ਸ੍ਰੀ ਸੱਤਿਆਪਾਲ ਮਲਿਕ ਸਾਬਕਾ ਗਵਰਨਰ ਜੰਮੂ-ਕਸ਼ਮੀਰ, ਮੇਘਾਲਿਆ ਨੂੰ ਸੱਚ ਬੋਲਣ ਉਤੇ ਮੋਦੀ ਹਕੂਮਤ ਵੱਲੋ ਨਿਸ਼ਾਨਾਂ ਬਣਾਉਣਾ ਅਤਿ ਸ਼ਰਮਨਾਕ : ਮਾਨ

ਫ਼ਤਹਿਗੜ੍ਹ ਸਾਹਿਬ, 22 ਅਪ੍ਰੈਲ ( ) “ਮੌਜੂਦਾ ਸੈਂਟਰ ਦੀ ਮੋਦੀ ਹਕੂਮਤ ਸੱਚ ਸੁਣਨ ਤੋਂ ਕਤਰਾਉਦੀ ਹੈ ਅਤੇ ਸੱਚ ਬੋਲਣ ਵਾਲਿਆ ਨੂੰ ਮੰਦਭਾਵਨਾ ਅਧੀਨ ਆਪਣੀਆ ਜਾਂਚ ਏਜੰਸੀਆ ਸੀ.ਬੀ.ਆਈ, ਆਈ.ਬੀ, ਰਾਅ, ਐਨ.ਆਈ.ਏ. ਰਾਹੀ ਨਿਸ਼ਾਨਾਂ ਬਣਾਕੇ ਅਜਿਹਾ ਦਹਿਸਤ ਵਾਲਾ ਮਾਹੌਲ ਉਸਾਰਨ ਵਿਚ ਵਿਸਵਾਸ ਰੱਖਦੀ ਹੈ ਜਿਸਦਾ ਜਮਹੂਰੀਅਤ ਪਸ਼ੰਦ ਮੁਲਕ ਵਿਚ, ਇਨਸਾਨੀਅਤ ਕਦਰਾਂ-ਕੀਮਤਾਂ ਵਿਚ ਕੋਈ ਸਥਾਂਨ ਨਹੀ । ਮੋਦੀ ਹਕੂਮਤ ਨੇ ਅਜਿਹਾ ਹੀ ਦ੍ਰਿੜਤਾ ਨਾਲ ਸੱਚ ਬੋਲਣ ਵਾਲੇ, ਸੱਚ ਉਤੇ ਪਹਿਰਾ ਦੇਣ ਵਾਲੇ ਜੰਮੂ ਕਸ਼ਮੀਰ, ਮੇਘਾਲਿਆ, ਬਿਹਾਰ, ਗੋਆ ਆਦਿ ਸੂਬਿਆਂ ਦੇ ਗਵਰਨਰ ਰਹਿ ਚੁੱਕੇ ਸ੍ਰੀ ਸੱਤਿਆਪਾਲ ਮਲਿਕ ਜਿਨ੍ਹਾਂ ਨੇ ਬੀਤੇ ਕੁਝ ਦਿਨ ਪਹਿਲੇ ਪੁਲਵਾਮਾ ਘਟਨਾ ਦੇ ਸੱਚ ਨੂੰ ਜਾਹਰ ਕਰਦੇ ਹੋਏ ਅਫਸੋਸ ਪ੍ਰਗਟ ਕੀਤਾ ਸੀ ਕਿ ਜੇਕਰ ਇੰਡੀਅਨ ਸਰਕਾਰ ਉਸ ਸਮੇ ਫ਼ੌਜੀਆ ਨੂੰ ਇਕ ਥਾ ਤੋ ਦੂਜੀ ਥਾਂ ਜਾਣ ਲਈ ਜਹਾਜ ਮੁਹੱਈਆ ਕਰਵਾ ਦਿੰਦੀ ਤਾਂ ਪੁਲਵਾਮਾ ਦੁਰਘਟਨਾ ਵਿਚ ਵੱਡੀ ਗਿਣਤੀ ਵਿਚ ਮਾਰੇ ਗਏ ਫ਼ੌਜੀਆ ਦੀ ਜਾਨ ਬਚ ਸਕਦੀ ਸੀ, ਦੇ ਸੱਚ ਨੂੰ ਬਰਦਾਸਤ ਨਾ ਕਰਦੇ ਹੋਏ ਅਤੇ ਆਪਣੀਆ ਸਿਆਸੀ ਅਤੇ ਨਿਜਾਮੀ ਕੰਮਜੋਰੀਆ ਨੂੰ ਛੁਪਾਉਣ ਲਈ ਝੂਠ ਨੂੰ ਸੱਚ ਬਣਾਉਣ ਲਈ ਹੀ ਸ੍ਰੀ ਸੱਤਿਆਪਾਲ ਮਲਿਕ ਨੂੰ ਸੀ.ਬੀ.ਆਈ ਰਾਹੀ ਨਿਸ਼ਾਨਾਂ ਬਣਾਇਆ ਗਿਆ ਹੈ । ਜੋ ਇਕ ਹਾਰੇ ਹੋਏ ਜੁਆਰੀਏ ਦੀ ਤਰ੍ਹਾਂ ਗੀਟੀਆ ਖਿਡਾਉਣ ਵਾਲੀ ਗੈਰ ਇਖਲਾਕੀ ਕਾਰਵਾਈ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਮੁੱਚੀ ਸਿੱਖ ਕੌਮ ਸ੍ਰੀ ਸੱਤਿਆਪਾਲ ਮਲਿਕ ਵੱਲੋ ਬਿਆਨ ਕੀਤੇ ਗਏ ਸੱਚ ਅਤੇ ਉਨ੍ਹਾਂ ਦੀ ਦ੍ਰਿੜ ਸਖਸ਼ੀਅਤ ਦੇ ਨਾਲ ਖੜ੍ਹੀ ਹੈ ਅਤੇ ਹਰ ਤਰ੍ਹਾਂ ਸਾਥ ਦੇਵੇਗੀ । ਲੇਕਿਨ ਇਨ੍ਹਾਂ ਗੈਰ ਸਿਧਾਤਿਕ, ਮਨੁੱਖਤਾ ਵਿਰੋਧੀ, ਸਿਆਸੀ ਸਵਾਰਥਾਂ ਦੀ ਪੂਰਤੀ ਲਈ ਇੰਡੀਆ ਦੇ ਵੱਖ-ਵੱਖ ਹਿੱਸਿਆ ਵਿਚ ਸਾਜਸੀ ਢੰਗਾਂ ਨਾਲ ਨਫ਼ਰਤ ਪੈਦਾ ਕਰਨ ਵਾਲਿਆ ਅਤੇ ਆਪਣੇ ਹੀ ਲੋਕਾਂ ਉਤੇ ਆਪਣੀਆ ਹੀ ਫੋਰਸਾਂ ਰਾਹੀ ਜ਼ਬਰ ਜੁਲਮ ਢਾਹੁਣ ਵਾਲਿਆ ਅੱਗੇ ਕਿਸੇ ਤਰ੍ਹਾਂ ਵੀ ਈਨ ਨਾ ਮੰਨਣ ਦੀ ਗੱਲ ਕੀਤੀ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੱਚ ਉਤੇ ਪਹਿਰਾ ਦੇਣ ਵਾਲੀ, ਬੀਜੇਪੀ ਪਾਰਟੀ ਦੇ ਕਈ ਸੂਬਿਆਂ ਵਿਚ ਰਹਿ ਚੁੱਕੇ ਸ੍ਰੀ ਸੱਤਿਆਪਾਲ ਮਲਿਕ ਦੀ ਸਖਸ਼ੀਅਤ ਨੂੰ ਮੋਦੀ ਹਕੂਮਤ ਵੱਲੋ ਬਦਲੇ ਦੀ ਭਾਵਨਾ ਅਧੀਨ ਅਤੇ ਮੁਲਕ ਨਿਵਾਸੀਆ ਅੱਗੇ ਸੱਚ ਨੂੰ ਉਜਾਗਰ ਹੋਣ ਤੋ ਛੁਪਾਉਣ ਲਈ ਸੀ.ਬੀ.ਆਈ. ਰਾਹੀ ਦਬਾਉਣ ਦੀਆਂ ਅਤਿ ਸ਼ਰਮਨਾਕ ਕਾਰਵਾਈਆ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਸ੍ਰੀ ਸੱਤਿਆਪਾਲ ਮਲਿਕ ਦੀ ਸੱਚ ਦੀ ਆਵਾਜ ਨਾਲ ਦ੍ਰਿੜਤਾ ਨਾਲ ਖੜ੍ਹਨ ਅਤੇ ਸਾਥ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮੋਦੀ-ਸ਼ਾਹ ਹਕੂਮਤ ਕੱਟੜਵਾਦੀ ਸੋਚ ਅਧੀਨ ਇਥੇ ਇਨਸਾਫ਼ ਤੇ ਸੱਚ-ਹੱਕ ਦੀ ਗੱਲ ਕਰਨ ਵਾਲੀਆ ਸਖਸ਼ੀਅਤਾਂ ਅਤੇ ਸੰਗਠਨਾਂ ਵਿਰੁੱਧ ਕਾਰਵਾਈਆ ਕਰਨ ਲਈ ਕੇਵਲ ਹਕੂਮਤੀ ਤਾਕਤ ਦੀ ਦੁਰਵਰਤੋ ਨਹੀ ਕਰਦੇ ਆ ਰਹੇ ਬਲਕਿ ਉਨ੍ਹਾਂ ਦੀ ਆਵਾਜ ਨੂੰ ਦਬਾਉਣ ਤੇ ਕੁੱਚਲਣ ਲਈ ਬਹੁਤ ਨੀਵੇ ਪੱਧਰ ਤੱਕ ਜਾ ਕੇ ਆਪਣੀਆ ਜਾਂਚ ਏਜੰਸੀਆ, ਪੁਲਿਸ ਤੇ ਅਰਧ ਸੈਨਿਕ ਬਲਾਂ ਰਾਹੀ ਦਹਿਸਤ ਪੈਦਾ ਕਰਨ ਅਤੇ ਇਥੋ ਦੇ ਮਾਹੌਲ ਨੂੰ ਖੁਦ ਹੀ ਵਿਸਫੋਟਕ ਬਣਾਉਣ ਦੀਆਂ ਬਜਰ ਗੁਸਤਾਖੀਆ ਕਰਦੇ ਆ ਰਹੇ ਹਨ ਜਿਸਦੇ ਨਤੀਜੇ ਕਦੇ ਵੀ ਇਥੋ ਦੀ ਜਮਹੂਰੀਅਤ ਤੇ ਅਮਨ ਚੈਨ ਲਈ ਲਾਹੇਵੰਦ ਨਹੀ ਹੋਣਗੇ ਅਤੇ ਨਾ ਹੀ ਇਨ੍ਹਾਂ ਦੀਆਂ ਅਜਿਹੀਆ ਸ਼ਰਮਨਾਕ ਕਾਰਵਾਈਆ ਸ੍ਰੀ ਸੱਤਿਆਪਾਲ ਮਲਿਕ ਵਰਗੀਆ ਸਖਸੀਅਤਾਂ ਦੀ ਆਵਾਜ ਨੂੰ ਦਬਾਉਣ ਵਿਚ ਕਾਮਯਾਬ ਹੋ ਸਕਣਗੇ । ਸ. ਮਾਨ ਨੇ ਮੁਲਕ ਵਿਚ ਵੱਸਣ ਵਾਲੇ ਉਨ੍ਹਾਂ ਇਨਸਾਫ਼ ਪਸੰਦ, ਇਥੇ ਅਮਨ ਚੈਨ ਅਤੇ ਜਮਹੂਰੀਅਤ ਨੂੰ ਸਥਾਈ ਤੌਰ ਤੇ ਕਾਇਮ ਰੱਖਣ ਵਾਲੇ ਵਰਗਾਂ ਤੇ ਆਗੂਆ ਨੂੰ ਸੰਜੀਦਗੀ ਭਰੀ ਅਪੀਲ ਕਰਦੇ ਹੋਏ ਕਿਹਾ ਕਿ ਜਦੋ ਜਾਬਰ ਤੇ ਜਾਲਮ ਆਪਣੀ ਹਰ ਤਰ੍ਹਾਂ ਦੀ ਹਾਰ ਵੱਲ ਵੱਧ ਰਿਹਾ ਹੁੰਦਾ ਹੈ, ਤਾਂ ਉਸ ਕੋਲ ਦਲੀਲ ਨਾਲ ਗੱਲ ਕਰਨ ਦੀ ਸ਼ਕਤੀ ਖਤਮ ਹੋ ਜਾਂਦੀ ਹੈ ਅਤੇ ਉਹ ਗੈਰ ਸਮਾਜਿਕ, ਗੈਰ ਕਾਨੂੰਨੀ, ਗੈਰ ਇਖਲਾਕੀ ਕਾਰਵਾਈਆ ਤੇ ਉਤਰ ਆਉਦਾ ਹੈ । ਇਹੀ ਵਜਹ ਹੈ ਕਿ ਮੋਦੀ ਹਕੂਮਤ ਅਜਿਹੇ ਹੱਥਕੰਡੇ ਅਪਣਾਉਣ ਤੇ ਉਤਰ ਆਈ ਹੈ ਜਿਸ ਨਾਲ ਉਹ ਆਪਣੇ ਵਿਰੋਧੀਆ ਅਤੇ ਸੱਚ ਦੀ ਆਵਾਜ ਨੂੰ ਬੁਲੰਦ ਕਰਨ ਵਾਲੀਆ ਸਖਸੀਅਤਾਂ ਨੂੰ ਦਬਾਉਣ । ਪਰ ਉਹ ਇਸ ਵਿਚ ਕਾਮਯਾਬ ਨਹੀ ਹੋਣਗੇ । ਆਉਣ ਵਾਲੇ ਸਮੇ ਵਿਚ ਇਹ ਫਿਰਕੂ ਤੇ ਮੁਤੱਸਵੀ ਲੋਕਾਂ ਦੀ ਹਰ ਖੇਤਰ ਵਿਚ ਅਵੱਸ ਹਾਰ ਹੋਵੇਗੀ ਅਤੇ ਸੱਚ ਦੀ ਫਤਹਿ ਹੋ ਕੇ ਰਹੇਗੀ ।

Leave a Reply

Your email address will not be published. Required fields are marked *