ਗੁਰੂਘਰ ਰਵੀਦਾਸ ਦਮਦਮਾ ਸਾਹਿਬ ਦੇ ਸੰਜ਼ੀਦਾ ਮੁੱਦੇ ਨੂੰ ਕੋਈ ਵੀ ਧਿਰ, ਭਰਾਮਾਰੂ ਜੰਗ ਵੱਲ ਨਾ ਵਧਾਏ, ਗੁਰੂ ਮਰਿਯਾਦਾ ਅਨੁਸਾਰ ਹੱਲ ਹੋਵੇ : ਮਾਨ

ਫ਼ਤਹਿਗੜ੍ਹ ਸਾਹਿਬ, 17 ਮਈ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹਰ ਤਰ੍ਹਾਂ ਦੇ ਮਨੁੱਖੀ, ਸਮਾਜਿਕ, ਇਖਲਾਕੀ, ਧਾਰਮਿਕ ਆਦਿ ਵੱਖਰੇਵਿਆ ਤੋ ਉਪਰ ਉੱਠਕੇ ਸਮੁੱਚੀ ਮਨੁੱਖਤਾ ਅਤੇ ਇਨਸਾਨੀਅਤ ਦੀ ਪੈਰਵੀ ਕਰਦੇ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਰ ਤਰ੍ਹਾਂ ਦੀ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਆਦਿ ਰੰਗ-ਨਸਲ ਦੇ ਭੇਦ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹੈ । ਸਮੁੱਚੀ ਮਨੁੱਖਤਾ ਨੂੰ ਬਰਾਬਰਤਾ ਦੇ ਆਧਾਰ ਤੇ ਸਹਿਜ, ਸਦਭਾਵਨਾ ਤੇ ਮਿਲਵਰਤਨ ਨਾਲ ਇਸ ਦੁਨਿਆਵੀ ਜਿੰਦਗੀ ਨੂੰ ਵਿਚਰਣ ਦੀ ਹਦਾਇਤ ਕੀਤੀ ਗਈ ਹੈ । ਜੋ ਦਮਦਮਾ ਸਾਹਿਬ ਦੇ ਗੁਰੂਘਰ ਰਵੀਦਾਸ ਦੇ ਮੁੱਦੇ ਉਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਡੇ ਰੰਘਰੇਟੇ ਭਰਾਵਾ ਵਿਚ ਪ੍ਰਬੰਧ ਨੂੰ ਲੈਕੇ ਕੋਈ ਵਿਚਾਰਕ ਮੱਤਭੇਦ ਉੱਠੇ ਹਨ, ਉਹ ਬਿਲਕੁਲ ਵੀ ਨਹੀ ਉੱਠਣੇ ਚਾਹੀਦੇ । ਕਿਉਂਕਿ ਗੁਰੂਘਰ ਵਿਚ ਊਚੀ-ਨੀਵੀ ਜਾਤ ਜਾਂ ਵਰਗ ਲਈ ਕੋਈ ਸਥਾਂਨ ਨਹੀ ਹੈ । ਜੋ ਗੁਰੂ ਮਰਿਯਾਦਾਵਾ ਹਨ, ਉਨ੍ਹਾਂ ਦਾ ਪਾਲਣ ਸਾਡੇ ਰੰਘਰੇਟੇ ਭਰਾਵਾ ਨੂੰ ਵੀ ਕਰਨਾ ਚਾਹੀਦਾ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆ ਤੇ ਪ੍ਰਬੰਧਕਾਂ ਨੂੰ ਵੀ । ਦੋਵਾਂ ਵੱਲੋ ਅਜਿਹੀ ਕੋਈ ਗੱਲ ਜਾਂ ਅਮਲ ਨਹੀ ਹੋਣਾ ਚਾਹੀਦਾ ਜਿਸ ਨਾਲ ਇਸ ਗੁਰੂਘਰ ਦੇ ਮੁੱਦੇ ਉਤੇ ਭਰਾਮਾਰੂ ਜੰਗ ਵਾਲੇ ਹਾਲਾਤ ਪੈਦਾ ਹੋਣ । ਪਹਿਲੋ ਹੀ ਵੱਡੀਆ ਮੁਸਕਿਲਾਂ ਅਤੇ ਗੰਭੀਰ ਮੁੱਦਿਆ ਵਿਚ ਵਿਚਰਣ ਵਾਲੀ ਸਿੱਖ ਕੌਮ ਅਤੇ ਗੁਰੂਘਰਾਂ ਦੇ ਪ੍ਰਬੰਧ ਵਿਚ ਪੈਦਾ ਹੋਈਆ ਮੁਸ਼ਕਿਲਾਂ ਦੀ ਬਦੌਲਤ ਔਖੇ ਸਮੇ ਵਿਚੋ ਗੁਜਰ ਰਹੀ ਸਿੱਖ ਕੌਮ ਨੂੰ ਅਜਿਹੇ ਵਿਵਾਦਿਤ ਮੁੱਦਿਆ ਵਿਚ ਉਲਝਣ ਤੋ ਗੁਰੇਜ ਕਰਨਾ ਚਾਹੀਦਾ ਹੈ ਅਤੇ ਆਪਣੀਆ ਮਰਿਯਾਦਾਵਾ ਅਨੁਸਾਰ ਇਕ ਦੂਸਰੇ ਦਾ ਬਣਦਾ ਸਤਿਕਾਰ ਦੇ ਕੇ ਅਜਿਹੇ ਉੱਠਣ ਵਾਲੇ ਮਸਲਿਆ ਨੂੰ ਫੌਰੀ ਹੱਲ ਕਰਨਾ ਚਾਹੀਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਮਦਮਾ ਸਾਹਿਬ ਵਿਖੇ ਰੰਘਰੇਟੇ ਭਰਾਵਾ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਕਾਰ ਗੁਰਦੁਆਰਾ ਰਵੀਦਾਸ ਦੇ ਪ੍ਰਬੰਧ ਅਤੇ ਸਥਾਂਨ ਨੂੰ ਲੈਕੇ ਇਸ ਨਵੇ ਉੱਠੇ ਮਸਲੇ ਨੂੰ ਫੌਰੀ ਸਹਿਜ ਢੰਗ ਨਾਲ ਹੱਲ ਕਰਨ ਅਤੇ ਭਰਾਮਾਰੂ ਜੰਗ ਤੋ ਦੂਰ ਰਹਿਣ ਦੀ ਦੋਵਾਂ ਧਿਰਾਂ ਨੂੰ ਜੋਰਦਾਰ ਸੰਜੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਹੁਤ ਵਾਰੀ ਇਹ ਦੇਖਣ ਵਿਚ ਆਇਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਅਤੇ ਪ੍ਰਬੰਧਕ ਅਜਿਹੇ ਸਮੇ ਸਹਿਜ ਅਤੇ ਨਿਮਰਤਾ ਤੋ ਕੰਮ ਨਾ ਲੈਕੇ ਹਾਲਾਤਾਂ ਨੂੰ ਵਿਸਫੋਟਕ ਬਣਾ ਦਿੰਦੇ ਹਨ ਅਤੇ ਫਿਰ ਅਜਿਹੇ ਮਸਲੇ ਵੱਡੇ ਮਸਲੇ ਬਣਕੇ ਸਮੁੱਚੀ ਕੌਮ ਨੂੰ ਵੱਡੇ ਇਮਤਿਹਾਨ ਵਿਚ ਪਾ ਦਿੰਦੇ ਹਨ ਅਤੇ ਕਈ ਵਾਰੀ ਸਾਡੇ ਰੰਘਰੇਟੇ ਭਰਾ ਵੀ ਸਿੱਖੀ ਮਰਿਯਾਦਾਵਾ ਦਾ ਪਾਲਣ ਨਾ ਕਰਕੇ ਇਤਿਹਾਸਿਕ ਗੁਰੂਘਰਾਂ ਜਾਂ ਲੋਕਲ ਪ੍ਰਬੰਧਕ ਕਮੇਟੀਆ ਦੇ ਅਜਿਹੇ ਤੁੱਛ ਮੁੱਦਿਆ ਨੂੰ ਭਰਾਮਾਰੂ ਜੰਗ ਵੱਲ ਧਕੇਲਣ ਦਾ ਦੁੱਖਦਾਇਕ ਅਮਲ ਕਰ ਦਿੰਦੇ ਹਨ । ਜਦੋਕਿ ਦੋਵੇ ਧਿਰਾਂ ਨੂੰ ਚਾਹੀਦਾ ਹੈ ਕਿ ਗੁਰੂ ਸਾਹਿਬਾਨ ਵੱਲੋ ਤਹਿਸੁਦਾ ਸਿੱਖੀ ਮਰਿਯਾਦਾਵਾ ਦਾ ਸਹੀ ਢੰਗ ਨਾਲ ਪਾਲਣ ਕਰਦੇ ਹੋਏ ਗੁਰੂਘਰਾਂ ਦੇ ਪ੍ਰਬੰਧਾਂ ਨੂੰ ਆਪਸੀ ਤਾਲਮੇਲ ਸੋਚ ਨਾਲ ਚਲਾਇਆ ਜਾਵੇ । ਜਦੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰੋਕਤ ਗੁਰੂਘਰ ਦੇ ਸੰਬੰਧ ਵਿਚ ਚੱਲ ਰਹੇ ਅਦਾਲਤੀ ਕੇਸ ਵਿਚ ਆਪਣਾ ਕੇਸ ਜਿੱਤ ਚੁੱਕੀ ਹੈ ਤਾਂ ਇਸ ਸਥਾਂਨ ਦੇ ਪ੍ਰਬੰਧ ਨੂੰ ਆਪਣੇ ਅਧੀਨ ਲੈਣ ਲਈ ਕਿਸੇ ਤਰ੍ਹਾਂ ਦੀ ਵੀ ਸਖਤੀ ਜਾਂ ਨਫਰਤ ਦੀ ਵਰਤੋ ਨਹੀ ਹੋਣੀ ਚਾਹੀਦੀ ਸੀ । ਜੋ ਸਾਡੇ ਰੰਘਰੇਟੇ ਭਰਾ ਹਨ, ਜਿਨ੍ਹਾਂ ਦਾ ਸਾਡੀ ਸਿੱਖ ਕੌਮ ਦੇ ਇਤਿਹਾਸ ਵਿਚ ਹਰ ਖੇਤਰ ਵਿਚ ਵੱਡਾ ਕੁਰਬਾਨੀ ਵਾਲਾ ਯੋਗਦਾਨ ਰਿਹਾ ਹੈ ਅਤੇ ਅੱਜ ਵੀ ਇਨ੍ਹਾਂ ਵਰਗਾਂ ਦਾ ਮਹੱਤਵਪੂਰਨ ਭੂਮਿਕਾ ਹੈ, ਫਿਰ ਐਸ.ਜੀ.ਪੀ.ਸੀ ਨੂੰ ਚਾਹੀਦਾ ਹੈ ਕਿ ਦੋਵਾਂ ਧਿਰਾਂ ਦੇ ਸਮਝਦਾਰ ਸਿਆਣੇ ਬੰਦਿਆ ਦੀ ਇਕ 5 ਮੈਬਰੀ ਜਾਂ 11 ਮੈਬਰੀ ਆਪਸੀ ਕਮੇਟੀ ਤਹਿ ਕਰਕੇ ਅਜਿਹੇ ਮਸਲਿਆ ਨੂੰ ਗੱਲਬਾਤ ਰਾਹੀ ਹੱਲ ਕੀਤਾ ਜਾਵੇ । ਜੇਕਰ ਐਸ.ਜੀ.ਪੀ.ਸੀ ਨੇ ਕਿਸੇ ਗੁਰੂਘਰ ਦੇ ਕਾਨੂੰਨੀ ਕੇਸ ਅਨੁਸਾਰ ਪ੍ਰਬੰਧ ਲੈਣਾ ਵੀ ਹੈ ਤਦ ਵੀ ਉਨ੍ਹਾਂ ਦੀ ਸਹਿਮਤੀ ਕਰਕੇ ਕੀਤਾ ਜਾ ਸਕਦਾ ਹੈ ਨਾ ਕਿ ਅਜਿਹੇ ਸਮੇ ਮਾਹੌਲ ਨੂੰ ਤਨਾਅਪੂਰਨ ਬਣਾਕੇ। ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਮਦਮਾ ਸਾਹਿਬ ਦੇ ਗੁਰੂਘਰ ਰਵੀਦਾਸ ਨਾਲ ਸੰਬੰਧਤ ਸਾਡੇ ਰੰਘਰੇਟੇ ਵੀਰ ਤੇ ਪ੍ਰਬੰਧਕ ਇਸ ਮੁੱਦੇ ਨੂੰ ਕਿਸੇ ਤਰ੍ਹਾਂ ਦੀ ਹਵਾ ਨਾ ਦੇ ਕੇ ਆਪਸੀ ਸੂਝਬੂਝ ਰਾਹੀ ਹੱਲ ਕਰ ਲੈਣਗੇ ਅਤੇ ਕੌਮੀ ਸ਼ਕਤੀ ਨੂੰ ਆਪਣੀ ਆਜਾਦੀ ਦੀ ਮੰਜਿਲ ਵਿਚ ਲਗਾਉਣਗੇ ਨਾ ਕਿ ਭਰਾਮਾਰੂ ਜੰਗ ਵਿਚ ।

Leave a Reply

Your email address will not be published. Required fields are marked *