ਸ. ਅਮਰੀਕ ਸਿੰਘ ਤਲਾਣੀਆ ਦੇ ਅਕਾਲ ਚਲਾਣੇ ‘ਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ, ਸੰਸਕਾਰ ਆਉਣ ਵਾਲੇ ਕੱਲ੍ਹ 12 ਤੋਂ 1 ਵਜੇ ਪਿੰਡ ਤਲਾਣੀਆ ਵਿਖੇ ਹੋਵੇਗਾ

ਫ਼ਤਹਿਗੜ੍ਹ ਸਾਹਿਬ, 24 ਜਨਵਰੀ ( ) “ਜਥੇਦਾਰ ਅਮਰੀਕ ਸਿੰਘ ਤਲਾਣੀਆ ਜੋ ਬੀਤੇ ਲੰਮੇ ਸਮੇ ਤੋਂ ਪਾਰਟੀ ਦੀਆਂ ਨੀਤੀਆਂ ਅਤੇ ਸੋਚ ਉਤੇ ਦ੍ਰਿੜਤਾ ਅਤੇ ਦੂਰਅੰਦੇਸ਼ੀ ਨਾਲ ਪਹਿਰਾ ਦਿੰਦੇ ਆ ਰਹੇ ਸਨ, ਪਾਰਟੀ ਵੱਲੋਂ ਉਲੀਕੇ ਜਾਣ ਵਾਲੇ ਹਰ ਪ੍ਰੋਗਰਾਮ ਵਿਚ ਮੋਹਰਲੀਆ ਕਤਾਰਾ ਵਿਚ ਖੜ੍ਹਕੇ ਯੋਗਦਾਨ ਪਾਉਦੇ ਰਹੇ ਹਨ । ਜਿਨ੍ਹਾਂ ਦੇ ਸਿੱਖ ਕੌਮ ਅਤੇ ਪੰਜਾਬ ਸੂਬੇ ਪ੍ਰਤੀ ਬਹੁਤ ਹੀ ਪ੍ਰਪੱਕਤਾ ਵਾਲੇ ਵਿਚਾਰ ਸਨ । ਬੀਤੇ ਦਿਨੀਂ ਜਥੇਦਾਰ ਅਮਰੀਕ ਸਿੰਘ ਮੋਹਾਲੀ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਮੋਰਚੇ ਵਿਚ ਆਪਣਾ ਯੋਗਦਾਨ ਪਾਉਣ ਗਏ ਹੋਏ ਸਨ, ਜਿਥੇ ਕਿ ਉਨ੍ਹਾਂ ਨੂੰ ਥੋੜ੍ਹੀ ਤਕਲੀਫ ਹੋਣ ਤੋ ਬਾਅਦ ਪੀ.ਜੀ.ਆਈ. ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ । ਪਰ ਉਹ ਉਥੇ ਸਾਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਕੇਵਲ ਜਥੇਦਾਰ ਅਮਰੀਕ ਸਿੰਘ ਦੇ ਸਮੁੱਚੇ ਕਾਹਲੋ ਪਰਿਵਾਰ ਨੂੰ ਹੀ ਅਸਹਿ ਤੇ ਅਕਹਿ ਘਾਟਾ ਨਹੀ ਪਿਆ, ਬਲਕਿ ਫ਼ਤਹਿਗੜ੍ਹ ਸਾਹਿਬ ਦੇ ਜਿ਼ਲ੍ਹੇ ਵਿਚ ਵਿਚਰਣ ਵਾਲੇ ਪੰਥਦਰਦੀ ਆਤਮਾਵਾ ਨੂੰ ਵੀ ਗਹਿਰਾ ਸਦਮਾ ਪਹੁੰਚਿਆ ਹੈ । ਸਾਨੂੰ ਇਸ ਦੁੱਖ ਦੀ ਘੜੀ ਵਿਚ ਬਹੁਤ ਹੀ ਵੱਡਾ ਧੱਕਾ ਲੱਗਿਆ ਹੈ । ਕਿਉਂਕਿ ਅਜਿਹੀਆ ਸੇਵਾਦਾਰ ਨਿਰਸਵਾਰਥ ਦ੍ਰਿੜ ਇਰਾਦੇ ਵਾਲੀਆ ਸਖਸ਼ੀਅਤਾਂ ਦੀ ਖ਼ਾਲਸਾ ਪੰਥ ਨੂੰ ਹਮੇਸ਼ਾਂ ਲੋੜ ਰਹਿੰਦੀ ਹੈ । ਅਸੀ ਇਸ ਦੁੱਖ ਦੀ ਘੜੀ ਵਿਚ ਸਮੁੱਚੇ ਕਾਹਲੋ ਪਰਿਵਾਰ ਦੇ ਸਦਮੇ ਵਿਚ ਸਮੂਲੀਅਤ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਵਿਛੜੀ ਨੇਕ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ । ਉਥੇ ਸਮੁੱਚੇ ਕਾਹਲੋ ਪਰਿਵਾਰ, ਇਲਾਕਾ ਨਿਵਾਸੀਆ ਤੇ ਪੰਥਦਰਦੀਆਂ ਨੂੰ ਭਾਣੇ ਵਿਚ ਰਹਿਣ ਦੀ ਸ਼ਕਤੀ ਦੀ ਬਖਸਿ਼ਸ਼ ਕਰਨ ਲਈ ਅਰਜੋਈ ਵੀ ਕਰਦੇ ਹਾਂ ।”

ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸੀਨੀਅਰ ਲੀਡਰਸਿ਼ਪ ਜਿਨ੍ਹਾਂ ਵਿਚ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਜਸਕਰਨ ਸਿੰਘ ਕਾਹਨਸਿੰਘਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ ਸਾਰੇ ਜਰਨਲ ਸਕੱਤਰ, ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਗੋਬਿੰਦ ਸਿੰਘ ਸੰਧੂ ਜਥੇਬੰਧਕ ਸਕੱਤਰ, ਗੁਰਜੰਟ ਸਿੰਘ ਕੱਟੂ ਵਿਸੇਸ ਸਕੱਤਰ, ਲਖਵੀਰ ਸਿੰਘ ਮਹੇਸ਼ਪੁਰੀਆ ਦਫਤਰ ਸਕੱਤਰ, ਰਣਦੀਪ ਸਿੰਘ ਪੀ.ਏ, ਲਲਿਤ ਮੋਹਨ ਸਿੰਘ ਸਕੱਤਰ, ਹਿੰਮਤ ਸਿੰਘ ਆਦਿ ਆਗੂਆ ਨੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਸਮੂਹਿਕ ਤੌਰ ਤੇ ਅਰਦਾਸ ਕੀਤੀ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜਥੇਦਾਰ ਅਮਰੀਕ ਸਿੰਘ ਦੇ ਦੋਵੇ ਸਪੂਤ ਸ. ਸੁਖਵੰਤ ਸਿੰਘ ਅਤੇ ਸ. ਬਲਜਿੰਦਰ ਸਿੰਘ ਵੀ ਲੰਮੇ ਸਮੇ ਤੋ ਪਾਰਟੀ ਨੂੰ ਨਿਰੰਤਰ ਆਪਣੀਆ ਸੇਵਾਵਾ ਦਿੰਦੇ ਆ ਰਹੇ ਹਨ । ਇਨ੍ਹਾਂ ਦੀ ਮ੍ਰਿਤਕ ਦੇਹ ਦਾ ਸੰਸਕਾਰ ਆਉਣ ਵਾਲੇ ਕੱਲ੍ਹ ਮਿਤੀ 25 ਜਨਵਰੀ ਨੂੰ ਪਿੰਡ ਤਲਾਣੀਆ ਵਿਖੇ 12 ਤੋਂ 1 ਵਜੇ ਤੱਕ ਹੋਵੇਗਾ । ਸਭਨਾਂ ਪੰਥਦਰਦੀਆਂ ਨੂੰ ਸੰਸਕਾਰ ਸਮੇਂ ਹੋਣ ਵਾਲੀ ਅਰਦਾਸ ਵਿਚ ਸਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ ।

Leave a Reply

Your email address will not be published. Required fields are marked *