ਇਨਸਾਨੀ ਜਿ਼ੰਦਗਾਨੀਆਂ ਦੇ ਅਕਾਲ ਚਲਾਣੇ ਉਪਰੰਤ ਸਸਕਾਰ ਸਮੇਂ ਦੇਸ਼ੀ ਘਿਓ ਅਤੇ ਹੋਰ ਕੀਮਤੀ ਸਮੱਗਰੀ ਆਦਿ ਪਾਉਣ ਦੀ ਸਿੱਖੀ ਮਰਿਯਾਦਾ ਇਜਾਜਤ ਨਹੀ ਦਿੰਦੀ : ਮਾਨ

ਫ਼ਤਹਿਗੜ੍ਹ ਸਾਹਿਬ, 15 ਦਸੰਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮਹਿਸੂਸ ਕਰਦਾ ਹੈ ਕਿ ਜਦੋਂ ਉਸ ਅਕਾਲ ਪੁਰਖ ਵੱਲੋਂ ਬਖਸਿ਼ਸ਼ ਕੀਤੇ ਗਏ ਇਨਸਾਨੀ ਜਿੰਦਗਾਨੀ ਦੇ ਸਵਾਸਾਂ ਦੀ ਪੂੰਜੀ ਖ਼ਤਮ ਹੋ ਜਾਂਦੀ ਹੈ, ਤਾਂ ਲੰਮੇ ਸਮੇ ਤੋਂ ਜਾਣ ਵਾਲੇ ਦੇ ਸੰਸਕਾਰ ਸਮੇਂ ਦੁਨਿਆਵੀ ਤੌਰ ਤੇ ਦੇਸ਼ੀ ਘਿਓ, ਹੋਰ ਕੀਮਤੀ ਸਮੱਗਰੀ ਪਾਈ ਜਾਂਦੀ ਹੈ, ਉਸਦਾ ਉਸ ਅਕਾਲ ਪੁਰਖ ਨੂੰ ਖੁਸ਼ ਕਰਨ ਜਾਂ ਜਾਣ ਵਾਲੇ ਦੀ ਆਤਮਾ ਨੂੰ ਖੁਸ਼ ਕਰਨ ਨਾਲ ਕੋਈ ਰਤੀਭਰ ਵੀ ਸੰਬੰਧ ਨਹੀ ਅਤੇ ਨਾ ਹੀ ਸਾਡੀ ਸਿੱਖੀ ਮਰਿਯਾਦਾਂ ਅਜਿਹਾ ਕਰਨ ਦੀ ਇਜਾਜਤ ਦਿੰਦੀ ਹੈ । ਇਸ ਲਈ ਸਾਨੂੰ ਸਭਨਾਂ ਨੂੰ ਚਾਹੀਦਾ ਹੈ ਕਿ ਜੇਕਰ ਮ੍ਰਿਤਕ ਦੇਹ ਨੂੰ ਅਗਨ ਭੇਂਟ ਕਰਨ ਵਿਚ ਮੁਸ਼ਕਿਲ ਆਉਦੀ ਹੈ ਤਾਂ ਉਥੇ ਕੈਰੋਸਿਨ ਤੇਲ ਆਦਿ ਤਰਲ ਪਦਾਰਥ ਵਰਤੇ ਜਾ ਸਕਦੇ ਹਨ । ਲੇਕਿਨ ਜੋ ਦੇਸੀ ਘਿਓ ਜਾਂ ਹੋਰ ਮਹਿੰਗੀਆ ਵਸਤਾਂ ਉਥੇ ਵਰਤੀਆ ਜਾਂਦੀਆ ਹਨ ਉਨ੍ਹਾਂ ਨੂੰ ਅਜੋਕੇ ਸਮੇ ਦੇ ਵੱਡੀ ਗਿਣਤੀ ਵਿਚ ਹਰ ਸ਼ਹਿਰ-ਪਿੰਡ, ਗਲੀ ਵਿਚ ਵਿਚਰਣ ਵਾਲੇ ਲੋੜਵੰਦਾਂ, ਮਜਲੂਮਾਂ, ਬੇਸਹਾਰਿਆ, ਯਤੀਮਾ ਆਦਿ ਨੂੰ ਵੰਡਕੇ ਉਸ ਅਕਾਲ ਪੁਰਖ ਨੂੰ ਵੀ ਖੁਸ਼ ਕੀਤਾ ਜਾ ਸਕਦਾ ਹੈ ਅਤੇ ਜਾਣ ਵਾਲੇ ਦੀ ਆਤਮਾ ਦੀ ਸ਼ਾਂਤੀ ਲਈ ਉਦਮ ਕੀਤਾ ਜਾ ਸਕਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਸ ਫਾਨੀ ਦੁਨੀਆਂ ਤੋ ਆਪਣੇ-ਆਪਣੇ ਸਮੇਂ ਅਨੁਸਾਰ ਜਾਣ ਵਾਲੇ ਇਨਸਾਨਾਂ ਦੇ ਸਸਕਾਰ ਸਮੇਂ ਦੇਸੀ ਘਿਓ ਅਤੇ ਹੋਰ ਮਹਿੰਗੀਆਂ ਵਸਤਾਂ ਦੀ ਵਰਤੋਂ ਕਰਨ ਦੀ ਚੱਲਦੀ ਆ ਰਹੀ ਪਿਰਤ ਨੂੰ ਅਜੋਕੇ ਸਮੇ ਦੇ ਹਾਲਾਤਾਂ ਅਨੁਸਾਰ ਬੰਦ ਕਰਨ ਅਤੇ ਇਨ੍ਹਾਂ ਕੀਮਤੀ ਵਸਤਾਂ ਨੂੰ ਲੋੜਵੰਦਾਂ ਤੇ ਗਰੀਬਾਂ ਵਿਚ ਵੰਡਣ ਦੀ ਸਮੁੱਚੇ ਇੰਡੀਆ ਨਿਵਾਸੀਆ, ਵਿਸ਼ੇਸ਼ ਤੌਰ ਤੇ ਸਿੱਖ ਕੌਮ ਨੂੰ ਹਾਰਦਿਕ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਆਪਣੇ ਨਾਲ ਖੜ੍ਹੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਬੁਲਾਰੇ, ਸਿਆਸੀ ਤੇ ਮੀਡੀਆ ਸਲਾਹਕਾਰ ਸ. ਇਕਬਾਲ ਸਿੰਘ ਟਿਵਾਣਾ ਨੂੰ ਉਚੇਚੇ ਤੌਰ ਤੇ ਆਪਣੀ ਜਿੰਦਗੀ ਬਾਰੇ ਹਦਾਇਤ ਦਿੰਦੇ ਹੋਏ ਕਿਹਾ ਕਿ ਜਦੋ ਮੈਂ ਆਪਣੇ ਸਵਾਸਾਂ ਦੀ ਪੂੰਜੀ ਸੰਪੂਰਨ ਕਰਕੇ ਇਸ ਦੁਨੀਆ ਨੂੰ ਅਲਵਿਦਾ ਆਖੀ ਤਾਂ ਮੇਰੇ ਸਸਕਾਰ ਸਮੇਂ ਇਹ ਸਮਾਜ ਵੱਲੋ ਪਈਆ ਗਲਤ ਪਿਰਤਾਂ ਅਤੇ ਸਿੱਖ ਕੌਮ ਦੀ ਮਰਿਯਾਦਾ ਦੇ ਉਲਟ ਕੀਤੇ ਜਾ ਰਹੇ ਮ੍ਰਿਤਕ ਦੇਹਾਂ ਤੇ ਖਰਚੇ ਬਿਲਕੁਲ ਨਾ ਕੀਤੇ ਜਾਣ ਅਤੇ ਜੋ ਮ੍ਰਿਤਕ ਅਰਦਾਸ ਸਮਾਗਮਾਂ ਉਪਰੰਤ ਵੱਡੇ ਖਰਚ ਕਰਕੇ ਵਧੀਆ ਤਰ੍ਹਾਂ ਦੇ ਅਨੇਕਾ ਪਕਵਾਨ ਵਿਆਹ ਦੀ ਤਰ੍ਹਾਂ ਟੈਟ ਸਮਿਆਨੇ ਲਗਾਉਣ ਦੀ ਪਿਰਤ ਚੱਲੀ ਆ ਰਹੀ ਹੈ ਇਹ ਵੀ ਸਾਨੂੰ ਸਭਨਾਂ ਨੂੰ ਉਸ ਭੋਗ ਸਮਾਗਮ ਤੇ ਦੂਰ-ਦੁਰਾਡੇ ਤੋ ਆਏ ਸੰਬੰਧੀਆਂ, ਸੱਜਣਾਂ ਲਈ ਸਾਦੀ ਰੋਟੀ ਦਾਲ-ਫੁਲਕੇ ਦਾ ਹੀ ਪ੍ਰਬੰਧ ਕਰਨ ਦੀ ਜਿੰਮੇਵਾਰੀ ਨਿਭਾਉਣ ਲਈ ਪ੍ਰਣ ਕਰਨਾ ਚਾਹੀਦਾ ਹੈ। ਮੇਰੇ ਜਾਣ ਸਮੇਂ ਇਹ ਸਰਧਾਪੂਰਵਕ ਲੋੜਵੰਦਾਂ ਤੇ ਗਰੀਬਾਂ ਨੂੰ ਦੇਣ ਲਈ ਉਸ ਸਮੇਂ ਸਮੁੱਚੀ ਪਾਰਟੀ ਮੈਬਰਾਂ ਤੇ ਮੇਰੇ ਪਰਿਵਾਰਿਕ ਮੈਬਰਾਂ ਨੂੰ ਮੇਰੀ ਰਾਏ ਤੋ ਜਾਣੂ ਕਰਵਾਉਣ ਦੀ ਜਿੰਮੇਵਾਰੀ ਨਿਭਾਉਣੀ । ਜਦੋ ਸ. ਟਿਵਾਣਾ ਨੇ ਜੁਆਬ ਵਿਚ ਸ. ਮਾਨ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਇਹ ਕੀ ਪਤਾ ਕਿ ਆਪ ਜੀ ਤੋ ਪਹਿਲੇ ਮੇਰੇ ਹੁਕਮ ਆ ਜਾਣ ਤਾਂ, ਉਨ੍ਹਾਂ ਨੇ ਜੁਆਬ ਦਿੱਤਾ ਕਿ ਸ. ਲਖਵੀਰ ਸਿੰਘ ਮਹੇਸ਼ਪੁਰੀਆ ਮੁੱਖ ਦਫਤਰ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਨ, ਇਹ ਇਸ ਜਿੰਮੇਵਾਰੀ ਨੂੰ ਪੂਰਨ ਕਰਵਾਉਣ ਲਈ ਆਪਣੇ ਫਰਜ ਅਦਾ ਕਰਨ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਉਨ੍ਹਾਂ ਵੱਲੋ ਅਜਿਹੇ ਵਿਚਾਰਾਂ ਤੋਂ ਪਾਰਟੀ ਦਫਤਰ ਨੂੰ ਜਾਣੂ ਕਰਵਾਉਣ ਦਾ ਅਰਥਭਰਪੂਰ ਸੁਨੇਹਾ ਇਹ ਹੈ ਕਿ ਉਹ ਸਮਾਜ ਵਿਚ ਫਾਲਤੂ ਅਤੇ ਦਿਖਾਵੇ ਦੇ ਖਰਚਿਆ ਨੂੰ ਲੈਕੇ ਚੱਲਦੀਆ ਆ ਰਹੀਆ ਸਮਾਜ ਵਿਰੋਧੀ ਪਿਰਤਾ ਨੂੰ ਖਤਮ ਕਰਨ ਦੀ ਵੱਡੀ ਭਾਵਨਾ ਛੁਪੇ ਹੋਣ ਦੇ ਨਾਲ-ਨਾਲ ਸਾਡੇ ਸਮਾਜ ਵਿਚ ਵਿਸੇਸ ਤੌਰ ਤੇ ਸਿੱਖ ਕੌਮ ਰੂਪੀ ਸਮਾਜ ਵਿਚ ਸਹੀ ਮਾਇਨਿਆ ਵਿਚ ਗੁਰ ਸ਼ਬਦ ਉਤੇ ਅਮਲੀ ਰੂਪ ਵਿਚ ਪਹਿਰਾ ਦੇਣ ਅਤੇ ਆਪਣੇ ਧਰਮ ਦੇ ਨਾਲ-ਨਾਲ ਦੂਸਰੇ ਧਰਮਾਂ ਅਤੇ ਨਿਵਾਸੀਆ ਨੂੰ ਸਤਿਕਾਰ ਦਿੰਦੇ ਹੋਏ ਸਮੂਹਿਕ ਰੂਪ ਵਿਚ ਇਕਤਾਕਤ ਹੋ ਕੇ ਹਰ ਤਰ੍ਹਾਂ ਦੀ ਸਮਾਜਿਕ ਬੁਰਾਈ ਦਾ ਖਾਤਮਾ ਕਰਨ ਅਤੇ ਉਸ ਵਿਰੁੱਧ ਬੇਝਿਜਕ ਹੋ ਕੇ ਆਵਾਜ ਬੁਲੰਦ ਕਰਦੇ ਹੋਏ ਸਮੂਹਿਕ ਸਮਾਜਿਕ ਰਾਏ ਬਣਾਉਣ ਦੀ ਵੱਡੀ ਭਾਵਨਾ ਛੁਪੀ ਹੋਈ ਹੈ ।

Leave a Reply

Your email address will not be published. Required fields are marked *