ਡਾ. ਅਜੀਤ ਸਿੰਘ ਸਿੱਧੂ ਡੂੰਘੇ ਪੰਥਦਰਦੀ, ਮਨੁੱਖਤਾ ਨੂੰ ਪਿਆਰ ਕਰਨ ਵਾਲੀ ਬਹੁਤ ਹੀ ਸੂਝਵਾਨ ਸਖਸ਼ੀਅਤ ਸਨ : ਮਾਨ

ਫ਼ਤਹਿਗੜ੍ਹ ਸਾਹਿਬ, 24 ਜਨਵਰੀ ( ) “ਕੁਝ ਦਿਨ ਪਹਿਲੇ ਡਾ. ਅਜੀਤ ਸਿੰਘ ਸਿੱਧੂ ਸਾਬਕਾ ਮੁੱਖੀ ਕੀਟ ਵਿਗਿਆਨ ਵਿਭਾਗ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਆਪਣੇ ਸਵਾਸਾਂ ਦੀ ਪੂੰਜੀ ਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਕੇਵਲ ਸਿੱਧੂ ਪਰਿਵਾਰ, ਸੰਬੰਧੀਆਂ, ਦੋਸਤਾਂ-ਮਿੱਤਰਾਂ, ਲੁਧਿਆਣਾ ਜਾ ਖੇਤੀਬਾੜੀ ਯੂਨੀਵਰਸਿਟੀ ਨਾਲ ਸੰਬੰਧਤ ਨਿਵਾਸੀਆ ਨੂੰ ਹੀ ਅਸਹਿ ਘਾਟਾ ਨਹੀਂ ਪਿਆ, ਬਲਕਿ ਖਾਲਸਾ ਪੰਥ ਨੂੰ ਵੀ ਇਕ ਕਦੀ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਕਿਉਂਕਿ ਡਾ. ਅਜੀਤ ਸਿੰਘ ਸਿੱਧੂ ਖੇਤੀਬਾੜੀ ਯੂਨੀਵਰਸਿਟੀ ਵਿਚ ਮੁੱਖ ਅਹੁਦੇ ਤੇ ਸੇਵਾ ਨਿਭਾਉਦੇ ਹੋਏ ਜਿਥੇ ਆਪਣੀਆ ਯੂਨੀਵਰਸਿਟੀ ਪੱਖੀ ਜਿ਼ੰਮੇਵਾਰੀਆਂ ਨੂੰ ਬਾਖੂਬੀ ਪੂਰੀ ਕਰਦੇ ਰਹੇ ਹਨ, ਉਥੇ ਉਹ ਸਮਾਜਿਕ ਤੌਰ ਤੇ ਖ਼ਾਲਸਾ ਪੰਥ ਦੀ ਮਨੁੱਖਤਾ ਪੱਖੀ ਸੋਚ ਨੂੰ ਮੁੱਖ ਰੱਖਕੇ ਆਪਣੀ ਜਿੰਦਗੀ ਦੇ ਰੁਝੇਵਿਆ ਵਿਚੋ ਸਮਾਂ ਕੱਢਕੇ ਆਪਣੀ ਇਸ ਆਤਮਾ ਦੀ ਖੁਰਾਕ ਨੂੰ ਵੀ ਪੂਰੀ ਦ੍ਰਿੜਤਾ ਅਤੇ ਸੰਜ਼ੀਦਗੀ ਨਾਲ ਪੂਰੀ ਕਰਦੇ ਰਹੇ ਹਨ । ਇਹੀ ਵਜਹ ਹੈ ਕਿ ਉਨ੍ਹਾਂ ਦੀ ਸਖਸ਼ੀਅਤ ਨੂੰ ਹਰ ਵਰਗ, ਕੌਮ, ਧਰਮ, ਫਿਰਕੇ, ਸਮਾਜ ਵਿਚ ਅਥਾਂਹ ਪਿਆਰ ਤੇ ਸਤਿਕਾਰ ਮਿਲਦਾ ਰਿਹਾ ਹੈ ਅਤੇ ਉਨ੍ਹਾਂ ਦੀ ਨਿਮਰਤਾ ਤੇ ਪਿਆਰ ਨਾਲ ਪੇਸ਼ ਆਉਣ ਦੇ ਗੁਣਾਂ ਦੀ ਬਦੌਲਤ ਬੱਚੇ, ਨੌਜ਼ਵਾਨ, ਬਜੁਰਗ ਸਭ ਪਿਆਰ ਕਰਦੇ ਸਨ ਅਤੇ ਉਨ੍ਹਾਂ ਤੋ ਉਨ੍ਹਾਂ ਦੇ ਤੁਜਰਬਿਆ ਤੋਂ ਬਹੁਤ ਕੁਝ ਹਾਸਿਲ ਵੀ ਕਰਦੇ ਰਹੇ ਹਨ। ਅਜਿਹੀ ਨੇਕ ਪਵਿੱਤਰ ਆਤਮਾ ਦੀ ਕੇਵਲ ਪਰਿਵਾਰਿਕ ਮੈਬਰਾਂ, ਸੰਬੰਧੀਆਂ ਨੂੰ ਹੀ ਵੱਡੀ ਲੋੜ ਨਹੀਂ ਹੁੰਦੀ, ਬਲਕਿ ਸਮੁੱਚੇ ਸਮਾਜ ਨੂੰ ਵੀ ਹਮੇਸ਼ਾਂ ਲੋੜ ਹੁੰਦੀ ਹੈ । ਉਨ੍ਹਾਂ ਦੇ ਚਲੇ ਜਾਣ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਿੱਧੂ ਪਰਿਵਾਰ ਨਾਲ ਆਤਮਿਕ ਤੌਰ ਤੇ ਪੂਰੀ ਹਮਦਰਦੀ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਜੋਈ ਕਰਦੇ ਹਾਂ ਕਿ ਡਾ. ਅਜੀਤ ਸਿੰਘ ਸਿੱਧੂ ਜੀ ਦੀ ਪਵਿੱਤਰ ਤੇ ਨੇਕ ਆਤਮਾ ਨੂੰ ਜਿਥੇ ਆਪਣੇ ਚਰਨਾਂ ਵਿਚ ਨਿਵਾਸ ਬਖਸਣ, ਉਥੇ ਸਾਨੂੰ ਸਭਨਾਂ ਅਤੇ ਖ਼ਾਲਸਾ ਪੰਥ ਨੂੰ ਗੁਰੂ ਦੇ ਭਾਣੇ ਵਿਚ ਰਹਿਣ ਦੀ ਸ਼ਕਤੀ ਦੀ ਬਖਸਿ਼ਸ਼ ਵੀ ਕਰਨ ।”

ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ.ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਜਸਕਰਨ ਸਿੰਘ ਕਾਹਨਸਿੰਘਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੌ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ (ਸਾਰੇ ਜਰਨਲ ਸਕੱਤਰ), ਜਸਵੰਤ ਸਿੰਘ ਚੀਮਾਂ ਪ੍ਰਧਾਨ ਲੁਧਿਆਣਾ, ਪਰਮਜੀਤ ਸਿੰਘ ਰੀਕਾਂ ਪ੍ਰਧਾਨ ਖੰਨਾ, ਅੰਮ੍ਰਿਤਪਾਲ ਸਿੰਘ ਛੰਦੜਾ ਪ੍ਰਧਾਨ ਯੂਥ, ਵਰਿੰਦਰ ਸਿੰਘ ਸੇਖੋ ਮੀਤ ਪ੍ਰਧਾਨ ਆਦਿ ਸਮੁੱਚੀ ਲੀਡਰਸਿ਼ਪ ਨੇ ਸਿੱਧੂ ਪਰਿਵਾਰ ਨਾਲ ਹਮਦਰਦੀ ਅਤੇ ਦੁੱਖ ਸਾਂਝਾ ਕਰਦੇ ਹੋਏ ਕੀਤਾ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ 26 ਜਨਵਰੀ 2022 ਨੂੰ ਬੁੱਧਵਾਰ ਦੁਪਹਿਰ 12 ਤੋ 2 ਵਜੇ ਤੱਕ ਗੁਰਦੁਆਰਾ ਸ੍ਰੀ ਸਿੰਘ ਸਭਾ (ਸ਼ਹੀਦ ਕਰਤਾਰ ਸਿੰਘ ਸਰਾਭਾ ਨਗਰ) ਲੁਧਿਆਣਾ ਵਿਖੇ ਅਰਦਾਸ ਹੋਵੇਗੀ । ਸਮੁੱਚੇ ਪੰਥਦਰਦੀਆਂ ਅਤੇ ਪਾਰਟੀ ਮੈਬਰਾਂ ਨੂੰ ਅਰਦਾਸ ਵਿਚ ਸਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ ।

Leave a Reply

Your email address will not be published. Required fields are marked *