ਬਹੁਗਿਣਤੀ ਨਾਲ ਸੰਬੰਧਤ ਕਾਤਲਾਂ ਦੀਆਂ ਰਿਹਾਈਆ ਅਤੇ ਪੈਰੋਲ, ਘੱਟ ਗਿਣਤੀ ਸਿੱਖ ਕੌਮ ਦੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਨੌਜ਼ਵਾਨਾਂ ਦੀ ਰਿਹਾਈ ਕਿਉਂ ਨਹੀਂ ? : ਮਾਨ

ਫ਼ਤਹਿਗੜ੍ਹ ਸਾਹਿਬ, 21 ਅਪ੍ਰੈਲ ( ) “ਇਸ ਮੁਲਕ ਦੇ ਹੁਕਮਰਾਨ, ਅਦਾਲਤਾਂ ਵੱਲੋਂ ਕਿਸ ਤਰ੍ਹਾਂ ਪੱਖਪਾਤੀ ਅਮਲ ਕੀਤੇ ਜਾ ਰਹੇ ਹਨ, ਉਹ ਇਸ ਗੱਲ ਤੋਂ ਪ੍ਰਤੱਖ ਹੋ ਜਾਂਦੇ ਹਨ ਕਿ ਮੁਸਲਿਮ ਬੀਬੀ ਬਿਲਕਿਸ ਬਾਨੋ ਦੇ ਕਾਤਲਾਂ ਨੂੰ 3-3 ਸਾਲਾਂ ਦੀਆਂ ਪੈਰੋਲਾਂ ਵੀ ਦਿੱਤੀਆ ਗਈਆ ਹਨ ਅਤੇ ਉਨ੍ਹਾਂ ਨੂੰ 15 ਅਗਸਤ ਦੇ ਦਿਹਾੜੇ ਤੇ ਰਿਹਾਅ ਕਰਨ ਦੇ ਹੁਕਮ ਵੀ ਕਰ ਦਿੱਤੇ ਹਨ । ਕਿਉਂਕਿ ਇਹ ਕਾਤਲ ਅਤੇ ਬਲਾਤਕਾਰੀ ਬਹੁਗਿਣਤੀ ਹਿੰਦੂ ਕੌਮ ਨਾਲ ਸੰਬੰਧਤ ਹਨ । ਇਸੇ ਤਰ੍ਹਾਂ ਸਿਰਸੇਵਾਲੇ ਬਲਾਤਕਾਰੀ ਤੇ ਕਾਤਲ ਸਾਧ ਜਿਸ ਉਤੇ ਸੰਗੀਨ ਜੁਰਮ ਹਨ ਅਤੇ ਅਦਾਲਤ ਵੱਲੋ ਸਜ਼ਾ ਐਲਾਨੀ ਹੋਈ ਹੈ, ਉਸਨੂੰ ਇਹ ਹੁਕਮਰਾਨ ਤੇ ਅਦਾਲਤਾਂ ਪੈਰੋਲ ਵੀ ਦੇ ਦਿੰਦੀਆ ਹਨ ਅਤੇ ਇਸ ਦੌਰਾਨ ਕਾਨੂੰਨ ਦੀ ਨਜਰ ਵਿਚ ਦੋਸ਼ੀ ਹੋਣ ਦੇ ਬਾਵਜੂਦ, ਉਸਨੂੰ ਆਪਣੇ ਧਾਰਮਿਕ ਪ੍ਰੋਗਰਾਮਾਂ ਵਿਚ ਹਾਜਰ ਹੋ ਕੇ ਤਕਰੀਰਾਂ ਕਰਨ ਦੀ ਖੁੱਲ੍ਹ ਵੀ ਦੇ ਦਿੱਤੀ ਜਾਂਦੀ ਹੈ । ਲੇਕਿਨ ਜੋ ਸਿੱਖ ਨੌਜਵਾਨੀ ਆਪਣੀਆ ਸਜਾਵਾਂ ਤੋ ਵੱਧ 5-5, 7-7 ਸਾਲ ਸਜਾਵਾਂ ਪੂਰੀਆਂ ਕਰ ਚੁੱਕੇ ਹਨ ਉਨ੍ਹਾਂ ਨੂੰ ਨਾ ਤਾਂ ਪੈਰੋਲ ਤੇ ਭੇਜਿਆ ਜਾਂਦਾ ਹੈ ਅਤੇ ਨਾ ਹੀ ਕਾਨੂੰਨ ਅਨੁਸਾਰ ਰਿਹਾਅ ਕਰਨ ਦੇ ਹੁਕਮ ਕੀਤੇ ਜਾਂਦੇ ਹਨ । ਬਲਕਿ ਜ਼ਬਰੀ ਬੰਦੀ ਬਣਾਕੇ ਰੱਖਿਆ ਹੋਇਆ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਸ ਇੰਡੀਆ ਮੁਲਕ ਦੇ ਪੱਖਪਾਤੀ ਨਿਜਾਮੀ ਪ੍ਰਬੰਧ ਦੀਆਂ ਵੱਡੀਆ ਖਾਮੀਆ ਉਤੇ ਜੋਰਦਾਰ ਰੋਹ ਪ੍ਰਗਟਾਉਦੇ ਹੋਏ ਅਤੇ ਹੁਕਮਰਾਨਾਂ ਵੱਲੋ ਘੱਟ ਗਿਣਤੀ ਸਿੱਖ ਕੌਮ ਨਾਲ ਮੰਦਭਾਵਨਾ ਅਧੀਨ ਅੱਜ ਵੀ ਵਿਤਕਰੇ ਅਤੇ ਜ਼ਬਰ ਜੁਲਮ ਕਰਨ ਦੇ ਅਮਲਾਂ ਨੂੰ ਅਤਿ ਸ਼ਰਮਨਾਕ ਅਤੇ ਵਿਧਾਨ ਦੀ ਧਾਰਾ 14 ਦੀ ਤੋਹੀਨ ਕਰਨ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਵਿਧਾਨਿਕ ਲੀਹਾਂ ਉਤੇ ਆਵਾਜ ਉਠਾਉਦੇ ਹੋਏ ਕਿਹਾ ਕਿ ਪੰਜਾਬ ਦੀ ਸਿੱਖ ਨੌਜਵਾਨੀ ਨੂੰ ਮੰਦਭਾਵਨਾ ਅਧੀਨ ਨਿਸ਼ਾਨਾਂ ਬਣਾਉਦੇ ਹੋਏ ਉਨ੍ਹਾਂ ਉਤੇ ਐਨ.ਐਸ.ਏ. ਵਰਗੇ ਕਾਲੇ ਕਾਨੂੰਨ ਵੀ ਧੋਪੇ ਜਾ ਰਹੇ ਹਨ ਅਤੇ ਦੂਸਰਾ ਉਨ੍ਹਾਂ ਨੂੰ ਆਪਣੇ ਪਿੱਤਰੀ ਸੂਬੇ ਪੰਜਾਬ ਦੀਆਂ ਜੇਲ੍ਹਾਂ ਵਿਚ ਰੱਖਣ ਦੀ ਬਜਾਇ ਅਸਾਮ ਡਿਬੜੂਗੜ੍ਹ ਦੀਆਂ ਜੇਲ੍ਹਾਂ ਵਿਚ ਭੇਜਕੇ, ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਨੂੰ ਨਾ ਮਿਲਣ ਦੇਣ, ਉਨ੍ਹਾਂ ਨੂੰ ਵਕੀਲ ਨਾ ਕਰਨ ਦੇਣ ਆਦਿ ਦੇ ਵਿਧਾਨਿਕ ਹੱਕਾਂ ਤੋ ਵਾਂਝੇ ਕਰਕੇ ਮਾਨਸਿਕ ਅਤੇ ਸਰੀਰਕ ਤਸੱਦਦ ਕੀਤਾ ਜਾ ਰਿਹਾ ਹੈ । ਜੋ ਘੱਟ ਗਿਣਤੀ ਕੌਮਾਂ ਨਾਲ ਵੱਡਾ ਵਿਤਕਰਾ ਤੇ ਜੁਲਮ ਹੋ ਰਿਹਾ ਹੈ । ਉਨ੍ਹਾਂ ਇੰਡੀਆ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਜਨਤਕ ਤੌਰ ਤੇ ਪੁੱਛਦੇ ਹੋਏ ਕਿਹਾ ਕਿ ਜੋ ਨਿੱਤ ਦਿਹਾੜੇ ਕਾਨੂੰਨੀ ਵਿਵਸਥਾਂ, ਅਮਨ-ਚੈਨ ਅਤੇ ਜਮਹੂਰੀਅਤ ਨੂੰ ਕਾਇਮ ਰੱਖਣ ਦਾ ਝੂਠਾਂ ਰੌਲਾ ਪਾ ਕੇ ਸਿੱਖ ਨੌਜਵਾਨੀ ਉਤੇ ਤਸੱਦਦ ਢਾਹ ਰਹੇ ਹਨ, ਉਹ ਅਜਿਹੇ ਗੈਰ ਵਿਧਾਨਿਕ ਅਮਲ ਕਰਕੇ ਕਿਹੜੀ ਜਮਹੂਰੀਅਤ ਅਤੇ ਕਿਹੜੇ ਅਮਨ ਚੈਨ ਨੂੰ ਕਾਇਮ ਕਰਨ ਵਿਚ ਯੋਗਦਾਨ ਪਾ ਰਹੇ ਹਨ ? ਜਦੋਕਿ ਸਿੱਖ ਕੌਮ ਨੇ ਇਸ ਮੁਲਕ ਦੀ ਆਜਾਦੀ ਦੀ ਲੜਾਈ ਵਿਚ 90% ਕੁਰਬਾਨੀਆ ਤੇ ਸ਼ਹਾਦਤਾਂ ਦੇ ਕੇ ਮੋਹਰੀ ਭੂਮਿਕਾ ਨਿਭਾਈ ਹੈ, ਫਿਰ ਹੁਕਮਰਾਨਾਂ ਵੱਲੋ ਸਿੱਖ ਕੌਮ ਨੂੰ ਜ਼ਲੀਲ ਕਿਉਂ ਕੀਤਾ ਜਾ ਰਿਹਾ ਹੈ ? ਸਿੱਖ ਕੌਮ ਇਸਦਾ ਜੁਆਬ ਚਾਹੁੰਦੀ ਹੈ ।

Leave a Reply

Your email address will not be published. Required fields are marked *