ਸ. ਪਰਮਿੰਦਰ ਸਿੰਘ ਝੌਟਾ ਇਨਸਾਫ਼ ਕਮੇਟੀ ਵੱਲੋਂ ਰੋਸ਼ ਵੱਜੋ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ : ਮਾਨ
ਫ਼ਤਹਿਗੜ੍ਹ ਸਾਹਿਬ, 14 ਅਕਤੂਬਰ ( ) “ਸ. ਪਰਮਿੰਦਰ ਸਿੰਘ ਝੌਟਾ ਜੋ ਕਿ ਲੰਮੇ ਸਮੇ ਤੋ ਨਸ਼ੀਲੀਆ ਵਸਤਾਂ ਦੇ ਵਪਾਰ ਕਰਨ ਵਾਲੇ ਅਤੇ ਸੇਵਨ ਕਰਨ ਵਾਲਿਆ ਵਿਰੁੱਧ ਬਾਦਲੀਲ ਢੰਗ ਨਾਲ ਆਵਾਜ ਉਠਾਉਦੇ ਆ ਰਹੇ ਸਨ, ਬੀਤੇ ਕੱਲ੍ਹ ਉਨ੍ਹਾਂ ਦੇ ਅਤਿ ਦਰਦਨਾਕ ਢੰਗ ਨਾਲ ਕਤਲ ਹੋ ਜਾਣ ਉਪਰੰਤ ਅੱਜ ਮਾਨਸਾ ਵਿਖੇ ਸਮੁੱਚੀਆ ਰਾਜਸੀ ਪਾਰਟੀਆਂ, ਕਿਸਾਨ ਯੂਨੀਅਨਾਂ, ਮੁਲਾਜਮ ਜਥੇਬੰਦੀਆਂ, ਮਜਦੂਰ ਜਥੇਬੰਦੀਆਂ ਅਤੇ ਵਿਦਿਆਰਥੀ ਜਥੇਬੰਦੀਆਂ ਦੇ ਭਰਵੇ ਇਕੱਠ ਵਿਚ ਬਹੁਤ ਹੀ ਸੋਗਮਈ ਅਤੇ ਰੋਸਮਈ ਤਕਰੀਰਾ ਦੌਰਾਨ ਸਰਬਸੰਮਤੀ ਨਾਲ ਜੋ ਪਰਮਿੰਦਰ ਸਿੰਘ ਝੌਟਾ ਇਨਸਾਫ਼ ਕਮੇਟੀ ਬਣਾਈ ਗਈ ਹੈ, ਉਸ ਵੱਲੋ 15 ਅਕਤੂਬਰ ਦੇ ਦਿਹਾੜੇ ਤੇ ਸਮੁੱਚੇ ਪੰਜਾਬ ਨੂੰ ਪੂਰਨ ਰੂਪ ਵਿਚ ਬੰਦ ਕਰਨ ਦੀ ਕਾਲ ਦਿੱਤੀ ਗਈ ਹੈ । ਇਸ ਲਈ ਇਸ ਪੰਜਾਬ ਬੰਦ ਨੂੰ ਕਾਮਯਾਬ ਕਰਨ ਲਈ ਸਭ ਦੁਕਾਨਦਾਰ, ਮਜਦੂਰ, ਕਿਸਾਨ ਯੂਨੀਅਨਾਂ, ਟਰਾਸਪੋਰਟਰਾਂ ਅਤੇ ਪੰਜਾਬ ਦੇ ਸਮੁੱਚੇ ਨਿਵਾਸੀ ਸਹਿਯੋਗ ਕਰਨ ਤਾਂ ਕਿ ਇਸ ਤਰ੍ਹਾਂ ਕਿਸੇ ਵੀ ਮਾਂ ਦਾ ਪੁੱਤ, ਭੈਣ ਦਾ ਭਰਾ, ਸੁਹਾਗ ਦਾ ਪਤੀ ਇਸ ਤਰ੍ਹਾਂ ਮੌਤ ਦੇ ਮੂੰਹ ਵਿਚ ਨਾ ਧਕੇਲਿਆ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਮੁੱਖ ਦਫਤਰ ਤੋ ਪ੍ਰੈਸ ਤੇ ਪੰਜਾਬ ਦੇ ਨਿਵਾਸੀਆ ਦੀ ਜਾਣਕਾਰੀ ਲਈ ਸਮੁੱਚੇ ਪੰਜਾਬ ਨੂੰ ਰੋਸ ਵੱਜੋ 15 ਅਕਤੂਬਰ ਨੂੰ ਪੂਰਨ ਰੂਪ ਵਿਚ ਬੰਦ ਰੱਖਣ ਦੀ ਹਾਰਦਿਕ ਤੇ ਸੰਜੀਦਗੀ ਭਰੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਇਸ ਸੰਬੰਧ ਵਿਚ ਹਰ ਤਰ੍ਹਾਂ ਦੇ ਵਹੀਕਲਜ ਤੇ ਰੇਲ ਗੱਡੀਆ ਵੀ ਬੰਦ ਰੱਖੀਆ ਜਾਣਗੀਆ । ਇਸ ਦੌਰਾਨ ਸਮੁੱਚੇ ਇਕੱਠ ਵਿਚ ਜੈਕਾਰਿਆ ਦੀ ਗੂੰਜ ਵਿਚ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋ ਇਥੋ ਦੀ ਕਾਨੂੰਨੀ ਵਿਵਸਥਾਂ ਪੂਰਨ ਰੂਪ ਵਿਚ ਫੇਲ ਹੋ ਜਾਣ ਦੀ ਬਦੌਲਤ ਤੁਰੰਤ ਆਪੋ ਆਪਣੇ ਅਹੁਦਿਆ ਤੋ ਅਸਤੀਫਿਆ ਦੀ ਮੰਗ ਕੀਤੀ ਗਈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਮੁੱਚੇ ਪੰਜਾਬੀ, ਦੁਕਾਨਦਾਰ ਤੇ ਟਰਾਸਪੋਰਟ ਇਸ ਮਿਸਨ ਵਿਚ ਸਹਿਯੋਗ ਕਰਨਗੇ ।