1947 ਤੋਂ ਲੈਕੇ ਅੱਜ ਤੱਕ ਪੰਜਾਬ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੋਇਆ, ਜੇ ਹੋਇਆ ਹੈ ਤਾਂ ਹੁਕਮਰਾਨਾਂ ਦੀਆਂ ਸਵਾਰਥੀ ਸਾਜਿ਼ਸਾਂ ਦੀ ਬਦੌਲਤ : ਮਾਨ
ਫ਼ਤਹਿਗੜ੍ਹ ਸਾਹਿਬ, 25 ਜਨਵਰੀ ( ) “ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਜੇ.ਪੀ. ਨੱਢਾ, ਕੈਪਟਨ ਅਮਰਿੰਦਰ ਸਿੰਘ ਅਤੇ ਸ. ਸੁਖਦੇਵ ਸਿੰਘ ਢੀਂਡਸਾ ਦੀ ਤਿੱਕੜੀ ਪੰਜਾਬ ਨਿਵਾਸੀਆ ਵੱਲੋਂ ਸਿਆਸੀ ਤੌਰ ਤੇ ਉਸੇ ਦਿਨ ਨਕਾਰ ਦਿੱਤੀ ਗਈ ਸੀ ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਘੱਟ ਗਿਣਤੀ ਕੌਮਾਂ ਮਾਰੂ ਮੁਤੱਸਵੀ ਫਿਰਕੂ ਸੈਂਟਰ ਦੀ ਜਮਾਤ ਬੀਜੇਪੀ ਨਾਲ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਗੈਰ ਸਿਧਾਤਿਕ ਤੌਰ ਤੇ ਇਕੱਠੇ ਚੱਲਣ ਦਾ ਸਮਝੋਤਾ ਕੀਤਾ ਸੀ । ਕਿਉਂਕਿ ਉਪਰੋਕਤ ਸਿਆਸਤਦਾਨਾਂ ਦੀ ਤਿੱਕੜੀ ਅਤੇ ਤਿੰਨੇ ਪਾਰਟੀਆਂ ਨੂੰ ਪੰਜਾਬ ਦੇ ਨਿਵਾਸੀ ਕਿਸੇ ਵੀ ਕੀਮਤ ਤੇ ਪ੍ਰਵਾਨ ਕਰਨ ਨੂੰ ਤਿਆਰ ਨਹੀਂ । ਇਹ ਹੋਇਆ ਸਮਝੋਤਾ ਮੌਕਾਪ੍ਰਸਤੀ ਦੀ ਸੋਚ ਅਧੀਨ ਕੇਵਲ ਤੇ ਕੇਵਲ ਸਿਆਸੀ ਪੰਜਾਬ ਦੀ ਸਤ੍ਹਾ ਉਤੇ ਕਾਬਜ ਹੋਣ ਦਾ ਅਸਫਲ ਡਰਾਮਾ ਹੈ । ਸ੍ਰੀ ਨੱਢਾ ਨੇ ਇੰਡੀਆਂ ਦੇ ਗੁਆਂਢੀ ਮੁਲਕ ਪਾਕਿਸਤਾਨ ਦਾ ਹਵਾਲਾ ਦੇਕੇ ਜੋ ਪੰਜਾਬ ਸੂਬੇ, ਪੰਜਾਬੀਆਂ ਨੂੰ ਖ਼ਤਰਾਂ ਖੜ੍ਹਾ ਹੋਣ ਦੀ ਗੱਲ ਕੀਤੀ ਹੈ, ਇਸ ਵਿਚ ਕੋਈ ਸੱਚਾਈ ਜਾਂ ਦਲੀਲ ਨਹੀਂ । ਕਿਉਂਕਿ ਪੰਜਾਬੀ ਅਤੇ ਸਿੱਖ ਕੌਮ ਆਪਣੀ ਸੁਰੱਖਿਆ ਖੁਦ ਕਰ ਸਕਦੀ ਹੈ । ਲੇਕਿਨ ਜੋ ਲਾਹੌਰ ਖਾਲਸਾ ਰਾਜ ਦਰਬਾਰ ਵੱਲੋ ਫਤਹਿ ਕਰਕੇ ਆਪਣੇ ਰਾਜ ਭਾਗ ਵਿਚ ਮਿਲਾਏ ਗਏ ਸਨ, ਇਨ੍ਹਾਂ ਹੁਕਮਰਾਨਾਂ ਵੱਲੋ ਉਨ੍ਹਾਂ ਦੀ ਸੁਰੱਖਿਆ ਤਾਂ ਨਹੀਂ ਕੀਤੀ ਜਾ ਸਕੀ ਅਤੇ ਨਾ ਹੀ ਸਾਡੇ ਜਿੱਤੇ ਹੋਏ ਇਲਾਕੇ ਇਹ ਸਾਂਭ ਸਕੇ ਹਨ । ਜਦੋਕਿ ਬਾਹਰੀ ਹਮਲਾਵਰਾਂ ਨੂੰ ਤਾਂ ਸਿੱਖ ਕੌਮ ਨੇ ਖੈਬਰ ਦਰ੍ਹੇ ਤੋ ਕਦੇ ਟੱਪਣ ਨਹੀਂ ਦਿੱਤਾ ਅਤੇ ਹੁਣ ਇਹ ਪਾਕਿਸਤਾਨ ਦੀ ਗੱਲ ਦਾ ਪ੍ਰਚਾਰ ਕਰਕੇ, ਬਣਾਉਟੀ ਡਰ ਪੈਦਾ ਕਰਨ ਦੀ ਅਸਫ਼ਲ ਕੋਸਿ਼ਸ਼ ਕਰ ਰਹੇ ਹਨ ਅਤੇ ਇਹ ਹੁਕਮਰਾਨ ਵੱਡੇ ਹਊਮੈਂ ਵਿਚ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਜੇ.ਪੀ. ਨੱਢਾ, ਕੈਪਟਨ ਅਮਰਿੰਦਰ ਸਿੰਘ ਵੱਲੋ ਪੰਜਾਬ ਵਿਚ ਅਰਾਜਕਤਾ ਵੱਧਣ ਅਤੇ ਪਾਕਿਸਤਾਨ ਦੇ ਨਾਮ ਦੀ ਦੁਰਵਰਤੋ ਕਰਕੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀ ਹੋ ਰਹੀ ਅਸਫਲ ਕੋਸਿ਼ਸ਼ ਅਧੀਨ ਪੰਜਾਬੀਆਂ ਅਤੇ ਸਿੱਖ ਕੌਮ ਤੋਂ ਕਿਸੇ ਨਾ ਕਿਸੇ ਤਰੀਕੇ ਵੋਟਾਂ ਪ੍ਰਾਪਤ ਕਰਨ ਦੀ ਸਾਜਿ਼ਸ ਦਾ ਹਿੱਸਾ ਕਰਾਰ ਦਿੰਦੇ ਹੋਏ ਸੈਟਰ ਦੇ ਹੁਕਮਰਾਨਾਂ ਅਤੇ ਉਨ੍ਹਾਂ ਦੀਆਂ ਨਵੀਆਂ ਬਣੀਆ ਭਾਈਵਾਲ ਪਾਰਟੀਆਂ ਵੱਲੋਂ ਪੰਜਾਬ ਵਿਚ ਹਊਆ ਖੜ੍ਹਾ ਕਰਨ ਦੇ ਕੀਤੇ ਜਾ ਰਹੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਨੂੰ ਤਾਂ 1947 ਤੋਂ ਲੈਕੇ ਅੱਜ ਤੱਕ ਕੋਈ ਖ਼ਤਰਾ ਨਹੀਂ ਹੋਇਆ ਬਲਕਿ ਪੰਜਾਬ ਅਤੇ ਸਿੱਖ ਕੌਮ ਨੇ ਤਾਂ ਬਾਹਰੀ ਮੁਲਕਾਂ ਦੇ ਹੋਣ ਵਾਲੇ ਹਮਲਿਆ ਸਮੇਂ ਚਟਾਂਨ ਬਣਕੇ ਸਰਹੱਦਾਂ ਉਤੇ ਦੁਸ਼ਮਣਾਂ ਨੂੰ ਚੁਣੋਤੀ ਵੀ ਦਿੰਦੇ ਰਹੇ ਹਨ, ਰੱਖਿਆ ਵੀ ਕਰਦੇ ਆ ਰਹੇ ਹਨ ਅਤੇ ਸ਼ਹੀਦੀਆਂ ਵੀ ਪ੍ਰਾਪਤ ਕਰਦੇ ਆ ਰਹੇ ਹਨ । ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਜੋ ਪੰਜਾਬ ਵਿਚ ਪੰਜਾਬੀਆਂ, ਸਿੱਖ ਨੌਜਵਾਨੀ ਦਾ ਬੇਰਹਿੰਮੀ ਨਾਲ ਖੂਨ ਡੋਲਿਆ ਗਿਆ ਹੈ, ਦਿੱਲੀ ਵਿਚ ਕਤਲੇਆਮ ਕੀਤਾ ਗਿਆ ਹੈ ਜਾਂ ਬਲਿਊ ਸਟਾਰ ਦਾ ਫ਼ੌਜੀ ਹਮਲਾ ਕੀਤਾ ਗਿਆ ਹੈ, ਇਹ ਸਭ ਅਮਲ ਸੈਂਟਰ ਦੀਆਂ ਹੁਕਮਰਾਨ ਮੁਤੱਸਵੀ ਪਾਰਟੀਆਂ ਦੀ ਸਾਂਝੀ ਸਾਜਸੀ ਸੋਚ ਅਤੇ ਪੰਜਾਬ ਦੀ ਪਵਿੱਤਰ ਧਰਤੀ ਉਤੇ ਹਊਆ ਖੜ੍ਹਾ ਕਰਕੇ ਬਹੁਗਿਣਤੀ ਨੂੰ ਆਪਣੇ ਮਗਰ ਲਗਾਉਣ ਦੇ ਹੀ ਦੁੱਖਦਾਇਕ ਅਮਲ ਹੁੰਦੇ ਆ ਰਹੇ ਹਨ । ਅਜਿਹੇ ਅਮਲ ਪਾਕਿਸਤਾਨ ਨੇ ਨਹੀਂ ਕੀਤੇ ਬਲਕਿ ਇਸ ਲਈ ਪੰਜਾਬ ਤੇ ਸਿੱਖ ਕੌਮ ਵਿਰੋਧੀ ਹੁਕਮਰਾਨ ਸਿੱਧੇ ਤੌਰ ਤੇ ਜਿ਼ੰਮੇਵਾਰ ਹਨ ।ਜਿਸ ਲਈ ਸੈਟਰ ਦੇ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਹੁਕਮਰਾਨ ਸਿੱਧੇ ਤੌਰ ਤੇ ਜਿ਼ੰਮੇਵਾਰ ਹਨ । ਨਾ ਕਿ ਪੰਜਾਬ ਸੂਬਾ, ਪੰਜਾਬੀ ਜਾਂ ਸਿੱਖ ਕੌਮ ।
ਉਨ੍ਹਾਂ ਆਪਣੇ ਵਿਚਾਰਾਂ ਦੀ ਲੜੀ ਨੂੰ ਜਾਰੀ ਰੱਖਦੇ ਹੋਏ ਕਿਹਾ ਕਿ ਅੱਜ ਇਹ ਬਣਾਉਟੀ ਅਤੇ ਝੂਠ ਦੇ ਤੌਰ ਤੇ ਪੰਜਾਬ ਦੀ ਸੁਰੱਖਿਆ ਦਾ ਹਊਆ ਖੜ੍ਹਾ ਕਰਕੇ 5 ਸੂਬਿਆਂ ਵਿਚ ਹੋਣ ਵਾਲੀਆ ਅਸੈਬਲੀ ਚੋਣਾਂ ਵਿਚ ਬਹੁਗਿਣਤੀ ਦੀਆਂ ਵੋਟਾਂ ਨੂੰ ਗੁੰਮਰਾਹ ਕਰਕੇ ਪ੍ਰਾਪਤ ਕਰਨ ਦੀ ਤਾਂਕ ਵਿਚ ਹਨ । ਦੂਸਰਾ ਜੇ ਇਨ੍ਹਾਂ ਨੂੰ ਮੁਲਕ ਦੀਆਂ ਸਰਹੱਦਾਂ ਜਾਂ ਪੰਜਾਬ ਦੀ ਸੁਰੱਖਿਆ ਦਾ ਐਨਾ ਹੀ ਖਤਰਾ ਤੇ ਦਰਦ ਹੈ, ਫਿਰ 1819 ਵਿਚ ਲਾਹੌਰ ਖ਼ਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਵੱਲੋ ਅਫਗਾਨੀਸਤਾਨ ਦੇ ਸੂਬੇ ਕਸ਼ਮੀਰ ਨੂੰ ਜੋ ਫਤਹਿ ਕਰਕੇ ਆਪਣੇ ਰਾਜ ਭਾਗ ਵਿਚ ਮਿਲਾਇਆ ਸੀ, ਇਸੇ ਤਰ੍ਹਾਂ 1834 ਵਿਚ ਜੋ ਲਦਾਖ ਦਾ ਇਲਾਕਾ ਲਾਹੌਰ ਖ਼ਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਨੇ ਫ਼ਤਹਿ ਕਰਕੇ ਆਪਣੇ ਰਾਜ ਭਾਗ ਵਿਚ ਮਿਲਾਇਆ ਸੀ, ਉਸਨੂੰ ਵੀ ਇੰਡੀਅਨ ਹੁਕਮਰਾਨਾਂ ਅਤੇ ਫ਼ੌਜਾਂ ਨੇ 1962 ਵਿਚ 39,000 ਸਕੇਅਰ ਵਰਗ ਕਿਲੋਮੀਟਰ ਦਾ ਇਲਾਕਾ ਚੀਨ ਦੇ ਹਵਾਲੇ ਕਰ ਦਿੱਤਾ ਅਤੇ 2020 ਵਿਚ ਉਸੇ ਲਦਾਖ ਦਾ 900 ਸਕੇਅਰ ਵਰਗ ਕਿਲੋਮੀਟਰ ਦਾ ਇਲਾਕਾ ਹੋਰ ਚੀਨ ਦਾ ਕਬਜਾ ਕਰਵਾ ਦਿੱਤਾ । ਜੋ ਹੁਕਮਰਾਨ ਤੇ ਇੰਡੀਅਨ ਫ਼ੌਜਾਂ ਆਪਣੇ ਖੇਤਰ ਤੇ ਇਲਾਕੇ ਨੂੰ ਹੀ ਸੁਰੱਖਿਅਤ ਨਹੀਂ ਰੱਖ ਸਕਦੇ, ਉਨ੍ਹਾਂ ਉਤੇ ਪੰਜਾਬ ਵਰਗੇ ਸਰਹੱਦੀ ਸੂਬੇ ਦੇ ਨਿਵਾਸੀਆਂ ਦੀ ਸੁਰੱਖਿਆ ਜਾਂ ਇਥੋ ਦੇ ਅਮਨ-ਚੈਨ ਤੇ ਜਮਹੂਰੀਅਤ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਦਾ ਕਿਵੇਂ ਵਿਸਵਾਸ ਕੀਤਾ ਜਾ ਸਕਦਾ ਹੈ ? ਦੂਸਰਾ ਜੋ ਸੈਂਟਰ ਦੀਆਂ ਖੂਫੀਆ ਏਜੰਸੀਆਂ ਆਈ.ਬੀ, ਰਾਅ ਅਤੇ ਗ੍ਰਹਿ ਵਿਭਾਗ ਇੰਡੀਆ ਹਨ, ਉਨ੍ਹਾਂ ਨੇ ਕਸ਼ਮੀਰ ਅਤੇ ਲਦਾਖ ਦੇ ਇਲਾਕੇ ਦੇ ਬਾਹਰੀ ਮੁਲਕ ਵੱਲੋ ਕਬਜਾ ਹੋਣ ਦੀ ਅਗਾਊ ਸੂਚਨਾਂ ਦੇਣ ਦੀ ਜਿ਼ੰਮੇਵਾਰੀ ਕਿਉਂ ਨਹੀਂ ਨਿਭਾਈ ? ਪੈਨਗੌਂਗ ਝੀਲ ਜੋ ਸਿੱਖਾਂ ਦੇ ਫ਼ਤਹਿ ਕੀਤੇ ਹੋਏ ਇਲਾਕੇ ਦਾ ਹਿੱਸਾ ਹੈ, ਉਸ ਉਤੇ ਚੀਨ ਪੁੱਲ ਬਣਾ ਰਿਹਾ ਹੈ, ਉਸ ਸੰਬੰਧੀ ਇੰਡੀਆਂ ਦੇ ਹੁਕਮਰਾਨਾਂ, ਫ਼ੌਜ ਦਾ ਕੀ ਰੁੱਖ ਤੇ ਸਟੈਂਡ ਹੈ ? ਬਹੁਤ ਹੀ ਦੁੱਖ ਅਤੇ ਅਫ਼ਸੋਸ ਵਾਲੇ ਹਕੂਮਤੀ ਅਮਲ ਹੋ ਰਹੇ ਹਨ ਕਿ ਜਦੋ ਯੂ.ਪੀ, ਬਿਹਾਰ ਦੇ ਗਰੀਬ ਨਿਵਾਸੀ ਕਿਸੇ ਸਥਾਂਨ ਤੇ ਆਪਣੀਆ ਮਜਬੂਰੀ ਵੱਸ ਝੁੰਗੀਆਂ ਜਾਂ ਟੈਂਟ ਲਗਾਕੇ ਜੀਵਨ ਗੁਜਾਰਾ ਕਰਦੇ ਹਨ, ਉਨ੍ਹਾਂ ਨੂੰ ਤਾਂ ਪੁਲਿਸ ਤੇ ਨਿਜਾਮ ਝੱਟ ਉਜਾੜ ਦਿੰਦਾ ਹੈ ਪਰ ਜੋ ਚੀਨ ਦੇ ਫ਼ੌਜੀਆਂ ਵੱਲੋਂ ਇੰਡੀਆਂ ਦੇ ਲਦਾਖ ਖੇਤਰ ਵਿਚ ਟੈਂਟ ਲਗਾਕੇ ਨਿੱਤ ਦਿਹਾੜੇ ਵੱਧ ਰਹੇ ਹਨ ਅਤੇ ਆਪਣੇ ਚੀਨੀ ਨਿਵਾਸੀਆ ਨੂੰ ਉਥੋ ਦੇ ਪੱਕੇ ਬਸਿੰਦੇ ਬਣਾ ਰਹੇ ਹਨ, ਇਹ ਹੁਕਮਰਾਨ ਤੇ ਇੰਡੀਅਨ ਫ਼ੌਜ ਸਿੱਖਾਂ ਦੇ ਇਸ ਇਲਾਕੇ ਨੂੰ ਖਾਲੀ ਕਰਵਾਉਣ ਦਾ ਅਮਲ ਕਿਉਂ ਨਹੀਂ ਕਰਦੀ ? ਬੀਜੇਪੀ ਵੱਲੋ ਪੰਜਾਬ ਸੂਬੇ ਬਾਰੇ ਖਤਰੇ ਜਾਂ ਸੁਰੱਖਿਆ ਦੀ ਗੈਰ-ਦਲੀਲ ਗੱਲ ਦਾ ਪ੍ਰਚਾਰ ਕਰਕੇ, ਸਮੁੱਚੇ ਮੁਲਕ ਨਿਵਾਸੀਆਂ ਦਾ ਧਿਆਨ ਆਪਣੇ ਸਿਆਸੀ ਮਕਸਦਾ ਦੀ ਪੂਰਤੀ ਲਈ ਕੀਤਾ ਜਾ ਰਿਹਾ ਹੈ । ਜਿਸ ਤੋ ਸਮੁੱਚੇ ਮੁਲਕ ਨਿਵਾਸੀ, ਵਿਸ਼ੇਸ਼ ਤੌਰ ਤੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸੁਚੇਤ ਰਹਿੰਦੇ ਹੋਏ ਬੀਜੇਪੀ, ਕੈਪਟਨ ਅਮਰਿੰਦਰ ਸਿੰਘ, ਆਰ.ਐਸ.ਐਸ. ਦੇ ਗੁਪਤ ਆਦੇਸ਼ਾਂ ਉਤੇ ਕੰਮ ਕਰਨ ਵਾਲੇ ਬਾਦਲ ਦਲ ਤੇ ਆਮ ਆਦਮੀ ਪਾਰਟੀ ਵੱਲੋਂ ਨਵੇਂ-ਨਵੇਂ ਸੋਸੇ ਛੱਡਕੇ ਜਾਂ ਪੰਜਾਬੀਆਂ ਤੇ ਸਿੱਖ ਕੌਮ ਦੀ ਬਿਹਤਰੀ ਦੇ ਝੂਠੇ ਵਾਅਦੇ ਅਤੇ ਨਾਅਰੇ ਲਗਾਕੇ ਪੰਜਾਬ ਦੇ ਮਾਹੌਲ ਨੂੰ ਗੰਧਲਾ ਕੀਤਾ ਜਾ ਰਿਹਾ ਹੈ, ਇਨ੍ਹਾਂ ਸਭ ਪੰਜਾਬ ਤੇ ਸਿੱਖ ਕੌਮ ਵਿਰੋਧੀ ਤਾਕਤਾਂ ਨੂੰ ਆਪਣੀ ਵੋਟ-ਸ਼ਕਤੀ ਰਾਹੀ ਕਰਾਰੀ ਹਾਰ ਦੇਕੇ ਇਥੋ ਬੇਰੰਗ ਭੇਜਿਆ ਜਾਵੇ ਤਾਂ ਕਿ ਪੰਜਾਬ ਦੇ ਵਿਰਸੇ-ਵਿਰਾਸਤ ਅਤੇ ਭਾਈਚਾਰਕ ਸਾਂਝ ਨੂੰ ਸਦੀਵੀ ਤੌਰ ਤੇ ਕਾਇਮ ਰੱਖਿਆ ਜਾ ਸਕੇ ।