ਪੰਜਾਬੀ ਅਤੇ ਸਿੱਖ ਸੱਭਿਅਤਾ ਨਾਲ ਰੰਗੇ ਹੋਏ ਹਰਮਨ-ਪਿਆਰੇ ਗਾਇਕ ਕੰਵਰ ਗਰੇਵਾਲ ਦੇ ਗੀਤ ‘ਰਿਹਾਈ’ ਉਤੇ ਲਗਾਈ ਪਾਬੰਦੀ ਅਸਹਿ : ਮਾਨ

ਫਤਹਿਗੜ੍ਹ ਸਾਹਿਬ, 09 ਜੁਲਾਈ ( ) “ਹੁਕਮਰਾਨ ਪੰਜਾਬ ਸੂਬੇ, ਪੰਜਾਬੀਆਂ, ਸਿੱਖ ਕੌਮ ਦੀ ਮਨੁੱਖਤਾ ਪੱਖੀ ਸੱਭਿਅਤਾ ਅਤੇ ਸੋਚ ਤੋਂ ਕਿੰਨਾ ਡਰਦੇ ਹਨ, ਉਸਦੀ ਪ੍ਰਤੱਖ ਉਦਾਹਰਣ ਕੁਝ ਸਮਾਂ ਪਹਿਲੇ ਸਿੱਧੂ ਮੂਸੇਵਾਲਾ ਦੇ ਗਾਏ ਗੀਤ ਐਸ.ਵਾਈ.ਐਲ. ਜਿਸ ਵਿਚ ਉਨ੍ਹਾਂ ਨੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸੈਂਟਰ ਦੇ ਹੁਕਮਰਾਨਾਂ ਵਿਚਕਾਰ ਪੈਦਾ ਹੋਈਆ ਦੂਰੀਆ, ਬੇਇਨਸਾਫ਼ੀਆਂ, ਜ਼ਬਰ-ਜੁਲਮ ਨੂੰ ਬਹੁਤ ਹੀ ਅੱਛੇ ਪ੍ਰਭਾਵਸ਼ਾਲੀ ਸ਼ਬਦਾਂ ਵਿਚ ਗਾਇਨ ਕੀਤਾ ਹੈ ਅਤੇ ਦੁਨੀਆਂ ਸਾਹਮਣੇ ਪੰਜਾਬ ਸੂਬੇ ਤੇ ਪੰਜਾਬੀਆਂ ਨਾਲ ਹੋ ਰਹੇ ਵਿਤਕਰਿਆ ਨੂੰ ਉਜਾਗਰ ਕੀਤਾ ਹੈ, ਉਸਨੂੰ ਬਰਦਾਸਤ ਨਾ ਕਰਦੇ ਹੋਏ ਉਸ ਗੀਤ ਉਤੇ ਵੀ ਹੁਕਮਰਾਨਾਂ ਨੇ ਗੈਰ ਵਿਧਾਨਿਕ ਅਤੇ ਗੈਰ ਸਮਾਜਿਕ ਢੰਗ ਰਾਹੀ ਪਾਬੰਦੀ ਲਗਾ ਦਿੱਤੀ ਸੀ। ਲੇਕਿਨ ਸਮੁੱਚੇ ਸੰਸਾਰ ਵਿਚ ਅੱਜ ਵੀ ਉਹ ਗੀਤ ਰੋਜਾਨਾ ਹੀ ਲੱਖਾਂ-ਕਰੋੜਾਂ ਨਿਵਾਸੀ ਸੁਣਦੇ ਹਨ ਅਤੇ ਵਾਰ-ਵਾਰ ਸੁਣ ਰਹੇ ਹਨ । ਹੁਣ ਬੀਤੇ ਕੁਝ ਦਿਨ ਪਹਿਲੇ ਸਾਡੇ ਹਰਮਨ ਪਿਆਰੇ ਸੂਫੀ ਗਾਇਕ ਕੰਵਰ ਗਰੇਵਾਲ ਜੋ ਅਕਸਰ ਹੀ ਪੰਜਾਬੀਆਂ, ਸਿੱਖ ਕੌਮ, ਪੰਜਾਬ ਸੂਬੇ ਨਾਲ ਸੰਬੰਧਤ ਸੱਭਿਅਤਾ ਸੋਚ ਉਤੇ ਹੀ ਆਪਣੀ ਸ਼ਬਦਾਵਲੀ ਨੂੰ ਗੀਤਾਂ ਵਿਚ ਬਦਲਦੇ ਆ ਰਹੇ ਹਨ, ਉਨ੍ਹਾਂ ਵੱਲੋ ਹੁਣੇ ਹੀ ਰਿਹਾਈ ਨਾਮ ਦਾ ਗੀਤ ਰੀਲੀਜ ਹੋਣ ਤੇ ਜਿਵੇ ਸਿੱਧੂ ਮੂਸੇਵਾਲਾ ਦੇ ਇਕ ਦਿਨ ਵਿਚ ਹੀ 2 ਕਰੋੜ ਨਿਵਾਸੀਆ ਨੇ ਗੀਤ ਨੂੰ ਸੁਣਿਆ, ਉਸੇ ਤਰ੍ਹਾਂ ਇਸ ਰਿਹਾਈ ਗੀਤ ਨੂੰ ਵੀ ਸਮੁੱਚੇ ਪੰਜਾਬ ਤੇ ਬਾਹਰਲੇ ਮੁਲਕਾਂ ਦੇ ਨਿਵਾਸੀ ਆਪਣਾ ਆਤਮਿਕ ਦਰਦ ਮਹਿਸੂਸ ਕਰਦੇ ਹੋਏ ਸੁਣ ਰਹੇ ਹਨ ਅਤੇ ਇਨ੍ਹਾਂ ਬੋਲਾਂ ਨੂੰ ਮਨ-ਆਤਮਾ ਵਿਚ ਵਸਾ ਰਹੇ ਹਨ । ਉਸ ਉਤੇ ਵੀ ਹੁਕਮਰਾਨਾਂ ਵੱਲੋ ਰੋਕ ਲਗਾ ਦਿੱਤੀ ਗਈ ਹੈ । ਜੋ ਵਿਧਾਨ ਦੀ ਧਾਰਾ 19 ਰਾਹੀ ਹਰ ਨਾਗਰਿਕ ਨੂੰ ਆਪਣੇ ਵਿਚਾਰ ਪ੍ਰਗਟ ਕਰਨ, ਛਪਵਾਕੇ ਪ੍ਰਕਾਸਿਤ ਕਰਨ, ਗਾ ਕੇ ਤਸਵੀਰ ਨੂੰ ਪੇਸ਼ ਕਰਨ ਦੇ ਅਧਿਕਾਰ ਦਿੰਦੀ ਹੈ, ਇਹ ਉਸ ਵਿਧਾਨ ਦਾ ਜਨਾਜ਼ਾਂ ਕੱਢਣ ਦੇ ਤੁੱਲ ਦੁੱਖਦਾਇਕ ਅਮਲ ਹਨ ਅਤੇ ਸਮੁੱਚੇ ਪੰਜਾਬੀਆਂ, ਸਿੱਖ ਕੌਮ ਲਈ ਅਸਹਿ ਹਨ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਦੀ ਮੁਤੱਸਵੀ, ਦਿਸ਼ਾਹੀਣ ਅਤੇ ਇਥੋ ਦੇ ਨਿਵਾਸੀਆ ਨੂੰ ਝੂਠ-ਤੁਫਾਨ ਬੋਲਕੇ ਗੁੰਮਰਾਹ ਕਰਨ ਵਾਲੀ ਸਰਕਾਰ ਵੱਲੋ ਸ. ਕੰਵਰ ਗਰੇਵਾਲ ਵੱਲੋ ਗਾਏ ਉਪਰੋਕਤ ਰਿਹਾਈ ਗੀਤ ਉਤੇ ਜ਼ਬਰੀ ਲਗਾਈ ਗਈ ਰੋਕ ਨੂੰ ਵਿਧਾਨ ਦਾ ਕਤਲ ਕਰਨ ਅਤੇ ਸਮਾਜਿਕ ਤੌਰ ਤੇ ਅਫਰਾ-ਤਫਰੀ ਫੈਲਾਉਣ ਨੂੰ ਕਰਾਰ ਦਿੰਦੇ ਹੋਏ ਪੁਰਜੋਰ ਸ਼ਬਦਾਂ ਵਿਚ ਜਿਥੇ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ, ਉਥੇ ਤੁਰੰਤ ਇਸ ਗੀਤ ਉਤੇ ਅਤੇ ਸਿੱਧੂ ਮੂਸੇਵਾਲਾ ਦੇ ਗੀਤ ਐਸ.ਵਾਈ.ਐਲ ਤੇ ਲਗਾਈ ਗਈ ਪਾਬੰਦੀ ਨੂੰ ਹਟਾਉਣ ਦੀ ਨੇਕ ਸਲਾਹ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਅਤੇ ਪੰਜਾਬੀ ਬਹੁਤ ਅਮੀਰ ਸੱਭਿਆਚਾਰ, ਵਿਰਸੇ-ਵਿਰਾਸਤ, ਸਰਬੱਤ ਦੇ ਭਲੇ ਦੀ ਮਨੁੱਖਤਾ ਪੱਖੀ ਸੋਚ ਦੇ ਮਾਲਕ ਹਨ ਅਤੇ ਇਸੇ ਸੋਚ ਉਤੇ ਨਿਰੰਤਰ ਪਹਿਰਾ ਦਿੰਦੇ ਆ ਰਹੇ ਹਨ । ਜੇਕਰ ਹੁਕਮਰਾਨ ਆਪਣੀਆ ਕੰਮਜੋਰੀਆ, ਜ਼ਬਰ-ਜੁਲਮ, ਘੱਟ ਗਿਣਤੀ ਕੌਮਾਂ ਨਾਲ ਕੀਤੇ ਜਾ ਰਹੇ ਵਿਤਕਰਿਆ ਤੇ ਬੇਇਨਸਾਫ਼ੀਆ ਦੇ ਅਮਲਾਂ ਨੂੰ ਦਬਾਉਣ ਲਈ ਸਾਡੇ ਗਾਇਕਾਂ, ਲੇਖਕਾਂ, ਵਿਦਵਾਨਾਂ ਵੱਲੋ ਲਿਖੀਆ ਜਾ ਰਹੀਆ ਲਿਖਤਾਂ ਅਤੇ ਗੀਤਾਂ ਉਤੇ ਪਾਬੰਦੀ ਲਗਾਉਣ ਦੇ ਅਮਲਾਂ ਤੋ ਤੋਬਾ ਨਾ ਕੀਤੀ ਤਾਂ ਇਕ ਦਿਨ ਅਜਿਹਾ ਆਵੇਗਾ ਕਿ ਸਮੁੱਚੇ ਸੰਸਾਰ ਦੇ ਨਿਵਾਸੀ ਜੋ ਅਜੋਕੇ ਸਮੇ ਵਿਚ ਸੱਚ ਅਤੇ ਅਮਨ ਸ਼ਾਤੀ ਦੀ ਵੱਡੀ ਭਾਲ ਕਰ ਰਹੇ ਹਨ, ਉਹ ਕੌਮਾਂ ਅਤੇ ਧਰਮ ਸਿੱਖ ਕੌਮ ਦੀ ਸੋਚ ਉਤੇ ਪਹਿਰਾ ਦਿੰਦੇ ਹੋਏ ਸਾਡੀ ਸ਼ਕਤੀ ਬਣਨਗੇ ਅਤੇ ਹਿੰਦੂਰਾਸਟਰ ਦੇ ਮੰਦਭਾਵਨਾ ਭਰੇ ਮਨੁੱਖਤਾ ਵਿਰੋਧੀ ਸੁਪਨੇ ਦੇਖਣ ਵਾਲਿਆ ਦੀ ਸੋਚ ਦਾ ਇਥੇ ਕੋਈ ਨਾਮੋ ਨਿਸਾਨ ਨਹੀ ਰਹੇਗਾ । ਇਸ ਲਈ ਬਿਹਤਰ ਇਹੀ ਹੋਵੇਗਾ ਕਿ ਗੁਰੂ ਸਾਹਿਬਾਨ ਜੀ ਦੀ ਇਨਸਾਨੀਅਤ ਪੱਖੀ ਸੋਚ ਉਤੇ ਪਹਿਰਾ ਦੇਣ ਵਾਲੀ ਸਿੱਖ ਕੌਮ, ਉਸਦੇ ਲੇਖਕਾਂ, ਗਾਇਕਾਂ, ਵਿਦਵਾਨਾਂ ਵੱਲੋ ਆਪਣੀਆ ਲਿਖਤਾਂ ਅਤੇ ਗੀਤਾਂ ਰਾਹੀ ਜੋ ਸੱਚ ਪੇਸ਼ ਕੀਤਾ ਜਾ ਰਿਹਾ ਹੈ, ਉਸਨੂੰ ਸੁਣਨ, ਉਸ ਵਿਚਲੀ ਸੱਚਾਈ ਨੂੰ ਸਮਝਣ ਅਤੇ ਜਿਨ੍ਹਾਂ ਕੌਮਾਂ, ਧਰਮਾਂ ਨਾਲ ਹੁਕਮਰਾਨ ਜ਼ਬਰ ਕਰ ਰਹੇ ਹਨ, ਉਹ ਬੰਦ ਕਰਕੇ ਗੁਰੂ ਸਾਹਿਬਾਨ ਵੱਲੋ ਬਖਸਿ਼ਸ਼ ਕੀਤੇ ਗਏ ਰਾਹ ਦੇ ਪੈਡੇ ਤੇ ਆ ਜਾਣ, ਵਰਨਾ ਸਮੇਂ ਦੀ ਨਿਜਾਕਤ ਨੇ ਕਿਸੇ ਵੀ ਜਾਬਰ ਹੁਕਮਰਾਨ ਨੂੰ ਨਾ ਤਾਂ ਬੀਤੇ ਸਮੇ ਵਿਚ ਬਖਸਿਆ ਹੈ ਅਤੇ ਨਾ ਹੀ ਆਉਣ ਵਾਲੇ ਸਮੇ ਵਿਚ ਬਖਸਿਆ ਜਾਵੇਗਾ ।

ਸ. ਮਾਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਜਥੇਬੰਦੀ ਨੇ ਇਸ ਗੱਲ ਤੇ ਡੂੰਘੀ ਖੁਸੀ ਦਾ ਇਜਹਾਰ ਕੀਤਾ ਕਿ ਭਾਵੇ ਹੁਕਮਰਾਨ ਅੱਜ ਵੀ ਸਾਜਿਸਾ ਅਤੇ ਜ਼ਬਰ ਰਾਹੀ ਅਣਖ ਗੈਰਤ ਵਾਲੀ ਸਿੱਖ ਕੌਮ ਨੂੰ ਦਬਾਉਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਵਰਤ ਰਹੇ ਹਨ ਪਰ ਸਾਡੇ ਲੇਖਕਾਂ, ਵਿਦਵਾਨਾਂ ਵਿਸ਼ੇਸ਼ ਤੌਰ ਤੇ ਗਾਇਕੀ ਨਾਲ ਜੁੜੇ ਕਲਾਕਾਰਾਂ ਨੇ ਜਿਸ ਦ੍ਰਿੜਤਾਂ ਅਤੇ ਜੁਰਅਤ ਨਾਲ ਆਪਣੇ ਗੀਤਾਂ ਰਾਹੀ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਹੋ ਰਹੀਆ ਜਿਆਦਤੀਆ ਨੂੰ ਵਰਣਨ ਕਰਨ ਦਾ ਦਲੇਰਆਨਾ ਕਦਮ ਉਠਾਉਣਾ ਸੁਰੂ ਕਰ ਦਿੱਤਾ ਹੈ ਅਤੇ ਇਥੋ ਦੀ ਨੌਜਵਾਨੀ ਦਾ ਸਹੀ ਰਾਹ-ਦਸੇਰਾ ਬਣਦੇ ਜਾ ਰਹੇ ਹਨ, ਉਹ ਦਿਨ ਦੂਰ ਨਹੀ ਜਦੋ ਇਹ ਪੰਜਾਬੀ ਤੇ ਸਿੱਖ ਨੌਜ਼ਵਾਨੀ ਕੇਵਲ ਪੰਜਾਬ ਉਤੇ ਹੀ ਨਹੀ ਬਲਕਿ ਸਮੁੱਚੇ ਇੰਡੀਆ ਜਿਥੇ ਗੁਰੂ ਸਾਹਿਬਾਨ ਨੇ ਵੱਖ-ਵੱਖ ਯਾਤਰਾਵਾ ਰਾਹੀ ਤੇ ਉਦਾਸੀਆ ਰਾਹੀ ਮਨੁੱਖਤਾ ਪੱਖੀ ਸੰਦੇਸ਼ ਦਿੱਤੇ ਹਨ, ਉਸਦੇ ਰਾਜ ਭਾਗ ਦੇ ਮਾਲਕ ਬਣਨਗੀਆ ਅਤੇ ਖਾਲਸਾ ਰਾਜ ਫਿਰ ਕਾਇਮ ਹੋ ਕੇ ਰਹੇਗਾ ।

Leave a Reply

Your email address will not be published. Required fields are marked *

You missed