ਊਨਾ ਵਿਖੇ ਰਾਜਵਿੰਦਰ ਕੌਰ ਅਤੇ ਪਾਉਟਾ ਸਾਹਿਬ ਸੋਲਨ ਵਿਖੇ ਸ. ਜਸਨਦੀਪ ਸਿੰਘ ਦੇ ਪੇਪਰਾਂ ਸਮੇਂ ਕਕਾਰਾਂ ਨੂੰ ਲਹਾਉਣ ਦੇ ਹੋਏ ਅਮਲ ਅਸਹਿ : ਮਾਨ
ਫ਼ਤਹਿਗੜ੍ਹ ਸਾਹਿਬ, 28 ਨਵੰਬਰ ( ) “ਜਦੋਂ ਸਮੁੱਚੇ ਸੰਸਾਰ ਅਤੇ ਇੰਡੀਆ ਦੇ ਹੁਕਮਰਾਨਾਂ, ਸਿਆਸੀ ਜਮਾਤਾਂ ਸਭ ਨੂੰ ਇਸ ਗੱਲ ਦੀ ਪੂਰਨ ਰੂਪ ਵਿਚ ਜਾਣਕਾਰੀ ਹੈ ਕਿ ਹਰ ਸਿੱਖ ਆਪਣੇ ਨਾਲ 5 ਕਕਾਰ ਸਦਾ ਪਹਿਨਕੇ ਰੱਖਦਾ ਹੈ । ਇਹ ਕਕਾਰ ਸਿੱਖ ਕੌਮ ਦੀ ਵਿਲੱਖਣ ਤੇ ਅਣਖੀਲੀ ਪਹਿਚਾਣ ਦੇ ਪ੍ਰਤੀਕ ਹਨ । ਪਰ ਇਸਦੇ ਬਾਵਜੂਦ ਵੀ ਜੇਕਰ ਸਿੱਖ ਵਿਦਿਆਰਥੀਆਂ ਨੂੰ ਸਰਕਾਰੀ ਸੇਵਾਵਾਂ ਪ੍ਰਾਪਤ ਕਰਨ ਅਧੀਨ ਹੋਣ ਵਾਲੇ ਪੇਪਰਾਂ, ਟੈਸਟਾਂ ਵਿਚ ਬੈਠਣ ਸਮੇਂ ਅਧਿਕਾਰੀਆਂ ਵੱਲੋ ਵਾਰ-ਵਾਰ ਸਾਡੇ 5 ਕਕਾਰਾਂ ਦੀ ਤੋਹੀਨ ਕੀਤੀ ਜਾਂਦੀ ਹੈ ਤਾਂ ਇਹ ਮੁਤੱਸਵੀ ਹੁਕਮਰਾਨਾਂ ਜਾਂ ਜਮਾਤਾਂ ਦੇ ਗੁਪਤ ਆਦੇਸ਼ ਹੀ ਹੋ ਸਕਦੇ ਹਨ । ਜੋ ਸਾਡੇ ਸਿੱਖ ਵਿਦਿਆਰਥੀਆਂ ਨੂੰ ਵਾਰ-ਵਾਰ ਨਿਸ਼ਾਨਾਂ ਬਣਾਕੇ ਸਿੱਖ ਕੌਮ ਦੇ ਕਕਾਰਾਂ ਦਾ ਅਪਮਾਨ ਕੀਤਾ ਜਾਂਦਾ ਹੈ । ਅਜਿਹੀਆ ਕਾਰਵਾਈਆ ਸਿੱਖ ਕੌਮ ਕਦਾਚਿਤ ਸਹਿਣ ਨਹੀ ਕਰੇਗੀ। ਇਸ ਲਈ ਜੋ ਹਿਮਾਚਲ ਦੇ ਊਨਾ ਵਿਚ ਬੀਬੀ ਰਾਜਵਿੰਦਰ ਕੌਰ ਅਤੇ ਪਾਉਟਾ ਸਾਹਿਬ ਦੇ ਸੋਲਨ ਵਿਖੇ ਜਸਨਦੀਪ ਸਿੰਘ ਵੱਲੋ ਪਟਵਾਰੀ ਦੀ ਅਸਾਮੀ ਲਈ ਹੋਣ ਵਾਲੇ ਪੇਪਰਾਂ ਵਿਚ ਸਿੱਖ ਹੋਣ ਦੇ ਨਾਤੇ ਉਨ੍ਹਾਂ ਦੇ ਕਕਾਰਾਂ ਨੂੰ ਨਿਸ਼ਾਨਾਂ ਬਣਾਇਆ ਗਿਆ ਹੈ, ਇਹ ਇੰਡੀਅਨ ਵਿਧਾਨ ਦੇ ਨਿਯਮਾਂ, ਕਾਨੂੰਨਾਂ ਦੀ ਵੀ ਉਲੰਘਣਾ ਹੈ । ਕਿਉਂਕਿ ਇੰਡੀਅਨ ਵਿਧਾਨ ਸਭ ਧਰਮਾਂ, ਵਰਗਾਂ ਨੂੰ ਆਪਣੇ ਧਾਰਮਿਕ ਰਹਿਤ ਮਰਿਯਾਦਾਵਾ ਨਿਯਮਾਂ ਦੀ ਨਿਰਪੱਖਤਾ ਤੇ ਆਜਾਦੀ ਨਾਲ ਪਾਲਣ ਕਰਨ ਦਾ ਵਿਧਾਨਿਕ ਅਧਿਕਾਰ ਦਿੰਦਾ ਹੈ । ਫਿਰ ਸਿੱਖਾਂ ਦੇ ਧਾਰਮਿਕ ਮਰਿਯਾਦਾਵਾ ਤੇ ਨਿਯਮਾਂ ਨੂੰ ਨਿਸ਼ਾਨਾਂ ਬਣਾਕੇ ਅਜਿਹੇ ਅਮਲ ਕਿਉਂ ਕੀਤੇ ਜਾ ਰਹੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਹੁਕਮਰਾਨਾਂ ਤੇ ਹਿਮਾਚਲ ਸਰਕਾਰ ਦੇ ਅਧਿਕਾਰੀਆਂ ਨੂੰ ਇੰਡੀਅਨ ਵਿਧਾਨ ਦੇ ਨਿਯਮਾਂ, ਕਾਨੂੰਨਾਂ ਦੀ ਉਲੰਘਣਾ ਕਰਨ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਨ੍ਹਾਂ ਵੀ ਅਧਿਕਾਰੀਆ ਨੇ ਉਪਰੋਕਤ ਸਿੱਖ ਬੱਚਿਆਂ ਨਾਲ ਇਹ ਗੈਰ ਧਾਰਮਿਕ ਦੁੱਖਦਾਇਕ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲਾ ਅਮਲ ਕੀਤਾ ਹੈ, ਉਨ੍ਹਾਂ ਵਿਰੁੱਧ ਕਾਨੂੰਨੀ ਨਿਯਮਾਂ ਅਨੁਸਾਰ ਤੁਰੰਤ ਅਮਲ ਹੋਵੇ ਅਤੇ ਉਨ੍ਹਾਂ ਨੂੰ ਸੀਮਤ ਸਮੇ ਵਿਚ ਬਣਦੀਆ ਸਜਾਵਾਂ ਮਿਲਣ ਤਾਂ ਕਿ ਕੋਈ ਵੀ ਇੰਡੀਆ ਵਿਚ ਸਿਆਸੀ ਹੁਕਮਰਾਨ ਜਾਂ ਸਰਕਾਰੀ ਅਧਿਕਾਰੀ ਸਿੱਖ ਬੱਚੇ-ਬੱਚੀਆਂ ਨਾਲ ਉਨ੍ਹਾਂ ਦੇ ਕਕਾਰਾਂ ਨੂੰ ਲੈਕੇ ਅਜਿਹਾ ਅਮਲ ਨਾ ਕਰ ਸਕੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਹਿਮਾਚਲ ਸਰਕਾਰ ਇਸ ਗੰਭੀਰ ਵਿਸੇ ਤੇ ਤੁਰੰਤ ਜਾਂਚ ਕਰਵਾਉਦੀ ਹੋਈ ਸੰਬੰਧਤ ਅਧਿਕਾਰੀਆ ਨੂੰ ਕਾਨੂੰਨ ਅਨੁਸਾਰ ਸਜ਼ਾ ਦੇਣ ਦਾ ਜਿਥੇ ਪ੍ਰਬੰਧ ਕਰੇਗੀ, ਉਥੇ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ. ਆਪਣੇ ਤੌਰ ਤੇ ਇਸ ਉਤੇ ਅਮਲ ਕਰਕੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਿਚ ਮੁੱਖ ਭੂਮਿਕਾ ਨਿਭਾਏ ।