26 ਜਨਵਰੀ, ਗਣਤੰਤਰ ਦਿਹਾੜੇ ਉਤੇ ਦਿੱਲੀ ਵਿਖੇ ਹੋਣ ਵਾਲੀ ਪ੍ਰੇਡ ਵਿਚ ਪੰਜਾਬ ਦੀ ਝਾਕੀ ਨੂੰ ਸਾਮਿਲ ਕਰਨ ਦੀ ਇਜਾਜਤ ਨਾ ਦੇਣਾ ਫਿਰਕੂ ਨਫਰਤ ਭਰੀ ਸੋਚ ਦਾ ਸਿੱਟਾ : ਮਾਨ

ਫ਼ਤਹਿਗੜ੍ਹ ਸਾਹਿਬ, 24 ਜਨਵਰੀ ( ) “ਜਦੋਂ ਵੀ 15 ਅਗਸਤ ਜਾਂ 26 ਜਨਵਰੀ ਵਾਲੇ ਇੰਡੀਅਨ ਦਿਹਾੜਿਆ ਦੇ ਮੌਕੇ ਉਤੇ ਦਿੱਲੀ ਲਾਲ ਕਿਲ੍ਹਾ ਵਿਖੇ ਸਮਾਗਮ ਕੀਤੇ ਜਾਂਦੇ ਹਨ, ਤਾਂ ਉਸ ਵਿਚ ਵੱਖ-ਵੱਖ ਸੂਬਿਆਂ ਦੇ ਆਪਣੇ ਵਿਰਸੇ-ਵਿਰਾਸਤ, ਸੱਭਿਆਚਾਰ, ਬੋਲੀ, ਪਹਿਰਾਵੇ ਆਦਿ ਨਾਲ ਸੰਬੰਧਤ ਝਾਕੀਆ ਨੂੰ ਵੀ ਇਸ ਪ੍ਰੇਡ ਵਿਚ ਸਾਮਿਲ ਕੀਤਾ ਜਾਂਦਾ ਹੈ । ਇਨ੍ਹਾਂ ਹੋਣ ਵਾਲੀਆ ਪ੍ਰੇਡਾਂ ਤੇ ਸਮਾਗਮਾਂ ਵਿਚ ਅਕਸਰ ਹੀ ਪੰਜਾਬ ਦੀ ਝਾਕੀ ਵਿਸੇਸ ਤੌਰ ਤੇ ਦਾਖਲ ਹੁੰਦੀ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਇਸ ਵਾਰੀ 26 ਜਨਵਰੀ ਦੇ ਦਿਹਾੜੇ ਉਤੇ ਇੰਡੀਆ ਦੇ ਮੁਤੱਸਵੀ ਸੋਚ ਵਾਲੇ ਹੁਕਮਰਾਨਾਂ ਅਤੇ ਜੋ ਕਮੇਟੀ ਇਨ੍ਹਾਂ ਝਾਕੀਆ ਨੂੰ ਸਾਮਿਲ ਕਰਨ ਦੀ ਪ੍ਰਵਾਨਗੀ ਦਿੰਦੀ ਹੈ, ਉਨ੍ਹਾਂ ਦੀ ਪੰਜਾਬ ਸੂਬੇ ਅਤੇ ਸਿੱਖ ਕੌਮ ਪ੍ਰਤੀ ਨਫਰਤ ਵਾਲੀ ਸੋਚ ਦੀ ਬਦੌਲਤ ਸਾਡੇ ਪੰਜਾਬ ਸੂਬੇ ਦੀ ਝਾਕੀ ਨੂੰ ਇਸ ਸਮਾਗਮ ਸਮੇ ਸਾਮਿਲ ਹੋਣ ਦੀ ਇਜਾਜਤ ਨਾ ਦੇਣਾ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ 1947 ਤੋਂ ਹੁੰਦੇ ਆ ਰਹੇ ਵਿਤਕਰੇ, ਬੇਇਨਸਾਫ਼ੀਆਂ ਦੀ ਲੜੀ ਨੂੰ ਹੋਰ ਲੰਮਾ ਕਰਦੀ ਹੈ । ਜਿਸ ਨਾਲ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਵਿਚ ਇਸ ਕਾਰਵਾਈ ਨੂੰ ਲੈਕੇ ਬਹੁਤ ਵੱਡਾ ਰੋਸ ਉਤਪੰਨ ਹੋ ਚੁੱਕਾ ਹੈ । ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਲਈ ਅਸਹਿ ਹੈ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 26 ਜਨਵਰੀ ਨੂੰ ਦਿੱਲੀ ਲਾਲ ਕਿਲ੍ਹੇ ਵਿਖੇ ਹੋਣ ਵਾਲੀ ਪ੍ਰੇਡ ਵਿਚ ਪੰਜਾਬ ਦੀ ਝਲਕ ਨੂੰ ਪ੍ਰਗਟਾਉਦੀ ਝਾਕੀ ਨੂੰ ਸਾਮਿਲ ਕਰਨ ਦੀ ਇਜਾਜਤ ਨਾ ਦੇਣ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਮੁਲਕ ਦੇ ਹੁਕਮਰਾਨਾਂ ਵੱਲੋ ਸਿੱਖ ਕੌਮ ਉਤੇ ਵਿਸਵਾਸ ਨਾ ਕਰਨ ਦੀ ਗੱਲ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਝਾਕੀ ਨੂੰ ਸਾਮਿਲ ਨਾ ਹੋਣ ਦੇਣ ਸੰਬੰਧੀ ਆਪਣੇ ਵਿਚਾਰਾਂ ਤੋ ਜਾਣੂ ਕਰਵਾਉਦੇ ਹੋਏ ਕਿਹਾ ਕਿ ਇੰਡੀਆ ਨੇ ਇਸ ਪ੍ਰੇਡ ਵਿਚ ਮਿਸਰ ਦੇ ਪ੍ਰੈਜੀਡੈਟ ਅਬਦਲ ਫਤਾ ਐਲ ਸੀਸੀ ਨੂੰ ਬਤੌਰ ਮੁੱਖ ਮਹਿਮਾਨ ਵੱਜੋ ਸਾਮਿਲ ਹੋਣ ਦਾ ਸੱਦਾ ਦਿੱਤਾ ਹੈ । ਉਸਦੀ ਸੁਰੱਖਿਆ ਨੂੰ ਲੈਕੇ ਅਤੇ ਸਰਬੱਤ ਦਾ ਭਲਾ ਲੌੜਨ ਵਾਲੀ ਇੰਡੀਆ ਦੀਆਂ ਸਰਹੱਦਾਂ ਅਤੇ ਹੋਰ ਵੱਡੇ ਉੱਦਮਾਂ ਵਿਚ ਆਪਣੀਆ ਸ਼ਹਾਦਤਾਂ, ਕੁਰਬਾਨੀਆਂ ਤੇ ਯੋਗਦਾਨ ਪਾਉਣ ਵਾਲੀ ਸਿੱਖ ਕੌਮ ਨਾਲ ਸੰਬੰਧਤ ਪੰਜਾਬ ਸੂਬੇ ਦੀ ਝਾਕੀ ਨੂੰ ਸਾਮਿਲ ਨਹੀ ਕੀਤਾ। ਕਿਉਂਕਿ ਪਹਿਲੀਆ ਇੰਡੀਆ ਦੀਆਂ ਸਰਕਾਰਾਂ ਅਤੇ ਅਜੋਕੀ ਬੀਜੇਪੀ-ਆਰ.ਐਸ.ਐਸ ਸਰਕਾਰ ਬਿਨ੍ਹਾਂ ਵਜਹ ਸਿੱਖ ਕੌਮ ਉਤੇ ਸੱਕ ਕਰਦੀਆ ਹਨ ਜਦੋਕਿ ਕੋਈ ਵੀ ਵੱਡਾ ਕਾਰਜ ਜਾਂ ਕੁਰਬਾਨੀ ਵਾਲਾ ਉੱਦਮ ਸਿੱਖ ਕੌਮ ਦੀ ਸਮੂਲੀਅਤ ਤੋ ਬਿਨ੍ਹਾਂ ਅੱਜ ਤੱਕ ਨਹੀ ਹੋਇਆ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ 06 ਅਕਤੂਬਰ 1981 ਨੂੰ ਮਿਸਰ ਵਿਚ ਹੋਣ ਵਾਲੀ ਜਿੱਤ ਵਾਲੀ ਪ੍ਰੇਡ ਜੋ ਕੈਇਰਓ ਵਿਖੇ ਮਨਾਈ ਗਈ ਸੀ, ਉਸ ਵਿਚ ਮਿਸਰ ਦੇ ਪ੍ਰੈਜੀਡੈਟ ਅਨਵਰ ਸਾਦਿਤ ਆਪਣੇ 8 ਸੁਰੱਖਿਆ ਗਾਰਡਾਂ ਅਤੇ ਬਹੁਤ ਭਰੋਸੇਯੋਗ ਵਿਸਵਾਸਪਾਤਰਾਂ ਦੇ ਨਾਲ ਪ੍ਰੇਡ ਵਿਚ ਸਾਮਿਲ ਹੋਏ ਸਨ ਅਤੇ ਇਕ ਸਾਜਿਸ ਤਹਿਤ ਉਨ੍ਹਾਂ ਦਾ ਕਤਲ ਹੋ ਗਿਆ ਸੀ । ਜਿਸਦੀ ਬਦੌਲਤ ਇੰਡੀਆ ਦੇ ਹੁਕਮਰਾਨ ਮਿਸਰ ਦੇ 26 ਜਨਵਰੀ ਨੂੰ ਇੰਡੀਆ ਪਹੁੰਚ ਰਹੇ ਪ੍ਰੈਜੀਡੈਟ ਅਬਦਲ ਫਤਾ ਐਲ ਸੀਸੀ ਦੀ ਸੁਰੱਖਿਆ ਨੂੰ ਲੈਕੇ ਪੰਜਾਬ ਸੂਬੇ ਦੀ ਝਾਕੀ ਨੂੰ ਇਸ ਪ੍ਰੇਡ ਵਿਚੋ ਬਾਹਰ ਕਰ ਦਿੱਤਾ ਹੈ ਜੋ ਕਿ ਸਿੱਖ ਕੌਮ ਦੀ ਵਫਾਦਾਰੀ ਉਤੇ ਹੁਕਮਰਾਨਾਂ ਵੱਲੋ ਸ਼ੱਕ ਕਰਨ ਦੀ ਗਲਤ ਪਿਰਤ ਪਾਈ ਜਾ ਰਹੀ ਹੈ । ਜਦੋਕਿ ਸਿੱਖਾਂ ਨੇ 1947 ਤੋਂ ਲੈਕੇ ਅੱਜ ਤੱਕ ਇਸ ਮੁਲਕ ਦੀ ਸਰਹੱਦਾਂ ਉਤੇ ਸੁਰੱਖਿਆ ਅਤੇ ਅੰਦਰੂਨੀ ਤਰੱਕੀ ਤੇ ਵਿਕਾਸ ਵਿਚ ਯਾਦ ਰੱਖਣਯੋਗ ਹਿੱਸਾ ਪਾਇਆ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਪੰਜਾਬ ਸੂਬੇ ਦੀ ਝਾਕੀ ਨੂੰ 26 ਜਨਵਰੀ ਦੀ ਪ੍ਰੇਡ ਵਿਚੋ ਬਾਹਰ ਕਰਨ ਦੀ ਪ੍ਰਕਿਰਿਆ ਦਾ ਪੁਰਜੋਰ ਸ਼ਬਦਾਂ ਵਿਚ ਖੰਡਨ ਕਰਦਾ ਹੈ ਅਤੇ ਸਿੱਖ ਕੌਮ ਉਤੇ ਕੀਤੇ ਜਾ ਰਹੇ ਸ਼ੱਕ ਦੀ ਵੀ ਨਿਖੇਧੀ ਕਰਦਾ ਹੈ ।

Leave a Reply

Your email address will not be published. Required fields are marked *