ਸ. ਪਰਮਿੰਦਰ ਸਿੰਘ ਝੌਟੇ ਦਾ ਦਿਨ ਦਿਹਾੜੇ ਹੋਇਆ ਕਤਲ ਦੁੱਖਦਾਇਕ, ਸੂਬੇ ਦੀ ਕਾਨੂੰਨੀ ਵਿਵਸਥਾ ਉਤੇ ਵੱਡਾ ਸਵਾਲ : ਮਾਨ
ਫ਼ਤਹਿਗੜ੍ਹ ਸਾਹਿਬ, 13 ਅਕਤੂਬਰ ( ) “ਸ. ਪਰਮਿੰਦਰ ਸਿੰਘ ਝੌਟਾ ਜੋ ਕਿ ਲੰਮੇ ਸਮੇ ਤੋ ਪੰਜਾਬ ਸੂਬੇ ਵਿਚ ਨਸ਼ਾ ਵੇਚਣ ਵਾਲਿਆ ਵਿਰੁੱਧ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਸੰਘਰਸ ਕਰਦਾ ਆ ਰਿਹਾ ਸੀ ਅਤੇ ਜੋ ਲੋਕ ਨਸ਼ੇ ਦੇ ਵਪਾਰ ਵਿਚ ਸਰਗਰਮ ਸਨ ਜਾਂ ਜੋ ਲੋਕ ਨਸ਼ੀਲੀਆਂ ਵਸਤਾਂ ਦੇ ਸੇਵਨ ਵਿਚ ਫਸੇ ਹੋਏ ਸਨ, ਉਸ ਦਿਸ਼ਾ ਵੱਲ ਉਸ ਅਕਾਲ ਪੁਰਖ ਨੂੰ ਹਾਜਰ ਨਾਜਰ ਜਾਣਕੇ ਆਪਣੀ ਮਨੁੱਖਤਾ ਪੱਖੀ ਜਿੰਮੇਵਾਰੀਆ ਨਿਰੰਤਰ ਪੂਰਨ ਕਰਦਾ ਆ ਰਿਹਾ ਸੀ । ਪਰ ਦੁੱਖ ਅਤੇ ਅਫਸੋਸ ਹੈ ਕਿ ਅੱਜ ਮਾਨਸਾ ਵਿਖੇ ਇਕ ਦਵਾਈਆ ਦੀ ਦੁਕਾਨ ਉਤੇ ਜਦੋ ਉਸਨੇ ਅਤੇ ਉਸਦੇ ਸਾਥੀਆ ਨੇ ਕੁਝ ਨਸ਼ਾ ਸੇਵਨ ਕਰਨ ਵਾਲਿਆ ਨੂੰ ਉਪਰੋਕਤ ਸੰਬੰਧਤ ਦੁਕਾਨ ਤੋ ਨਸ਼ਾ ਲੈਕੇ ਵਾਪਸ ਆਉਦੇ ਫੜਿਆ ਤਾਂ ਪੁੱਛਗਿੱਛ ਦੌਰਾਨ ਜਦੋ ਦੁਕਾਨਦਾਰ ਨਾਲ ਕੁਝ ਬਹਿਸ ਹੋਈ ਤਾਂ ਦੁਕਾਨਦਾਰ ਨੇ ਫੋਨ ਤੇ ਗੱਲ ਕਰਕੇ ਸ. ਪਰਮਿੰਦਰ ਸਿੰਘ ਝੌਟੇ ਨੂੰ ਗੋਲੀ ਨਾਲ ਹਾਲਾਕ ਕਰ ਦਿੱਤਾ ਜੋ ਕਿ ਬਹੁਤ ਹੀ ਅਫਸੋਸਨਾਕ ਅਮਲ ਹੋਇਆ ਹੈ । ਜਦੋ ਦੁਕਾਨਦਾਰ ਨੇ ਗੋਲੀ ਚਲਾਈ ਤਾਂ ਫੋਨ ਤੇ ਹੋ ਰਹੀ ਗੱਲਬਾਤ ਤੋ ਇੰਝ ਜਾਪਦਾ ਸੀ ਕਿ ਉਸਨੇ ਅਜਿਹਾ ਅਮਲ ਕਰਨ ਲਈ ਉਪਰੋ ਕੋਈ ਹਦਾਇਤ ਲਈ ਹੋਵੇ । ਇਸ ਲਈ ਇਸ ਕੀਤੇ ਕਤਲ ਅਤੇ ਕਾਤਲ ਦੀ ਸਭ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਕਾਤਲ ਤੇ ਉਸਨੂੰ ਆਦੇਸ ਦੇਣ ਵਾਲਿਆ ਨੂੰ ਪੰਜਾਬ ਸਰਕਾਰ ਤੇ ਸੰਬੰਧਤ ਪੁਲਿਸ ਵੱਲੋ ਬਿਲਕੁਲ ਬਖਸਿਆ ਨਹੀ ਜਾਣਾ ਚਾਹੀਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਮਾਨਸਾ ਵਿਖੇ ਇਕ ਅਤਿ ਦਰਦਨਾਕ ਵਾਪਰੇ ਕਾਂਡ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਪੰਜਾਬ ਸਰਕਾਰ ਦੀ ਡਾਵਾਡੋਲ ਹੋਈ ਕਾਨੂੰਨੀ ਵਿਵਸਥਾਂ ਲਈ ਸ. ਭਗਵੰਤ ਮਾਨ ਸਰਕਾਰ ਨੂੰ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹਕੂਮਤ ਦਾ ਇਹ ਫਰਜ ਹੁੰਦਾ ਹੈ ਕਿ ਉਹ ਆਪਣੇ ਨਿਵਾਸੀਆ ਦੇ ਜਾਨ-ਮਾਲ ਦੀ ਹਿਫਾਜਤ ਦਾ ਪਹਿਲ ਦੇ ਆਧਾਰ ਤੇ ਪ੍ਰਬੰਧ ਕਰੇ ਅਤੇ ਸੂਬੇ ਵਿਚ ਕਾਨੂੰਨੀ ਵਿਵਸਥਾਂ ਹਰ ਕੀਮਤ ਤੇ ਕਾਇਮ ਰੱਖੀ ਜਾਵੇ । ਪਰ ਮੌਜੂਦਾ ਪੰਜਾਬ ਸਰਕਾਰ ਦੇ ਸਮੇ ਦੌਰਾਨ ਜੇਕਰ ਸਭ ਦੁਖਾਂਤ ਅਤੇ ਵਾਰਦਾਤਾ ਦਾ ਨਿਰੀਖਣ ਕੀਤਾ ਜਾਵੇ ਤਾਂ ਪ੍ਰਤੱਖ ਹੋ ਜਾਂਦਾ ਹੈ ਕਿ ਇਥੇ ਤਾਂ ਨਿਰੰਤਰ ਲੁੱਟਾਖੋਹਾ, ਫਿਰੌਤੀਆ, ਕਤਲ ਆਦਿ ਵੱਡੀ ਗਿਣਤੀ ਵਿਚ ਚੱਲਦੇ ਆ ਰਹੇ ਹਨ । ਸ. ਮਾਨ ਨੇ ਪੰਜਾਬ ਸਰਕਾਰ ਨੂੰ ਖਬਰਦਾਰ ਕਰਦੇ ਹੋਏ ਕਿਹਾ ਕਿ ਜੇਕਰ ਨਸੀਲੀਆ ਵਸਤਾਂ ਦੇ ਸੌਦਾਗਰਾਂ ਨੂੰ ਨੱਥ ਨਾ ਪਾਈ ਗਈ ਤਾਂ ਪੰਜਾਬ ਦੀ ਨੌਜਵਾਨੀ ਦੇ ਭਵਿੱਖ ਦੇ ਖਤਰੇ ਨੂੰ ਨਹੀ ਰੋਕਿਆ ਜਾ ਸਕੇਗਾ । ਜਿਸ ਲਈ ਮੌਜੂਦਾ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਆਪਣੇ ਅਸਫਲ ਪ੍ਰਬੰਧ ਲਈ ਜਿੰਮੇਵਾਰ ਹੋਵੇਗੀ । ਸ. ਮਾਨ ਨੇ ਮੰਗ ਕੀਤੀ ਕਿ ਸ. ਪਰਮਿੰਦਰ ਸਿੰਘ ਝੌਟਾ ਦੇ ਕਾਤਲ ਨੂੰ ਤੁਰੰਤ ਗ੍ਰਿਫਤਾਰ ਕਰਕੇ ਜਿਥੇ ਕਾਨੂੰਨ ਅਨੁਸਾਰ ਸਜਾ ਦੇਣਾ ਦਾ ਪ੍ਰਬੰਧ ਹੋਵੇ, ਉਥੇ ਪੰਜਾਬ ਪੁਲਿਸ ਅਤੇ ਪ੍ਰਸਾਸਨ ਵਿਚ ਨਸੀਲੀਆ ਵਸਤਾਂ ਦੇ ਸੌਦਾਗਰਾਂ ਨਾਲ ਬਣੀ ਸਾਂਝ ਨੂੰ ਸਾਹਮਣੇ ਲਿਆਕੇ ਅਜਿਹੇ ਧੰਦੇ ਕਰਨ ਵਾਲਿਆ ਅਤੇ ਪੰਜਾਬ ਦੀ ਫਿਜਾ ਨੂੰ ਗੰਧਲਾ ਕਰਨ ਵਾਲਿਆ ਨੂੰ ਸਖਤੀ ਨਾਲ ਨਿਪਟਿਆ ਜਾਵੇ ।