ਹਰਪ੍ਰੀਤ ਸਿੰਘ ਉਰਫ ਹੈਪੀ ਉਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਦੇ ਹੋਏ ਝੂਠਾਂ ਕੇਸ ਪਾਉਣਾ ‘ਸਰਕਾਰੀ ਦਹਿਸਤਗਰਦੀ’ : ਇਮਾਨ ਸਿੰਘ ਮਾਨ, ਬਲੇਰ

ਅੰਮ੍ਰਿਤਸਰ, 05 ਦਸੰਬਰ ( ) “ਕਾਕਾ ਹਰਪ੍ਰੀਤ ਸਿੰਘ ਜੋ ਕਿ ਅਜਨਾਲਾ ਪੁਲਿਸ ਥਾਣੇ ਵਿਚ ਆਉਦੇ ਪਿੰਡ ਮੈਦਾਂ ਕਲਾਂ ਦਾ ਨਿਵਾਸੀ ਇਕ ਮਿਹਨਤੀ ਪਰਿਵਾਰ ਦਾ ਬੱਚਾ ਹੈ । ਜੋ ਬੀਤੇ 16 ਸਾਲ ਪਹਿਲੇ ਆਪਣੇ ਘਰ ਦੀ ਮਾਲੀ ਹਾਲਤ ਨੂੰ ਠੀਕ ਕਰਨ ਤੇ ਆਪਣੇ ਪਰਿਵਾਰਿਕ ਮੈਬਰਾਂ ਦਾ ਸਹੀ ਢੰਗ ਨਾਲ ਗੁਜਾਰਾ ਕਰਨ ਦੀ ਇਛਾ ਨਾਲ ਮਲੇਸੀਆ ਗਿਆ ਸੀ । ਜਿਥੇ ਉਸਨੇ ਦਿਨ-ਰਾਤ ਮਿਹਨਤ ਕਰਕੇ ਭੁੱਖੇ-ਭਾਣੇ ਰਹਿਕੇ ਆਪਣੇ ਘਰ ਦੇ ਮੈਬਰਾਂ ਨੂੰ ਗੁਜਾਰੇ ਹਿੱਤ ਸਹਾਇਤਾ ਭੇਜਦਾ ਰਿਹਾ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਇਹ ਬੱਚਾ ਅੰਮ੍ਰਿਤਧਾਰੀ ਬੱਚਾ ਹੈ । ਕਿਉਂਕਿ ਉਥੇ ਮਲੇਸੀਆ ਵਿਚ ਮੀਟ-ਮਾਸ-ਮੱਛੀ ਦਾ ਵੱਡੇ ਪੱਧਰ ਤੇ ਸੇਵਨ ਹੁੰਦਾ ਹੈ । ਇਸਨੇ ਲੰਮਾਂ ਸਮਾਂ ਇਕ ਪਾਣੀ ਦੇ ਗਿਲਾਸ ਤੇ ਰੋਟੀ ਨਾਲ ਹੀ ਆਪਣਾ ਗੁਜਾਰਾ ਕਰਦਾ ਰਿਹਾ । ਪਰ ਆਪਣੇ ਘਰਦਿਆ ਨੂੰ ਕਦੀ ਵੀ ਆਪਣੀ ਔਖੀ ਜਿੰਦਗੀ ਬਾਰੇ ਜਿਕਰ ਨਹੀ ਕੀਤਾ ਤਾਂ ਕਿ ਉਹ ਉਸਦੇ ਕਾਰਨ ਨਮੋਸੀ ਵਿਚ ਨਾ ਆ ਜਾਣ । ਉਸਦੇ ਘਰ ਦੀ ਇਮਾਰਤ ਦੀ ਹਾਲਤ ਅੱਜ ਵੀ ਖਸਤਾ ਹੈ । ਉਹ ਅਕਸਰ 1-2 ਸਾਲ ਬਾਅਦ ਆਪਣੇ ਪਿੰਡ ਘਰ ਆਉਦਾ ਰਹਿੰਦਾ ਸੀ । ਲੇਕਿਨ ਬਹੁਤ ਅਫਸੋਸ ਹੈ ਕਿ ਬੀਤੇ ਕੁਝ ਦਿਨ ਪਹਿਲੇ ਜਦੋ ਮਲੇਸੀਆ ਤੋ ਇੰਡੀਆ ਇੰਦਰਾ ਗਾਂਧੀ ਹਵਾਈ ਅੱਡੇ ਉਤੇ ਉਤਰਿਆ ਤਾਂ ਉਸ ਉਤੇ ਐਨ.ਆਈ.ਏ. ਦੀ ਇੰਡੀਆ ਦੀ ਖੂਫੀਆ ਏਜੰਸੀ ਨੇ ਨਸਿ਼ਆ ਦਾ ਕਾਰੋਬਾਰ ਕਰਨ ਅਤੇ 2021 ਵਿਚ ਲੁਧਿਆਣਾ ਦੀ ਅਦਾਲਤ ਵਿਚ ਹੋਏ ਬੰਬ ਵਿਸਫੋਟ ਦੇ ਝੂਠੇ ਕੇਸ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ । ਹੁਕਮਰਾਨਾਂ ਦੀ ਇਹ ਕਾਰਵਾਈ ਜਿਥੇ ਉਸਦੀ ਬਿਰਧ ਮਾਤਾ, ਉਸਦੀ ਪਤਨੀ, ਉਸਦੀ ਵਿਧਵਾ ਭਰਜਾਈ ਅਤੇ 2 ਬੱਚਿਆਂ ਉਤੇ ਬਹੁਤ ਵੱਡਾ ਜ਼ਬਰ ਜੁਲਮ ਤੇ ਬੇਇਨਸਾਫ਼ੀ ਹੈ, ਉਥੇ ਕੌਮਾਂਤਰੀ ਪੱਧਰ ਤੇ ਦਿਨੋ ਦਿਨ ਆਪਣੀਆ ਮਨੁੱਖਤਾ ਪੱਖੀ ਸੇਵਾਵਾਂ ਦੀ ਬਦੌਲਤ ਹੋਰ ਵਧੇਰੇ ਮਾਣ-ਸਨਮਾਨ ਹੁੰਦੀ ਜਾ ਰਹੀ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਹਕੂਮਤੀ ਸਾਜਿਸ ਦੀ ਕੜੀ ਦਾ ਹਿੱਸਾ ਵੀ ਹੈ । ਜਿਸ ਤੋ ਇਹ ਵੀ ਭਾਂਪਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਸੇ ਸੋਚ ਅਧੀਨ ਇਸੇ ਤਰ੍ਹਾਂ ਝੂਠੇ ਕੇਸਾਂ ਵਿਚ ਸਿੱਖ ਨੌਜ਼ਵਾਨੀ ਨੂੰ ਫਸਾਉਣ ਅਤੇ ਬਦਨਾਮ ਕਰਨ ਦੇ ਅਮਲ ਹੋ ਸਕਦੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਅਤਿ ਘਿਣੋਨੀ ਕਾਰਵਾਈ ਦੀ ਜਿਥੇ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦਾ ਹੈ, ਉਥੇ ਹੁਕਮਰਾਨਾਂ ਲਈ ਇਹ ਸ਼ਰਮਨਾਕ ਕਾਰਾ ਹੈ । ਜੋ ਇਕ ਗਰੀਬ ਮਿਹਨਤੀ ਪਰਿਵਾਰ ਨੂੰ ਬਿਨ੍ਹਾਂ ਕਿਸੇ ਵਜਹ ਦੇ ਨਿਸ਼ਾਨਾਂ ਬਣਾ ਰਹੇ ਹਨ ।”

ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਅਤੇ ਸ. ਹਰਪਾਲ ਸਿੰਘ ਬਲੇਰ ਜਰਨਲ ਸਕੱਤਰ, ਹਰਬੀਰ ਸਿੰਘ ਸੰਧੂ ਸਕੱਤਰ ਅੰਮ੍ਰਿਤਸਰ, ਅਮਰੀਕ ਸਿੰਘ ਨੰਗਲ ਜਿ਼ਲ੍ਹਾ ਪ੍ਰਧਾਨ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਾਂਝੇ ਤੌਰ ਤੇ ਪਾਰਟੀ ਦੇ ਅੰਮ੍ਰਿਤਸਰ ਦਫਤਰ ਤੋ ਜਾਰੀ ਕੀਤੇ ਗਏ ਬਿਆਨ ਵਿਚ ਹੁਕਮਰਾਨਾਂ ਵੱਲੋ ਸ. ਹਰਪ੍ਰੀਤ ਸਿੰਘ ਨਾਮ ਦੇ ਨੌਜ਼ਵਾਨ ਨੂੰ ਨਿਸ਼ਾਨਾਂ ਬਣਾਕੇ ਝੂਠੇ ਕੇਸਾਂ ਵਿਚ ਗ੍ਰਿਫ਼ਤਾਰ ਕਰਨ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸਾਜਿਸ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ, ਹੁਕਮਰਾਨਾਂ ਅਤੇ ਖੂਫੀਆ ਏਜੰਸੀਆ ਦੀਆਂ ਅਜਿਹੀਆ ਸਿੱਖ ਵਿਰੋਧੀ ਕਾਰਵਾਈਆ ਨੂੰ ਅਸਹਿ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਵਾਰਿਸ ਪੰਜਾਬ ਦੇ ਅਤੇ ਪੰਜਾਬ ਦੀ ਵੱਡੀ ਗਿਣਤੀ ਵਿਚ ਸਿੱਖ ਨੌਜ਼ਵਾਨੀ ਨੇ ਆਪਣੇ ਵਿਰਸੇ-ਵਿਰਾਸਤ ਉਤੇ ਪਹਿਰਾ ਦਿੰਦੇ ਹੋਏ ਸਮੁੱਚੇ ਪੰਜਾਬ ਸੂਬੇ ਵਿਚ ਨੌਜਵਾਨਾਂ ਨੂੰ ਆਪਣੇ ਇਤਿਹਾਸ ਤੋ ਜਾਣੂ ਕਰਵਾਉਦੇ ਹੋਏ ਵੱਡੇ ਪੱਧਰ ਤੇ ਸਰਬੱਤ ਦਾ ਭਲਾ ਚਾਹੁੰਣ ਵਾਲੇ ਸਿੱਖ ਧਰਮ ਦੀਆਂ ਜੜ੍ਹਾਂ ਨਾਲ ਜੋੜਦੇ ਹੋਏ ਧਾਰਮਿਕ, ਸਮਾਜਿਕ, ਰਾਜਨੀਤਿਕ ਤੌਰ ਤੇ ਆਪੋ ਆਪਣੇ ਸਾਧਨਾਂ ਰਾਹੀ ਪ੍ਰਚਾਰ ਕਰਦੇ ਹੋਏ ਨਸਿਆ ਵਿਚ ਗਲਤਾਨ ਹੋਈ ਨੌਜਵਾਨੀ ਨੂੰ ਇਸ ਵਿਚੋ ਕੱਢਣ ਤੇ ਚੰਗੇ ਸਹਿਰੀ ਤੇ ਨਾਗਰਿਕ ਬਣਾਉਣ ਦਾ ਬੀੜਾ ਚੁੱਕਿਆ ਹੋਇਆ ਹੈ ਅਤੇ ਹਰ ਧਰਮ ਨਾਲ ਸੰਬੰਧਤ ਨੌਜ਼ਵਾਨੀ ਵੱਲੋ ਇਸ ਸੋਚ ਨੂੰ ਵੱਡਾ ਹੁੰਘਾਰਾ ਮਿਲ ਰਿਹਾ ਹੈ ਤਾਂ ਹਕੂਮਤੀ ਸਾਜਿਸਾਂ ਰਚਕੇ ਨੌਜਵਾਨੀ ਅਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਅਜਿਹੇ ਅਮਲ ਸੁਰੂ ਕਰ ਦਿੱਤੇ ਹਨ, ਜਿਸ ਨਾਲ ਪੰਜਾਬ ਸੂਬੇ ਵਿਚ ਫਿਰ ਸਰਕਾਰੀ ਦਹਿਸਤ ਦਾ ਬੋਲਬਾਲਾ ਹੋ ਸਕੇ । ਜਿਸਦੇ ਨਤੀਜੇ ਕਦੀ ਵੀ ਲਾਹੇਵੰਦ ਨਹੀ ਹੋ ਸਕਣਗੇ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਸੈਂਟਰ ਅਤੇ ਪੰਜਾਬ ਦੀਆਂ ਦੋਵਾਂ ਸਰਕਾਰਾਂ ਦੀਆਂ ਮਨੁੱਖਤਾ ਵਿਰੋਧੀ ਕਾਰਵਾਈਆ ਅਤੇ ਸਿੱਖ ਨੌਜਵਾਨੀ ਨੂੰ ਝੂਠੇ ਕੇਸਾਂ ਵਿਚ ਫਸਾਕੇ ਸਰਕਾਰੀ ਦਹਿਸਤਗਰਦੀ ਨੂੰ ਫਿਰ ਤੋ ਉਭਾਰਨ ਅਤੇ ਆਪਣੇ ਸਿਆਸੀ ਮਕਸਦਾਂ ਲਈ ਪੂਰਤੀ ਕਰਨ ਤੋ ਜਨਤਕ ਤੌਰ ਤੇ ਕੌਮਾਂਤਰੀ ਪੱਧਰ ਤੇ ਜਿਥੇ ਖ਼ਬਰਦਾਰ ਕਰਦੀ ਹੈ, ਉਥੇ ਕਾਕਾ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਨਜਾਇਜ ਢੰਗ ਨਾਲ ਗ੍ਰਿਫ਼ਤਾਰ ਕਰਕੇ ਤਸੱਦਦ ਢਾਹੁਣ ਦੇ ਕੇਸ ਦੀ ਨਿਰਪੱਖਤਾ ਨਾਲ ਕੌਮਾਂਤਰੀ ਪੱਧਰ ਦੀ ਜਥੇਬੰਦੀ ਜਾਂ ਫਿਰ ਕਿਸੇ ਇਮਾਨਦਾਰ ਸੀਟਿੰਗ ਜੱਜ ਤੋ ਇਸਦੀ ਜਾਂਚ ਕਰਵਾਉਣ ਦੀ ਮੰਗ ਕਰਦੀ ਹੈ ।

ਆਗੂਆ ਨੇ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸੰਜੀਦਗੀ ਭਰੀ ਅਪੀਲ ਕਰਦੇ ਹੋਏ ਕਿਹਾ ਕਿ ਹੁਕਮਰਾਨ ਪੰਜਾਬ ਅਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਆਪਣੀਆ ਸਾਜਿਸਾਂ ਨੂੰ ਪੰਜਾਬ ਵਿਚ ਅਮਲੀ ਰੂਪ ਦੇ ਰਹੇ ਹਨ । ਜਿਸ ਤੋ ਸਭਨਾਂ ਨੂੰ ਸੁਚੇਤ ਰਹਿੰਦੇ ਹੋਏ ਜਿਥੇ ਕਿਤੇ ਵੀ ਅਜਿਹੀ ‘ਸਰਕਾਰੀ ਦਹਿਸਤਗਰਦੀ’ ਵਾਲੀ ਕਾਰਵਾਈ ਸਾਹਮਣੇ ਆਵੇ ਤਾਂ ਸਮੂਹਿਕ ਤੌਰ ਤੇ ਆਪਣੇ ਇਨਸਾਨੀ ਅਤੇ ਇਖਲਾਕੀ ਫਰਜ ਸਮਝਦੇ ਹੋਏ ਆਪਣੇ ਪੰਜਾਬ ਦੇ ਬਸਿੰਦਿਆ ਵਿਸੇਸ ਤੌਰ ਤੇ ਹੁਕਮਰਾਨਾਂ ਵੱਲੋ ਨਿਸਾਨਾ ਬਣਾਈ ਜਾ ਰਹੀ ਸਿੱਖ ਨੌਜਵਾਨੀ ਦੇ ਹੱਕ ਵਿਚ ਦ੍ਰਿੜਤਾ ਨਾਲ ਖੜ੍ਹਨ ਅਤੇ ਕੌਮਾਂਤਰੀ ਪੱਧਰ ਤੇ ਸੱਚ ਨੂੰ ਸਾਹਮਣੇ ਲਿਆਉਣ ਲਈ ਆਪਣੀਆ ਜਿੰਮੇਵਾਰੀਆ ਪੂਰਨ ਕਰਨ ਤਾਂ ਕਿ ਹੁਕਮਰਾਨ ਅਤੇ ਉਨ੍ਹਾਂ ਦੀਆਂ ਸਾਜਿਸਾਂ ਘੜਨ ਵਾਲੀਆ ਖੂਫੀਆ ਏਜੰਸੀਆ ਫਿਰ ਤੋ ਪੰਜਾਬ ਦੇ ਸਰਹੱਦੀ ਸੂਬੇ ਵਿਚ ਅਤੇ ਪੰਜਾਬੀਆਂ, ਸਿੱਖ ਕੌਮ ਉਤੇ ਜ਼ਬਰ-ਜੁਲਮ ਢਾਹੁਣ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਵਿਚ ਕਾਮਯਾਬ ਨਾ ਹੋ ਸਕਣ ।

Leave a Reply

Your email address will not be published. Required fields are marked *