ਇੰਡੀਆ ਵੱਲੋਂ ਰੂਸ ਅਤੇ ਚੀਨ ਨਾਲ ਤਾਂ ਘਾਟੇ ਦਾ ਵਪਾਰ ਜਾਰੀ ਹੈ, ਲੇਕਿਨ ਪੰਜਾਬੀਆਂ ਅਤੇ ਸਿੱਖਾਂ ਦੀ ਮਾਲੀ ਹਾਲਤ ਸਹੀ ਕਰਨ ਲਈ ਸਰਹੱਦਾਂ ਨਾ ਖੋਲਣਾ ਅਫਸੋਸਨਾਕ : ਮਾਨ

ਫ਼ਤਹਿਗੜ੍ਹ ਸਾਹਿਬ, 21 ਅਪ੍ਰੈਲ ( ) “ਇੰਡੀਆ ਦੇ ਹੁਕਮਰਾਨ ਰੂਸ ਨਾਲ ਖੁੱਲ੍ਹਾ ਵਪਾਰ ਕਰ ਰਹੇ ਹਨ ਜਿਸ ਵਿਚ ਰੂਸ ਤੋਂ ਵਸਤਾਂ ਮੰਗਵਾਈਆ ਤਾਂ ਜਾ ਰਹੀਆ ਹਨ ਲੇਕਿਨ ਇਥੋ ਕੁਝ ਨਹੀ ਭੇਜਿਆ ਜਾ ਰਿਹਾ । ਇਹ ਵਪਾਰ 46.33 ਬਿਲੀਅਨ ਘਾਟੇ ਵਿਚ ਜਾ ਰਿਹਾ ਹੈ । ਫਿਰ ਵੀ ਇਹ ਵਪਾਰ ਚੱਲ ਰਿਹਾ ਹੈ । ਇਸੇ ਤਰ੍ਹਾਂ ਚੀਨ ਦੇ ਨਾਲ ਵੀ ਇੰਡੀਆ ਦਾ ਵਪਾਰ ਚੱਲ ਰਿਹਾ ਹੈ । ਉਨ੍ਹਾਂ ਦੇ ਵਪਾਰ ਦਾ ਬਜਟ 1 ਬਿਲੀਅਨ ਘਾਟੇ ਵਿਚ ਜਾ ਰਿਹਾ ਹੈ । ਫਿਰ ਵੀ ਵਪਾਰ ਕੀਤਾ ਜਾ ਰਿਹਾ ਹੈ । ਲੇਕਿਨ ਜਿਸ ਪੰਜਾਬ ਦੀਆਂ ਫਸਲਾਂ ਦੀ ਪੈਦਾਵਾਰ, ਵਪਾਰੀ ਵੱਲੋ ਤਿਆਰ ਕੀਤੀ ਜਾਣ ਵਾਲੀ ਮਸੀਨਰੀ ਅਤੇ ਹੋਰ ਵਸਤਾਂ ਦੀ ਮੁਸਲਿਮ ਮੁਲਕਾਂ ਵਿਚ ਵੱਡੀ ਮੰਗ ਹੈ, ਉਸ ਵਪਾਰ ਨੂੰ ਪ੍ਰਫੁੱਲਿਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਲੰਮੇ ਸਮੇ ਤੋ ਪੰਜਾਬ ਦੀਆਂ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਵਾਹਗਾ, ਹੁਸੈਨੀਵਾਲਾ, ਦੋਰਾਗਲਾ, ਸੁਲੇਮਾਨਕੀ ਆਦਿ ਨੂੰ ਖੋਲ੍ਹਣ ਦੀ ਮੰਗ ਹੋਣ ਦੇ ਬਾਵਜੂਦ ਵੀ ਇਸ ਕੌਮਾਂਤਰੀ ਵਪਾਰ ਨੂੰ ਨਹੀ ਵਧਾਇਆ ਜਾ ਰਿਹਾ । ਜਦੋਕਿ ਅਜਿਹਾ ਵਪਾਰ ਸੁਰੂ ਹੋਣ ਨਾਲ ਕੇਵਲ ਪੰਜਾਬ ਦਾ ਜਿੰਮੀਦਾਰ, ਮਜਦੂਰ ਹੀ ਨਹੀ ਬਲਕਿ ਵਪਾਰੀ ਵਰਗ ਅਤੇ ਟਰਾਸਪੋਰਟਰ ਵੀ ਮਾਲੀ ਤੌਰ ਤੇ ਮਜਬੂਤ ਹੋਣਗੇ, ਇੰਡੀਆ ਵੀ ਮਾਲੀ ਤੌਰ ਤੇ ਮਜਬੂਤੀ ਵੱਲ ਵੱਧੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੀ ਰੂਸ ਅਤੇ ਚੀਨ ਨਾਲ ਕਰੋੜਾ-ਅਰਬਾਂ ਰੁਪਏ ਦੇ ਘਾਟੇ ਵਪਾਰ ਨੂੰ ਜਾਰੀ ਰੱਖਣ ਅਤੇ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਪੰਜਾਬ ਦੀਆਂ ਸਰਹੱਦਾਂ ਨੂੰ ਵਪਾਰ ਲਈ ਨਾ ਖੋਲਣ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਅਤੇ ਇੰਡੀਆ ਦੀਆਂ ਪੰਜਾਬ ਤੇ ਸਿੱਖ ਕੌਮ ਵਿਰੋਧੀ ਨੀਤੀਆ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 1962 ਦੀ ਜੰਗ ਵਿਚ ਖ਼ਾਲਸਾ ਰਾਜ ਦਰਬਾਰ ਦੇ ਜਿੱਤੇ ਹੋਏ ਲਦਾਖ ਦਾ 39,000 ਸਕੇਅਰ ਵਰਗ ਕਿਲੋਮੀਟਰ ਇਲਾਕਾ ਹੁਕਮਰਾਨਾਂ ਨੇ ਚੀਨ ਦੇ ਸਪੁਰਦ ਕਰ ਦਿੱਤਾ ਸੀ ਜੋ ਅਜੇ ਤੱਕ ਵਾਪਸ ਨਹੀ ਲਿਆ ਗਿਆ । ਇਸੇ ਤਰ੍ਹਾਂ 2020 ਅਤੇ 2022 ਵਿਚ 2000 ਸਕੇਅਰ ਵਰਗ ਕਿਲੋਮੀਟਰ ਹੋਰ ਇਲਾਕਾ ਦੇ ਦਿੱਤਾ ਗਿਆ । ਇਹ ਵੀ ਅਜੇ ਤੱਕ ਵਾਪਸ ਨਹੀ ਲਿਆ ਗਿਆ । ਇਸ ਨਾਂਹਵਾਚਕ ਪੰਜਾਬ ਅਤੇ ਇੰਡੀਆ ਦੀ ਮਾਲੀ ਹਾਲਤ ਨੂੰ ਵੱਡਾ ਨੁਕਸਾਨ ਪਹੁੰਚਾਉਣ ਵਾਲੀ ਵਪਾਰਿਕ ਨੀਤੀ ਨੂੰ ਚਾਲੂ ਰੱਖਣ ਅਤੇ ਪੰਜਾਬੀਆ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਪੰਜਾਬ ਦੀਆਂ ਸਰਹੱਦਾਂ ਨਾ ਖੋਲਣ ਦੀ ਮਾਰੂ ਨੀਤੀ ਸੰਬੰਧੀ ਇੰਡੀਆ ਦੇ ਹੁਕਮਰਾਨਾਂ ਨੂੰ ਕੌਮਾਂਤਰੀ ਕਚਹਿਰੀ ਅਤੇ ਪੰਜਾਬੀਆ ਤੇ ਸਿੱਖ ਕੌਮ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਜੁਆਬ ਮੰਗਿਆ ਹੈ ਕਿ ਉਹ ਸਾਨੂੰ ਦੱਸਣ ਕਿ ਪੰਜਾਬੀਆਂ ਤੇ ਸਿੱਖ ਕੌਮ ਦੀ ਮਾਲੀ ਹਾਲਤ ਚੰਗੇਰੀ ਬਣਾਉਣ ਲਈ ਅਮਲ ਕਿਉਂ ਨਹੀ ਕੀਤੇ ਜਾਂਦੇ ? ਰੂਸ ਅਤੇ ਚੀਨ ਨਾਲ ਕਰੋੜਾਂ-ਅਰਬਾਂ ਰੁਪਏ ਦੇ ਘਾਟੇ ਦੇ ਵਪਾਰ ਨੂੰ ਜਾਰੀ ਕਿਸ ਲਈ ਰੱਖਿਆ ਜਾ ਰਿਹਾ ਹੈ ? ਇਸ ਤੋ ਸਪੱਸਟ ਹੋ ਜਾਂਦਾ ਹੈ ਕਿ ਹੁਕਮਰਾਨ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਪ੍ਰਤੀ ਮੰਦਭਾਵਨਾ ਵੀ ਰੱਖਦੇ ਹਨ ਅਤੇ ਇਸੇ ਸੋਚ ਅਧੀਨ ਨਿਰੰਤਰ ਵਿਤਕਰੇ, ਜ਼ਬਰ ਜੁਲਮ ਕਰਦੇ ਆ ਰਹੇ ਹਨ । ਜਿਸਦੀ ਬਦੌਲਤ ਅੱਜ ਕੌਮਾਂਤਰੀ ਪੱਧਰ ਤੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਉਲੰਘਣ ਦੀ ਆਈ ਰਿਪੋਰਟ ਵਿਚ ਇੰਡੀਆ ਦਾ ਸਮੁੱਚੇ ਮੁਲਕਾਂ ਦੀ ਸੂਚੀ ਵਿਚ ਚੌਥੇ ਨੰਬਰ ਦੇ ਦਾਗੀ ਨਾਮ ਹੈ ਜੋ ਆਪਣੇ ਆਪ ਵਿਚ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨਾਲ ਹਰ ਖੇਤਰ ਵਿਚ ਵਿਤਕਰੇ ਅਤੇ ਜ਼ਬਰ ਜੁਲਮ ਨੂੰ ਦਰਸਾਉਦਾ ਹੈ ।

Leave a Reply

Your email address will not be published. Required fields are marked *