ਵਿਧਾਨ ਸਭਾ ਹਲਕਾ ਅਮਰਗੜ੍ਹ, ਧੂਰੀ, ਮਲੇਰਕੋਟਲਾ ਅਤੇ ਮਹਿਲ ਕਲਾ ਦੇ ਨਿਵਾਸੀਆਂ ਲਈ ਸਿੰਚਾਈ ਦੇ ਪਾਣੀ ਦਾ ਉਚੇਚਾ ਪ੍ਰਬੰਧ ਹੋਵੇ:ਮਾਨ

ਫਤਿਹਗੜ੍ਹ ਸਾਹਿਬ 23 ਜਨਵਰੀ( ) ਹਰਿਆਣਾ,ਰਾਜਸਥਾਨ ਅਤੇ ਦਿੱਲੀ ਨੂੰ ਪੰਜਾਬ ਦੇ ਤਿੰਨ ਦਰਿਆਵਾਂ ਰਾਵੀ, ਸਤਲੁਜ ਅਤੇ ਬਿਆਸ ਦੇ ਨਾਲ-ਨਾਲ ਜਮਨਾ ਦਾ ਪਾਣੀ ਵੀ ਮਿਲ ਰਿਹਾ ਹੈ। ਪਰ ਸੰਗਰੂਰ ਐਮ.ਪੀ ਹਲਕੇ ਦੇ ਉਪਰੋਕਤ ਚਾਰ ਵਿਧਾਨ ਹਲਕਿਆਂ ਅਮਰਗੜ੍ਹ, ਧੂਰੀ, ਮਲੇਰਕੋਟਲਾ ਅਤੇ ਮਹਿਲ ਕਲਾ ਦੇ ਨਿਵਾਸੀ ਕਿਸਾਨਾਂ ਨੂੰ ਆਪਣੀਆਂ ਫਸਲਾਂ ਪਾਲਣ ਲਈ ਜ਼ਮੀਨ ਦੇ ਪਾਣੀ ਦੀ ਸਤਹ ਬਹੁਤ ਥੱਲੇ ਜਾਣ ਕਾਰਨ ਬਿਜਲੀ ਬੋਰਡ ਵੱਲੋਂ ਟਿਊਬਵੈਲ ਕੁਨੈਕਸ਼ਨ ਵੀ ਨਹੀਂ ਦਿੱਤੇ ਜਾ ਰਹੇ ਅਤੇ ਨਾ ਹੀ ਇਹਨਾਂ ਹਲਕਿਆਂ ਦੀ ਫਸਲਾਂ ਲਈ ਨਹਿਰੀ ਪਾਣੀ ਦੀ ਲੌਂੜੀਦੀ ਮਾਤਰਾ ਵਿਚ ਪਾਣੀ ਮਿਲ ਰਿਹਾ ਹੈ। ਜਦੋਂ ਕਿ ਉਪਰੋਕਤ ਚਾਰੇ ਵਿਧਾਨ ਸਭਾ ਹਲਕੇ ਪੰਜਾਬ ਦੇ ਮੁੱਖ ਮੰਤਰੀ ਦੇ ਇਲਾਕੇ ਦੇ ਹਲਕੇ ਹਨ ਅਤੇ ਇਹ ਇਲਾਕਾ ਬਤੌਰ ਐਮ.ਪੀ ਮੇਰਾ ਵੀ ਹੈ। ਇਸ ਲਈ ਇਸ ਇਲਾਕੇ ਦੇ ਜ਼ਿੰਮੀਦਾਰਾਂ ਦੀਆ ਫਸਲਾਂ ਦੀ ਸਹੀ ਪਾਲਣਾ ਲਈ ਨਹਿਰੀ ਵਿਭਾਗ ਨੂੰ ਸੁਚੱਜੇ ਤੌਰ ਤੇ ਹਦਾਇਤ ਕਰਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਕੋਈ ਹਾਂ ਪੱਖੀ ਉੱਦਮ ਜ਼ਰੂਰ ਕਰਨਾ ਬਣਦਾ ਹੈ, ਤਾਂ ਕਿ ਇਸ ਇਲਾਕੇ ਦੇ ਜ਼ਿੰਮੀਦਾਰਾਂ ਨੂੰ ਆਪਣੀ ਫਸਲਾਂ ਲਈ ਲੌਂੜੀਦਾ ਪਾਣੀ ਮਿਲਦਾ ਰਹੇ।

ਇਹ ਵਿਚਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਐਮ.ਪੀ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਉਪਰੋਕਤ ਚਾਰੇ ਵਿਧਾਨ ਸਭਾ ਹਲਕਿਆਂ ਦੇ ਜਿੰਮੀਦਾਰਾਂ ਦੀ ਵੱਡੀ ਮੁਸ਼ਕਿਲ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਸ ਗੰਭੀਰ ਵਿਸ਼ੇ ਵੱਲ ਧਿਆਨ ਦੇਣ ਅਤੇ ਅਮਲੀ ਰੂਪ ਵਿਚ ਕੁਝ ਉਦਮ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਇਸ ਇਲਾਕੇ ਵਿਚ ਜਿੱਥੇ ਜ਼ਮੀਨੀ ਪਾਣੀ ਦੀ ਸਤਹ ਬਹੁਤ ਥੱਲੇ ਚਲੀ ਗਈ ਹੈ, ਉਥੇ ਜ਼ਮੀਨ ਹੇਠਲੇ ਪਾਣੀ ਵਿਚ ਫੈਕਟਰੀਆਂ ਦਾ ਗੰਧਲਾ ਪਾਣੀ ਵੱਡੀ ਮਾਤਰਾ ਵਿਚ ਜ਼ਮੀਨ ਹੇਠ ਦਾਖਲ ਹੋ ਜਾਣ ਕਾਰਨ ਕੈਂਸਰ, ਗੱਲਘੋਟੂ ਅਤੇ ਹੋਰ ਖਤਰਨਾਕ ਬਿਮਾਰੀਆਂ ਦਾ ਇਥੋਂ ਦੇ ਨਿਵਾਸੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਇਹਨਾਂ ਬਿਮਾਰੀਆਂ ਤੋਂ ਨਿਵਾਸੀਆਂ ਨੂੰ ਨਿਜਾਤ ਦਿਵਾਉਣ ਲਈ ਇਹ ਵੀ ਉਦਮ ਕਰਨਾ ਜਰੂਰੀ ਹੈ ਕਿ ਲੋਕਾਂ ਦੀ ਬਿਮਾਰੀਆਂ ਦੇ ਕਾਰਨ ਡਿੱਗ ਰਹੀ ਸਿਹਤ ਦੀ ਰੋਕਥਾਮ ਲਈ ਹਕੂਮਤੀ ਪੱਧਰ ਤੇ ਫੋਰੀ ਕਦਮ ਉਠਾਏ ਜਾਣ। ਜਿਸ ਅਧੀਨ ਇਸ ਇਲਾਕੇ ਦੇ ਨਿਵਾਸੀਆਂ ਦੀ ਸਿਹਤ ਦਾ ਜਾਂਚ ਪੜਤਾਲ ਕਰਨ ਲਈ ਉਚੇਚੇ ਤੌਰ ਤੇ ਡਾਕਟਰਾਂ,ਨਰਸਾਂ ਅਤੇ ਹੋਰ ਟੈਸਟ ਕਰਨ ਵਾਲੀਆਂ ਟੀਮਾਂ ਨੂੰ ਪਿੰਡ ਪੱਧਰ ਤੱਕ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਸ ਇਲਾਕੇ ਦੀ ਸਿੰਚਾਈ ਦੇ ਨਾਲ-ਨਾਲ ਲੋਕਾਂ ਦੀ ਸਿਹਤ ਪੱਧਰ ਨੂੰ ਵੀ ਸਹੀ ਰੱਖਿਆ ਜਾ ਸਕੇ।

Leave a Reply

Your email address will not be published. Required fields are marked *