ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸਿ਼ੰਜ਼ੋ ਆਬੇ ਦੀ ਕੀਤੀ ਹੱਤਿਆ ਉਤੇ ਸ. ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਫ਼ਤਹਿਗੜ੍ਹ ਸਾਹਿਬ, 09 ਜੁਲਾਈ ( ) “ਜਪਾਨ ਵਰਗੇ ਅਗਾਹਵਾਧੂ ਮੁਲਕ ਜਿਥੇ ਉਥੋਂ ਦੇ ਹੁਕਮਰਾਨਾਂ ਅਤੇ ਸਾਬਕਾ ਹੁਕਮਰਾਨਾਂ ਦੀ ਸੁਰੱਖਿਆ ਦਾ ਬਹੁਤ ਹੀ ਆਲ੍ਹਾ ਅਤੇ ਆਧੁਨਿਕ ਪ੍ਰਬੰਧ ਹੁੰਦਾ ਹੈ, ਉਥੇ ਜਪਾਨ ਦੇ ਸਾਬਕਾ ਵਜ਼ੀਰ-ਏ-ਆਜਮ ਸਿ਼ੰਜ਼ੋ ਆਬੇ ਦੀ ਗੋਲੀ ਮਾਰਕੇ ਕੀਤੀ ਗਈ ਹੱਤਿਆ ਜਿਥੇ ਅਤਿ ਦੁੱਖਦਾਇਕ ਹੈ, ਉਥੇ ਉਨ੍ਹਾਂ ਦੇ ਹਰ ਤਰ੍ਹਾਂ ਦੇ ਸਫਲ ਪ੍ਰਬੰਧ ਉਤੇ ਵੀ ਡੂੰਘਾਂ ਪ੍ਰਸ਼ਨ ਚਿੰਨ੍ਹ ਲਗਾਉਦੀ ਹੈ ਕਿ ਹੱਤਿਆਰਾ ਸੁਰੱਖਿਆ ਹੋਣ ਦੇ ਬਾਵਜੂਦ ਆਪਣੇ ਨਿਸ਼ਾਨੇ ਤੇ ਕਿਵੇਂ ਪਹੁੰਚਿਆ ?”
ਇਸ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ. ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜਪਾਨ ਦੇ ਸਾਬਕਾ ਵਜ਼ੀਰ-ਏ-ਆਜਮ ਉਤੇ ਹਮਲਾਵਰ ਵੱਲੋਂ ਗੋਲੀ ਚਲਾਕੇ ਹੱਤਿਆ ਕਰਨ ਨੂੰ ਅਤਿ ਮੰਦਭਾਗੀ ਕਾਰਵਾਈ ਕਰਾਰ ਦਿੰਦੇ ਹੋਏ, ਸਿੰ਼ਜ਼ੋ ਆਬੇ ਦੇ ਪਰਿਵਾਰਿਕ ਮੈਬਰਾਂ, ਸੰਬੰਧੀਆਂ ਅਤੇ ਜਪਾਨ ਦੇ ਨਿਵਾਸੀਆ ਨਾਲ ਇਸ ਡੂੰਘੀ ਪੀੜ੍ਹਾਂ ਵਿਚ ਹਮਦਰਦੀ ਪ੍ਰਗਟਾਉਦੇ ਹੋਏ, ਐਨੀ ਸੁਰੱਖਿਆ ਹੋਣ ਦੇ ਬਾਵਜੂਦ ਇਹ ਕਾਰਾ ਹੋ ਜਾਣ ਉਤੇ ਵੱਡਾ ਪ੍ਰਸ਼ਨ ਚਿੰਨ੍ਹ ਲਗਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਸੰਸਾਰ ਦੇ ਜਪਾਨ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਆਦਿ ਵੱਡੇ ਜਮਹੂਰੀਅਤ ਪਸ਼ੰਦ ਮੁਲਕਾਂ ਵਿਚ ਅਹਿਮ ਅਹੁਦਿਆ ਉਤੇ ਬਿਰਾਜਮਾਨ ਸਖਸ਼ੀਅਤਾਂ ਦੀਆਂ ਜਿੰਦਗਾਨੀਆ ਅੱਛਾ ਸੁਰੱਖਿਆ ਪ੍ਰਬੰਧ ਹੋਣ ਦੇ ਬਾਵਜੂਦ ਵੀ ਸੁਰੱਖਿਅਤ ਨਹੀ ਹਨ, ਤਾਂ ਇਹ ਵਰਤਾਰਾ ਸਮੁੱਚੇ ਸੰਸਾਰ ਦੇ ਮੁਲਕਾਂ ਦੇ ਹੁਕਮਰਾਨਾਂ, ਵਿਸ਼ੇਸ਼ ਤੌਰ ਤੇ ਜਮਹੂਰੀਅਤ ਪਸ਼ੰਦ ਮੁਲਕਾਂ ਵਿਚ ਵਾਪਰਨ ਵਾਲੀਆ ਅਜਿਹੀਆ ਘਟਨਾਵਾ ਪ੍ਰਤੱਖ ਕਰਦੀਆ ਹਨ ਕਿ ਕਾਨੂੰਨੀ ਵਿਵਸਥਾਂ ਦੇ ਵਿਸ਼ੇ ਉਤੇ ਕੇਵਲ ਕੁਝ ਮੁਲਕਾਂ ਵਿਚ ਹੀ ਉਥਲ-ਪੁੱਥਲ ਨਹੀ ਬਲਕਿ ਸਮੁੱਚੇ ਸੰਸਾਰ ਵਿਚ ਅੱਜ ਇਹ ਗੰਭੀਰ ਵਿਸ਼ਾ ਬਣ ਗਿਆ ਹੈ । ਜਦੋਕਿ ਜਪਾਨ ਵਿਚ ਅਮਰੀਕਾ ਤੇ ਕੈਨੇਡਾ ਦੀ ਤਰ੍ਹਾਂ ਗੰਨ ਕਲਚਰ ਦਾ ਸਿਲਸਿਲਾ ਨਹੀ ਹੈ । ਇੰਡੀਆ ਮੁਲਕ ਅਤੇ ਪੰਜਾਬ ਸੂਬੇ ਵਿਚ ਵੀ ਅਜਿਹੇ ਦੁੱਖਦਾਇਕ ਵਰਤਾਰਿਆ ਦੀ ਗਿਣਤੀ ਵੱਧਦੀ ਜਾ ਰਹੀ ਹੈ । ਜਿਵੇਂਕਿ ਸਾਡੇ ਬਹੁਤ ਹੀ ਹੋਣਹਾਰ, ਸੂਝਵਾਨ ਨੌਜ਼ਵਾਨ ਆਗੂ ਭਾਈ ਸੰਦੀਪ ਸਿੰਘ ਸਿੱਧੂ ਅਤੇ ਉਸ ਉਪਰੰਤ ਹਰਮਨਪਿਆਰੇ ਗਾਇਕ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਉਤੇ ਸਾਜ਼ਸੀ ਢੰਗਾਂ ਰਾਹੀ ਅਜਿਹੇ ਹਮਲੇ ਕਰਕੇ ਖ਼ਤਮ ਕੀਤਾ ਗਿਆ ਹੈ । ਇਹ ਹੋਰ ਵੀ ਵੱਡਾ ਦੁੱਖਦਾਇਕ ਅਮਲ ਹੋ ਰਿਹਾ ਹੈ ਕਿ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਦੇ ਆਗੂਆਂ ਨੂੰ ਸਾਜ਼ਸੀ ਢੰਗਾਂ ਰਾਹੀ ਕਤਲ ਹੋਣ ਦੀਆਂ ਕਾਰਵਾਈਆ ਦੀ ਕੋਈ ਨਾ ਤਾਂ ਜਾਂਚ ਕੀਤੀ ਜਾ ਰਹੀ ਹੈ ਅਤੇ ਨਾ ਹੀ ਅਸਲ ਕਾਤਲਾਂ ਨੂੰ ਜਾਂ ਸਾਜਿ਼ਸ ਨੂੰ ਸਾਹਮਣੇ ਲਿਆਉਣ ਦੀ ਜਿ਼ੰਮੇਵਾਰੀ ਨਿਭਾਈ ਜਾ ਰਹੀ ਹੈ । ਇਹ ਸਮੁੱਚੇ ਸੰਸਾਰ ਵਿਚ ਬਦਅਮਨੀ ਫੈਲਣ ਵਾਲੇ ਹੈਰਾਨੀ ਪੈਦਾ ਕਰਨ ਵਾਲੇ ਅਮਲ ਹੋ ਰਹੇ ਹਨ । ਜਿਸ ਉਤੇ ਕੇਵਲ ਇੰਡੀਆ ਜਾਂ ਪੰਜਾਬ ਦੇ ਇਨਸਾਨੀਅਤ ਪੱਖੀ ਸਖਸ਼ੀਅਤਾਂ ਅਤੇ ਹੁਕਮਰਾਨਾਂ ਨੂੰ ਹੀ ਨਹੀ ਬਲਕਿ ਸੰਸਾਰ ਪੱਧਰ ਤੇ ਇਸ ਵਿਸ਼ੇ ਤੇ ਸੋਚਣ ਅਤੇ ਇਸ ਵੱਧਦੇ ਜਾ ਰਹੇ ਵਰਤਾਰੇ ਨੂੰ ਰੋਕਣ ਲਈ ਸਮੂਹਿਕ ਪੱਧਰ ਤੇ ਵਿਊਤਬੰਦੀ ਬਣਨੀ ਚਾਹੀਦੀ ਹੈ ਤਾਂ ਕਿ ਵੱਖ-ਵੱਖ ਮੁਲਕਾਂ ਦੇ ਨਿਵਾਸੀਆ ਦੇ ਜੀਵਨ ਪੱਧਰ ਵਿਚ ਹਕੂਮਤੀ ਪੱਧਰ ਤੇ ਅਜਿਹੀ ਘਾਟ ਨਹੀ ਹੋਣੀ ਚਾਹੀਦੀ । ਜਿਸ ਤੋ ਦੁੱਖੀ ਅਤੇ ਪ੍ਰੇਰਿਤ ਹੋ ਕੇ ਕੋਈ ਨਾਗਰਿਕ ਆਪਣੇ ਹੀ ਮੁਲਕ ਦੇ ਹੁਕਮਰਾਨਾਂ ਅਤੇ ਪ੍ਰਬੰਧਕਾਂ ਨੂੰ ਨਿਸ਼ਾਨਾਂ ਬਣਾਉਣ ਲਈ ਮਜਬੂਰ ਹੋਣ।