ਸ. ਭਗਵੰਤ ਸਿੰਘ ਮਾਨ ਨੇ ਗੰਨੇ ਦਾ ਭਾਅ ਵਧਾਕੇ ਕਿਸਾਨਾਂ ਦੀ ਵੱਡੀ ਮੁਸਕਿਲ ਨੂੰ ਹੱਲ ਕੀਤਾ, ਨਾਇਬ ਸਿੰਘ ਸੈਣੀ ਵੀ ਹਰਿਆਣੇ ਵਿਚ ਗੰਨੇ ਦੇ ਭਾਅ ਵਧਾਉਣ : ਮਾਨ
ਫ਼ਤਹਿਗੜ੍ਹ ਸਾਹਿਬ, 26 ਨਵੰਬਰ ( ) “ਅਸੀ ਲੰਮੇ ਸਮੇ ਤੋ ਇਸ ਗੱਲ ਦੀ ਜੋਰਦਾਰ ਮੰਗ ਕਰਦੇ ਆ ਰਹੇ ਹਾਂ ਕਿ ਜਦੋ ਕਿਸਾਨਾਂ ਨੇ ਸਰਕਾਰ ਦੀਆਂ ਨੀਤੀਆ ਨੂੰ ਪ੍ਰਵਾਨ ਕਰਦੇ ਹੋਏ ਬਦਲਵੀ ਫਸਲ ਬੀਜਣ ਦੀ ਸੁਰੂਆਤ ਕਰ ਦਿੱਤੀ ਹੈ ਤਾਂ ਹੁਣ ਸਰਕਾਰਾਂ ਨੂੰ ਚਾਹੀਦਾ ਹੈ ਕਿ ਕਿਸਾਨ ਦੀ ਪੈਦਾਵਾਰ ਭਾਵੇ ਉਹ ਕਿਸੇ ਵੀ ਫ਼ਸਲ ਦੀ ਹੋਵੇ ਉਸਦੀਆਂ ਉਚਿੱਤ ਕੀਮਤਾਂ ਦਾ ਅਗਾਊ ਐਲਾਨ ਕਰੇ ਤਾਂ ਕਿ ਕਿਸਾਨ ਦੀ ਲਾਗਤ ਕੀਮਤ ਤੋ ਵੱਧਕੇ ਉਸਨੂੰ ਬਣਦਾ ਲਾਭ ਪ੍ਰਾਪਤ ਹੋ ਸਕੇ । ਜੋ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਗੰਨੇ ਦੀ ਫਸਲ ਦੀ ਕੀਮਤ ਵਧਾਕੇ ਕਿਸਾਨਾਂ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਦਾ ਅਮਲ ਕੀਤਾ ਹੈ, ਅਸੀ ਇਸਦਾ ਜਿਥੇ ਭਰਪੂਰ ਸਵਾਗਤ ਕਰਦੇ ਹਾਂ, ਉਥੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਵੀ ਇਹ ਗੁਜਾਰਿਸ ਤੇ ਅਪੀਲ ਕਰਦੇ ਹਾਂ ਕਿ ਉਹ ਹਰਿਆਣੇ ਵਿਚ ਵੀ ਕਿਸਾਨਾਂ ਦੀ ਗੰਨੇ ਦੀ ਫਸਲ ਦੀ ਕੀਮਤ ਪੰਜਾਬ ਦੀਆਂ ਕੀਮਤਾਂ ਦੇ ਬਰਾਬਰ ਕਰਕੇ ਕਿਸਾਨ ਵਰਗ ਨੂੰ ਸਹਿਯੋਗ ਕਰਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਭਗਵੰਤ ਸਿੰਘ ਮਾਨ ਵੱਲੋ ਗੰਨਾ ਕਾਸਤਕਾਰਾਂ ਦੇ ਲਾਭ ਨੂੰ ਮੁੱਖ ਰੱਖਦੇ ਹੋਏ ਗੰਨੇ ਦੀ ਕੀਮਤ 431 ਰੁਪਏ ਪ੍ਰਤੀ ਕੁਇੰਟਲ ਕੀਤੇ ਜਾਣ ਉਤੇ ਤਸੱਲੀ ਪ੍ਰਗਟ ਕਰਦੇ ਹੋਏ ਅਤੇ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਸਰਕਾਰੀ ਨੀਤੀਆ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਲਈ ਜਦੋ ਕਿਸਾਨ ਹਰ ਤਰ੍ਹਾਂ ਸਹਿਯੋਗ ਕਰ ਰਿਹਾ ਹੈ, ਤਾਂ ਸੈਂਟਰ ਅਤੇ ਪੰਜਾਬ ਦੀਆਂ ਸਰਕਾਰਾਂ ਦਾ ਵੀ ਇਹ ਫਰਜ ਬਣ ਜਾਂਦਾ ਹੈ ਕਿ ਉਨ੍ਹਾਂ ਦੀਆਂ ਵੱਖ-ਵੱਖ ਉਤਪਾਦ ਕੀਤੀਆ ਜਾਣ ਵਾਲੀਆ ਫਸਲਾਂ ਦੀਆਂ ਸਹੀ ਕੀਮਤਾਂ ਦਾ ਐਲਾਨ ਕਰਕੇ ਉਨ੍ਹਾਂ ਦੇ ਲਾਭ ਵਿਚ ਵਾਧਾ ਕਰਨ ਦੀ ਜਿੰਮੇਵਾਰੀ ਨਿਭਾਏ ਜਿਸ ਨਾਲ ਕਿਸਾਨ, ਖੇਤ-ਮਜਦੂਰ ਦੇ ਪਰਿਵਾਰਾਂ ਦੇ ਮੈਬਰਾਂ ਦੀ ਮਾਲੀ ਅਤੇ ਪਰਿਵਾਰਿਕ ਹਾਲਤ ਹੋਰ ਬਿਹਤਰ ਹੋ ਸਕੇ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਹਰਿਆਣਾ ਸਰਕਾਰ ਵੀ ਇਸੇ ਸੋਚ ਤੇ ਅਮਲ ਕਰਕੇ ਕਿਸਾਨਾਂ ਦੀ ਮੁਸਕਿਲ ਨੂੰ ਹੱਲ ਕਰੇਗੀ ।