ਕਿ ਭਾਈ ਖੰਡਾ ਸਫਾਰਤਖਾਨੇ ਗਏ ਹੀ ਨਹੀ ਸਨ । ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਉਹ ਗਏ ਹਨ, ਤਾਂ ਰੋਸ਼ ਮੁਜਾਹਰੇ ਕਰਨਾ ਤਾਂ ਸਾਡਾ ਸਿੱਖ ਕੌਮ ਦਾ ਜਮਹੂਰੀਅਤ ਅਤੇ ਵਿਧਾਨਿਕ ਪੱਖੀ ਅਧਿਕਾਰ ਹੈ । ਇਸ ਲਈ ਇਹ ਮੌਤ ਉਸੇ ਤਰ੍ਹਾਂ ਡੂੰਘੇ ਸੱਕ ਨੂੰ ਉਜਾਗਰ ਕਰਦੀ ਹੈ ਜਿਵੇ ਭਾਈ ਦੀਪ ਸਿੰਘ ਸਿੱਧੂ, ਭਾਈ ਸੁਭਦੀਪ ਸਿੰਘ ਮੂਸੇਵਾਲਾ ਦੀਆਂ ਭੇਦਭਰੇ ਢੰਗ ਨਾਲ ਸ਼ਹੀਦੀਆਂ ਹੋਈਆ ਹਨ । ਜਿਸ ਸਮੇਂ ਇੰਡੀਅਨ ਏਜੰਸੀਆ ਨੇ ਸ. ਭਗਵੰਤ ਸਿੰਘ ਮਾਨ ਨੂੰ ਲਿਖਤੀ ਰੂਪ ਵਿਚ ਜਾਣਕਾਰੀ ਦਿੱਤੀ ਕਿ ਭਾਈ ਸੁਭਦੀਪ ਸਿੰਘ ਮੂਸੇਵਾਲ ਦੀ ਜਾਨ ਨੂੰ ਖਤਰਾ ਹੈ ਤਾਂ ਭਗਵੰਤ ਮਾਨ ਨੇ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ, ਉਪਰੰਤ ਦੁਸ਼ਮਣਾਂ ਨੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ । ਇਹ ਦੋਵੇ ਸਾਡੇ ਸਹੀਦ ਹਨ । ਅਸੀ ਇਨ੍ਹਾਂ ਦੀਆਂ ਹੋਈਆ ਭੇਦਭਰੀਆ ਮੌਤਾਂ ਨੂੰ ਨਿਰਪੱਖਤਾ ਨਾਲ ਸੀਮਤ ਸਮੇ ਵਿਚ ਜਾਂਚ ਦੀ ਮੰਗ ਕਰਦੇ ਹਾਂ । 

ਇਸਦੇ ਨਾਲ ਹੀ ਅਸੀ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਤੇ ਇਹ ਵੀ ਡੂੰਘੀ ਇੱਛਾ ਰੱਖਦੇ ਹਾਂ ਕਿ ਭਾਈ ਅਵਤਾਰ ਸਿੰਘ ਖੰਡਾ ਦਾ ਭੋਗ ਸਮੁੱਚੀ ਸਿੱਖ ਕੌਮ ਤੇ ਜਥੇਬੰਦੀਆਂ ਵੱਲੋ ਸਾਂਝੇ ਤੌਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਹੋਵੇ ਜਿਸਦਾ ਸਾਡੀ ਕੌਮੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ ਆਪਣੀ ਜਿੰਮੇਵਾਰੀ ਸਮਝਕੇ ਇਹ ਪ੍ਰਬੰਧ ਕਰੇ ਅਤੇ ਸਿੱਖ ਰੈਫਰੈਸ ਲਾਈਬ੍ਰੇਰੀ ਵਿਚ ਉਨ੍ਹਾਂ ਦੀ ਬਤੌਰ ਸ਼ਹੀਦ ਫੋਟੋ ਸੁਸੋਭਿਤ ਕੀਤੀ ਜਾਵੇ । ਕਿਉਂਕਿ ਭਾਈ ਅਵਤਾਰ ਸਿੰਘ ਖੰਡਾ, ਭਾਈ ਦੀਪ ਸਿੰਘ ਸਿੱਧੂ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਨੁੱਖਤਾ ਤੇ ਕੌਮ ਪੱਖੀ ਕੀਤੇ ਜਾ ਰਹੇ ਉੱਦਮਾਂ ਵਿਚ ਮੋਹਰਲੀਆ ਕਤਾਰਾਂ ਵਿਚ ਰਹਿਕੇ ਸਾਥ ਦਿੰਦੇ ਰਹੇ ਹਨ । ਇਹੀ ਵਜਹ ਹੈ ਕਿ ਖੂਫੀਆ ਏਜੰਸੀਆ ਨੇ ਉਨ੍ਹਾਂ ਨੂੰ ਮੰਦਭਾਵਨਾ ਅਧੀਨ ਨਿਸ਼ਾਨਾਂ ਬਣਾਇਆ ਹੈ । ਅਜਿਹਾ ਦੁੱਖਾਤ ਵਰਤਾਕੇ ਹੁਕਮਰਾਨਾਂ ਨੇ ਸਾਨੂੰ ਇਕ ਵਾਰੀ ਫਿਰ 1984 ਵਾਲਾ ਬਲਿਊ ਸਟਾਰ ਦੀ ਪੀੜ੍ਹਾ ਨੂੰ ਉਜਾਗਰ ਕਰ ਦਿੱਤਾ ਹੈ ।

ਦੂਸਰਾ ਉਨ੍ਹਾਂ ਨੇ ਸ. ਸੁਖਬੀਰ ਸਿੰਘ ਬਾਦਲ ਜੋ ਕੋਟਕਪੂਰੇ ਦੀ ਅਦਾਲਤ ਵਿਚ ਚੱਲ ਰਹੇ ਬੇਅਦਬੀਆ ਦੇ ਕੇਸ ਦੇ ਦੋਸ਼ੀ ਹਨ, ਵੱਲੋ ਬਾਹਰਲੇ ਮੁਲਕ ਦੇ ਦੌਰੇ ਉਤੇ ਜਾਣ ਦੀ ਇਜਾਜਤ ਦੇਣ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਕਿਹਾ ਕਿ ਜਦੋ ਮੈਂ ਵੀ ਇਕ ਐਮ.ਪੀ ਹਾਂ ਅਤੇ ਸ. ਸੁਖਬੀਰ ਸਿੰਘ ਬਾਦਲ ਵੀ ਇਕ ਐਮ.ਪੀ ਹਨ । ਜਦੋ ਕਿਸੇ ਐਮ.ਪੀ ਜਾਂ ਆਗੂ ਨੇ ਬਾਹਰਲੇ ਮੁਲਕ ਦੇ ਦੌਰੇ ਤੇ ਜਾਣਾ ਹੁੰਦਾ ਹੈ ਤਾਂ ਉਸਨੂੰ ਵਿਦੇਸ਼ੀ ਵਿਭਾਗ ਵਿਚ ਆਪਣੇ ਦੌਰੇ ਦੀ ਜਾਣਕਾਰੀ ਦਿੰਦੇ ਹੋਏ ਦਰਖਾਸਤ ਦੇਣੀ ਹੁੰਦੀ ਹੈ । ਮੈਂ ਵੀ ਅਮਰੀਕਾ, ਕੈਨੇਡਾ, ਬਰਤਾਨੀਆ ਮੁਲਕਾਂ ਵਿਚ ਜਾਣ ਦੀ ਇੱਛਾ ਨੂੰ ਲੈਕੇ ਇਜਾਜਤ ਮੰਗੀ ਸੀ ਪਰ ਮੈਨੂੰ ਨਹੀ ਦਿੱਤੀ ਗਈ । ਜਦੋਕਿ ਸੁਖਬੀਰ ਸਿੰਘ ਬਾਦਲ ਜੋ ਕਾਨੂੰਨੀ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਵਾਉਣ, ਸੌਦਾ ਸਾਧ ਨੂੰ ਗੈਰ ਨਿਯਮਾਂ ਅਨੁਸਾਰ ਮੁਆਫ਼ੀ ਦੇਣ ਅਤੇ ਸਿੱਖ ਨੌਜਵਾਨਾਂ ਦਾ ਕਤਲ ਕਰਨ ਦਾ ਦੋਸ਼ੀ ਹੈ, ਉਸਨੂੰ ਬਾਹਰ ਜਾਣ ਦੀ ਇਜਾਜਤ ਕਿਉਂ ਦਿੱਤੀ ਗਈ ਹੈ ? ਜਦੋਕਿ ਵਿਧਾਨ ਦੀ ਧਾਰਾ 14 ਸਭ ਨੂੰ ਬਰਾਬਰਤਾ ਦੇ ਹੱਕ ਅਧਿਕਾਰ ਪ੍ਰਦਾਨ ਕਰਦੀ ਹੈ ਅਤੇ ਮੈਨੂੰ ਕਿਉਂ ਰੋਕਿਆ ਗਿਆ ? ਇਸੇ ਤਰ੍ਹਾਂ ਰਾਹੁਲ ਗਾਂਧੀ ਨੂੰ ਜੰਮੂ ਕਸ਼ਮੀਰ ਜਾਣ ਦੀ ਇਜਾਜਤ ਦੇ ਦਿੱਤੀ ਗਈ ਅਤੇ ਮੈਨੂੰ ਰੋਕ ਦਿੱਤਾ ਗਿਆ । ਹੁਣ ਵਜ਼ੀਰ ਏ ਆਜਮ ਇੰਡੀਆ ਅਮਰੀਕਾ ਦੇ ਦੌਰੇ ਤੇ ਜਾ ਰਹੇ ਹਨ, ਉਹ ਵੀ ਇਕ ਐਮ.ਪੀ ਹਨ ਅਤੇ ਮੈਂ ਵੀ ਇਕ ਐਮ.ਪੀ ਹਾਂ । ਅਜਿਹਾ ਵਿਤਕਰਾ ਇਕੋ ਵਿਧਾਨ ਤੇ ਇਕ ਕਾਨੂੰਨ ਹੇਠ ਕਿਉਂ ਕੀਤਾ ਜਾ ਰਿਹਾ ਹੈ ?

Leave a Reply

Your email address will not be published. Required fields are marked *