ਬੀਜੇਪੀ-ਬਾਦਲ ਦਲ ਦੇ ਹੋਏ ਗੈਰ-ਸਿਧਾਤਿਕ, ਦਿਸ਼ਾਹੀਣ ਪੰਜਾਬ ਵਿਰੋਧੀ ਸਿਆਸੀ ਗੱਠਜੋੜ ਲਈ ਪੰਜਾਬੀਆਂ ਤੇ ਸਿੱਖ ਕੌਮ ਨੂੰ ਜੁਆਬ ਦੇਣ : ਮਾਨ
ਫ਼ਤਹਿਗੜ੍ਹ ਸਾਹਿਬ, 25 ਨਵੰਬਰ ( ) “ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਹੋਇਆ ਤਾਂ ਮਰਹੂਮ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਆ ਨੇ ਉਸ ਹਮਲੇ ਦੀ ਹਾਮੀ ਭਰਕੇ ਪ੍ਰਵਾਨਗੀ ਦਿੱਤੀ ਸੀ ਅਤੇ ਇਹ ਪੰਥਕ ਮੁਖੋਟਾ ਪਹਿਨਣ ਵਾਲਾ ਬਾਦਲ ਦਲ ਉਸ ਸਮੇ ਤੋ ਹੀ ਖ਼ਾਲਸਾ ਪੰਥ ਦੀ ਕਚਹਿਰੀ ਵਿਚ ਵੱਡਾ ਦੋਸ਼ੀ ਹੈ । ਫਿਰ ਇਸੇ ਬਾਦਲ ਦਲ ਨੇ ਸੈਟਰ ਵੱਲੋ ਬਣਾਏ ਗਏ 3 ਕਿਸਾਨ ਮਾਰੂ ਕਾਨੂੰਨਾਂ ਦੇ ਹੱਕ ਵਿਚ ਆਪਣੀ ਵੋਟ ਦਿੱਤੀ । ਸਵਾ ਸਾਲ ਦਿੱਲੀ ਵਿਖੇ ਚੱਲੇ ਕਿਸਾਨ ਮੋਰਚੇ ਦੌਰਾਨ ਜੋ 700 ਦੇ ਕਰੀਬ ਬੇਕਸੂਰ ਮਿਹਨਤਕਸ ਕਿਸਾਨਾਂ ਨੂੰ ਆਪਣੀ ਜਾਨ ਗੁਆਉਣੀ ਪਈ ਉਸਦੇ ਵੀ ਇਹ ਦੋਸ਼ੀ ਹਨ ਅਤੇ ਸਿੱਖ ਕੌਮ ਨੂੰ ਜੁਆਬਦੇਹ ਹਨ । ਫਿਰ ਸ੍ਰੀ ਮੋਦੀ-ਸ਼ਾਹ, ਰਾਜਨਾਥ ਸਿੰਘ, ਜੈਸੰਕਰ, ਅਜੀਤ ਡੋਵਾਲ, ਰਵੀ ਸਿਨ੍ਹਾ ਅਤੇ ਸੰਮਤ ਗੋਇਲ ਦੀ ਜੂੰਡਲੀ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਨੂੰ ਬਰਾਤਨੀਆ ਵਿਚ ਪੋਲੋਨੀਅਮ ਜਹਿਰ ਦੇ ਕੇ ਮਾਰਨ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਦੇ ਕਤਲ ਕਰਵਾਏ ਅਤੇ ਗੁਰਪਤਵੰਤ ਸਿੰਘ ਪੰਨੂ ਅਮਰੀਕਨ ਨਾਗਰਿਕ ਨੂੰ ਮਾਰਨ ਦੀ ਕੋਸਿਸ ਕੀਤੀ, ਜਿਸ ਵਿਚ ਅਮਰੀਕਾ ਨੇ ਨਿਖਿਲ ਗੁਪਤਾ ਨੂੰ 19 ਸਾਲ ਦੀ ਸਜ਼ਾ ਸੁਣਾਈ ਹੈ ਅਤੇ ਇਸੇ ਕਤਲ ਵਿਚ ਅਜੀਤ ਡੋਵਾਲ ਅਤੇ ਸੰਮਤ ਗੋਇਲ ਜੋ ਕ੍ਰਮਵਾਰ ਕੌਮੀ ਸੁਰੱਖਿਆ ਸਲਾਹਕਾਰ ਅਤੇ ਸਾਬਕਾ ਰਾਅ ਮੁੱਖੀ ਨੂੰ ਸੰਮਨ ਭੇਜੇ ਹਨ । ਇਸ ਅਤਿ ਸੰਜ਼ੀਦਾ ਵਿਸੇ ਤੇ ਇਹ ਬਾਦਲ ਦਲੀਏ ਕਦੀ ਨਹੀ ਬੋਲੇ । ਜਦੋਕਿ ਕੌਮਾਂਤਰੀ ਪੱਧਰ ਤੇ ਉਪਰੋਕਤ ਹੁਕਮਰਾਨਾਂ ਦੀ ਕਾਤਲ ਜੂੰਡਲੀ ਦੋਸ਼ੀ ਸਾਬਤ ਹੋ ਚੁੱਕੀ ਹੈ । ਇਥੇ ਇਹ ਵੀ ਵਰਨਣ ਕਰਨਾ ਜਰੂਰੀ ਹੈ ਕਿ ਜਦੋ ਸ੍ਰੀ ਦਰਬਾਰ ਸਾਹਿਬ ਤੇ ਬਲਿਊ ਸਟਾਰ ਦਾ ਹਮਲਾ ਹੋਇਆ ਤਾਂ ਇਨ੍ਹਾਂ ਦੇ ਆਗੂ ਅਡਵਾਨੀ ਨੇ ਕਿਹਾ ਸੀ ਕਿ ਇਹ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ ਅਤੇ ਦੂਸਰੇ ਆਗੂ ਸ੍ਰੀ ਵਾਜਪਾਈ ਨੇ ਮਰਹੂਮ ਸਿੱਖ ਕੌਮ ਦੀ ਕਾਤਲ ਇੰਦਰਾ ਗਾਂਧੀ ਨੂੰ ‘ਦੁਰਗਾ ਮਾਤਾ’ ਦਾ ਖਿਤਾਬ ਦੇ ਕੇ ਨਿਵਾਜਿਆ ਸੀ । ਫਿਰ ਅਜਿਹੀ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਪਾਰਟੀ ਨਾਲ ਸਵਾਰਥੀ ਤੇ ਸਿਆਸੀ ਸਮਝੌਤੇ ਕਰਨ ਦੀ ਕੀ ਤੁੱਕ ਤੇ ਦਲੀਲ ਬਣਦੀ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਹੱਕ ਹਕੂਕਾ ਨੂੰ ਕੁੱਚਲਣ ਵਾਲੀ, ਸਿੱਖ ਕੌਮ ਦਾ ਕਤਲੇਆਮ ਕਰਨ ਵਾਲੀ, ਸਿੱਖ ਕੌਮ ਉਤੇ ਵੰਦੇ ਮਾਤਰਮ ਵਰਗੇ ਬੁੱਤ ਪੂਜਾ ਵਾਲੇ ਗਾਇਨ ਜਬਰੀ ਲਾਗੂ ਕਰਨ ਵਾਲੀ ਅਤੇ ਹਰ ਖੇਤਰ ਵਿਚ ਬੇਇਨਸਾਫ਼ੀਆ ਕਰਨ ਵਾਲੀ ਬੀਜੇਪੀ ਨਾਲ ਕੀਤੇ ਗਏ ਗੈਰ ਸਿਧਾਤਿਕ, ਗੈਰ ਇਖਲਾਕੀ ਸਮਝੌਤੇ ਉਤੇ ਦੁਨੀਆ ਭਰ ਦੇ ਸਿੱਖਾਂ ਦੇ ਪੰਜਾਬੀਆਂ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਅਮਰੀਕਾ ਨੇ ਤਾਂ ਸਿੱਖ ਕੌਮ ਦੇ ਕਾਤਲਾਂ ਵਿਰੁੱਧ ਕਾਨੂੰਨੀ ਅਮਲ ਸੁਰੂ ਕਰ ਦਿੱਤੇ ਹਨ ਪਰ ਬਰਤਾਨੀਆ, ਕੈਨੇਡਾ, ਪਾਕਿਸਤਾਨ ਵੱਲੋ ਉਨ੍ਹਾਂ ਦੀ ਪ੍ਰਭੂਸਤਾ ਤੇ ਉਨ੍ਹਾਂ ਦੇ ਕਾਨੂੰਨਾਂ ਦਾ ਉਲੰਘਣ ਕਰਨ ਵਾਲੀ ਉਪਰੋਕਤ ਕਾਤਲ ਜੂੰਡਲੀ ਵਿਰੁੱਧ ਕਾਨੂੰਨੀ ਅਮਲ ਅਜੇ ਤੱਕ ਨਹੀ ਕੀਤੇ । ਉਨ੍ਹਾਂ ਕਿਹਾ ਕਿ ਇਥੋ ਤੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਸਾਜਸੀ ਅਪਮਾਨ ਵਿਰੁੱਧ ਜਦੋ ਸਿੱਖ ਲੀਡਰਸਿਪ ਤੇ ਕੌਮ ਬਰਗਾੜੀ ਵਿਖੇ ਅਮਨਮਈ ਧਰਨੇ ਤੇ ਬੈਠੀ ਸੀ ਤਾਂ ਇਨ੍ਹਾਂ ਬਾਦਲ ਦਲੀਆ ਨੇ ਸਿੱਖ ਸੰਗਤ ਉਤੇ ਗੋਲੀਆ ਚਲਾਕੇ 2 ਸਿੰਘ ਸਹੀਦ ਕੀਤੇ ਅਤੇ ਅਨੇਕਾ ਨੂੰ ਜਖਮੀ ਕੀਤਾ । ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਕਾਰਵਾਈਆ ਲਈ ਮੁੱਖ ਦੋਸ਼ੀ ਸਿਰਸੇਵਾਲੇ ਸਾਧ ਹੈ, ਉਸਨੂੰ ਕਾਨੂੰਨੀ ਸਜਾਵਾਂ ਦਿਵਾਉਣ ਦੀ ਬਜਾਇ ਸ੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਅਸਥਾਂਨ ਤੇ ਜਥੇਦਾਰਾਂ ਦੀ ਦੁਰਵਰਤੋ ਕਰਕੇ ਮੁਆਫ਼ ਕਰਵਾਉਦੇ ਹੋਏ ਸਿੱਖ ਮਨਾਂ-ਆਤਮਾਵਾ ਨੂੰ ਠੇਸ ਪਹੁੰਚਾਉਣ ਵਾਲੇ ਇਹ ਬਾਦਲ ਦਲੀਏ ਹਨ । ਫਿਰ 328 ਲਾਪਤਾ ਹੋਏ ਪਾਵਨ ਸਰੂਪਾਂ ਦੇ ਦੋਸ਼ੀਆਂ ਨੂੰ ਕੋਈ ਸਜ਼ਾ ਨਾ ਦੇ ਕੇ ਅੱਜ ਵੀ ਸਿੱਖ ਕੌਮ ਦੀ ਕਚਹਿਰੀ ਵਿਚ ਇਹ ਵੱਡੇ ਦੋਸ਼ੀ ਹਨ ।
ਉਨ੍ਹਾਂ ਕਿਹਾ ਕਿ ਧਾਰਮਿਕ, ਇਖਲਾਕੀ ਅਤੇ ਸਮਾਜਿਕ ਨੁਕਸਾਨ ਕਰਦੇ ਹੋਏ ਇਨ੍ਹਾਂ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜੋ ਪੰਜਾਬੀਆਂ ਨੂੰ ਉਜਾੜਕੇ ਬਣਾਈ ਗਈ ਸੀ ਤੇ ਲਾਹੌਰ ਦੇ ਸਥਾਂਨ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਬਣਾਈ ਗਈ ਸੀ, ਉਸ ਉਤੇ ਆਪਣੀ ਪੰਜਾਬ ਦੀ ਮਲਕੀਅਤ ਦਾ ਦਾਅਵਾ ਛੱਡਕੇ ਯੂਟੀ ਬਣਾਉਣ ਅਤੇ ਉਸ ਉਤੇ ਆਪਣੇ ਸੂਬੇ ਦੇ ਅਧਿਕਾਰਾਂ ਨੂੰ ਖਤਮ ਕਰਨ ਦੇ ਨਾਲ-ਨਾਲ, ਪੰਜਾਬ ਦੇ ਦਰਿਆਵਾ, ਨਹਿਰਾਂ ਦੇ ਕੀਮਤੀ ਪਾਣੀ ਮੁਫਤ ਵਿਚ ਰਾਜਸਥਾਂਨ, ਹਰਿਆਣਾ, ਦਿੱਲੀ ਨੂੰ ਦੇ ਕੇ ਪੰਜਾਬੀਆਂ ਨਾਲ ਵੱਡਾ ਧ੍ਰੋਹ ਕਮਾਇਆ, ਇਥੋ ਤੱਕ ਰਾਜਸਥਾਂਨ, ਹਰਿਆਣਾ, ਹਿਮਾਚਲ ਦੇ ਪੰਜਾਬੀ ਬੋਲਦੇ ਇਲਾਕਿਆ ਨੂੰ ਪੰਜਾਬ ਤੋ ਬਾਹਰ ਕੱਢਣ ਵਿਚ ਮੋਹਰੀ ਭੂਮਿਕਾ ਨਿਭਾਕੇ ਸੈਟਰ ਦੇ ਹੁਕਮਰਾਨਾਂ ਤੋ ਆਪਣੇ ਸਿਆਸੀ, ਮਾਲੀ ਸਵਾਰਥਾਂ ਦੀ ਪੂਰਤੀ ਕਰਦੇ ਰਹੇ ਅਤੇ ਭਾਖੜਾ-ਬਿਆਸ ਮੈਨੇਜਮੈਟ ਬੋਰਡ ਉਤੇ ਪੰਜਾਬ ਦੀ ਜਿੰਮੇਵਾਰੀ ਨੂੰ ਖਤਮ ਕਰਕੇ ਸੈਟਰ ਦੀ ਬੀਜੇਪੀ ਨੇ ਜਬਰੀ ਆਪਣੇ ਅਧੀਨ ਕਰ ਲਿਆ ਹੈ, ਇਸ ਉਤੇ ਇਨ੍ਹਾਂ ਦੀ ਚੁੱਪੀ ਸਭ ਕੁੱਝ ਸਪੱਸਟ ਕਰ ਰਹੀ ਹੈ । ਇਹ ਪੈਰ-ਪੈਰ ਤੇ ਪੰਜਾਬ ਸੂਬੇ ਤੇ ਸਿੱਖਾਂ ਨਾਲ ਧੋਖਾ ਕਰਦੇ ਰਹੇ । ਜਿਸ ਬੀਜੇਪੀ ਦੀ ਫਿਰਕੂ ਜਮਾਤ ਨੇ ਲੰਮੇ ਸਮੇ ਤੋ ਸਾਡੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਸੁਰੱਖਿਆ ਦਾ ਬਹਾਨਾ ਬਣਾਕੇ ਬੰਦ ਕੀਤਾ ਹੋਇਆ ਹੈ । ਜਦੋਕਿ ਇਸ ਤੋ ਵੀ ਬਦਤਰ ਅਤੇ ਗੰਭੀਰ ਹਾਲਾਤ ਜੰਮੂ-ਕਸਮੀਰ ਦੇ ਹਨ, ਫਿਰ ਉਥੇ ਅਮਰਨਾਥ ਯਾਤਰਾ ਕਿਵੇ ਖੁੱਲ੍ਹੀ ਰੱਖੀ ਹੋਈ ਹੈ ? ਇਸ ਤੋ ਪ੍ਰਤੱਖ ਹੁੰਦਾ ਹੈ ਕਿ ਇਹ ਬਾਦਲ ਦਲੀਏ ਅਜਿਹੀਆ ਸਾਜਿਸਾਂ ਵਿਚ ਸੈਟਰ ਦੇ ਹੁਕਮਰਾਨਾਂ ਨਾਲ ਇਨ੍ਹਾਂ ਦੀ ਮਿਲੀਭੁਗਤ ਹੈ । ਫਿਰ ਜੋ ਸਿੱਖ ਕੌਮ ਦੀ ਫੌਜ ਵਿਚ ਭਰਤੀ 33% ਸੀ, ਉਸਨੂੰ ਘਟਾਕੇ 2% ਕਰਨ ਵਾਲੇ ਇਹ ਮੁਤੱਸਵੀ ਹੁਕਮਰਾਨ ਹਨ, ਜਿਨ੍ਹਾਂ ਨਾਲ ਇਨ੍ਹਾਂ ਨੇ ਹੁਣ ਫਿਰ ਦੁਬਾਰਾ ਸਾਂਝ ਪਾਈ ਹੈ ।
ਸ. ਮਾਨ ਨੇ ਪੰਜਾਬ ਤੇ ਸਿੱਖ ਕੌਮ ਵਿਰੋਧੀ ਬੀਜੇਪੀ ਪਾਰਟੀ ਵੱਲੋ ਬੀਤੇ ਸਮੇ ਵਿਚ ਬਾਦਲ ਦਲੀਆ ਨਾਲ ਰਲਕੇ ਸਮੁੱਚੇ ਪੰਜਾਬ ਵਿਚ ਨਸਿਆ ਦੇ ਵਪਾਰ ਨੂੰ ਪ੍ਰਫੁੱਲਿਤ ਕੀਤਾ ਅਤੇ ਨੌਜਵਾਨੀ ਨੂੰ ਨਸਿਆ ਵੱਲ ਧਕੇਲਣ ਵਿਚ ਇਹ ਦੋਵੇ ਜਮਾਤਾਂ ਮੁੱਖ ਦੋਸੀ ਹਨ । ਕਿਉਂਕਿ ਬੀਤੇ ਸਮੇ ਦੇ ਬੀਜੇਪੀ ਪੰਜਾਬ ਦੇ ਪ੍ਰਧਾਨ ਕਮਲ ਸਰਮਾ ਅਤੇ ਉਨ੍ਹਾਂ ਦੇ ਪੀਏ ਤੇ ਹੋਰ ਸਹਿਯੋਗੀ ਇਸ ਵੱਡੇ ਨਸਿਆ ਦੇ ਵਪਾਰ ਵਿਚ ਉਸ ਸਮੇ ਦੇ ਫਿਰੋਜ਼ਪੁਰ ਦੇ ਐਸਐਸਪੀ ਸ. ਹਰਦਿਆਲ ਸਿੰਘ ਮਾਨ ਨੇ ਇਸ ਸੱਚ ਨੂੰ ਸਾਹਮਣੇ ਲਿਆਂਦਾ ਸੀ । ਲੇਕਿਨ ਉਸਨੂੰ ਦਬਾਅ ਦਿੱਤਾ ਗਿਆ ਅਤੇ ਨਸੇ ਦੇ ਵਪਾਰੀਆ ਵਿਰੁੱਧ ਕਾਨੂੰਨੀ ਅਮਲ ਨਹੀ ਕੀਤਾ ਗਿਆ । ਜਿਸ ਲਈ ਪੰਜਾਬ ਵਿਚ ਨਸੇ ਦੇ ਕਾਰੋਬਾਰ ਨੂੰ ਵਧਾਉਣ ਵਿਚ ਜਿਥੇ ਬਾਦਲ ਪਰਿਵਾਰ ਵੱਡਾ ਦੋਸ਼ੀ ਹੈ, ਉਥੇ ਉਸਦੀ ਸਰਪ੍ਰਸਤੀ ਕਰਨ ਵਾਲੇ ਬੀਜੇਪੀ ਨਾਲ ਇਨ੍ਹਾਂ ਦੇ ਕੀਤੇ ਸਮਝੌਤੇ ਦੀ ਹਰ ਕੜੀ ਸਾਹਮਣੇ ਆਉਦੀ ਹੈ । ਸ. ਮਾਨ ਨੇ ਇਸ ਗੱਲ ਤੇ ਅਫਸੋਸ ਪ੍ਰਗਟ ਕੀਤਾ ਕਿ ਆਪਣੇ ਸਿਆਸੀ ਤੇ ਮਾਲੀ ਸਮਝੌਤੇ ਤਾਂ ਕੀਤੇ ਜਾ ਰਹੇ ਹਨ ਲੇਕਿਨ ਜਿਸ ਅਮਲ ਨਾਲ ਇਥੋ ਦੇ ਕਿਸਾਨਾਂ, ਵਪਾਰੀਆ, ਮਜਦੂਰਾਂ, ਟਰਾਸਪੋਰਟਰਾਂ ਆਦਿ ਦੀ ਮਾਲੀ ਹਾਲਤ ਬਿਹਤਰ ਹੋਣੀ ਹੈ, ਸਾਡੇ ਅਟਾਰੀ, ਵਾਹਗਾ ਸਰਹੱਦਾਂ ਕੌਮਾਂਤਰੀ ਵਪਾਰ ਲਈ ਖੁੱਲਣੀਆ ਚਾਹੀਦੀਆ ਹਨ । ਉਸਦੀ ਪੈਰਵੀ ਇਨ੍ਹਾਂ ਬਾਦਲ ਦਲੀਆ ਨੇ ਕਦੇ ਨਹੀ ਕੀਤੀ ਅਤੇ ਨਾ ਹੀ ਸਿਆਸੀ ਸਮਝੌਤੇ ਕਰਨ ਤੋ ਪਹਿਲੇ ਪੰਜਾਬ ਦੇ ਉਪਰੋਕਤ ਮਸਲਿਆ ਨੂੰ ਹੱਲ ਕਰਵਾਉਣ ਦਾ ਕੋਈ ਯਤਨ ਕੀਤਾ ਗਿਆ ਹੈ । ਜਿਸ ਤੋ ਪ੍ਰਤੱਖ ਹੈ ਕਿ ਇਹ ਕੇਵਲ ਤੇ ਕੇਵਲ ਸਿਆਸੀ ਸਤ੍ਹਾ ਪ੍ਰਾਪਤੀ ਅਤੇ ਪੰਜਾਬ ਵਿਚ ਫਿਰ ਤੋ ਫਿਰਕੂ ਹੁਕਮਰਾਨਾਂ ਦੇ ਜਬਰ ਨੂੰ ਵਧਾਕੇ ਪੰਜਾਬੀਆ ਤੇ ਸਿੱਖਾਂ ਨੂੰ ਘਸਿਆਰੇ ਬਣਾਉਣ ਦੀਆਂ ਯੋਜਨਾਵਾ ਹਨ । ਬਾਦਲ ਦਲੀਆ ਨੇ ਪੰਜਾਬ ਦੇ ਸਾਧਨ ਦੀ ਲੁੱਟ ਹੀ ਕਰਵਾਈ ਹੈ ਲੇਕਿਨ ਸੈਟਰ ਤੋ ਪੰਜਾਬ ਦੇ ਹੱਕਾਂ ਲਈ ਕੋਈ ਪ੍ਰਾਪਤੀ ਨਹੀ ਕਰ ਸਕੇ । ਬੀਤੇ 15 ਸਾਲਾਂ ਸਾਡੀ ਐਸ.ਜੀ.ਪੀ.ਸੀ ਦੀਆਂ ਚੋਣਾਂ ਨਹੀ ਕਰਵਾਈਆ ਜਾ ਰਹੀਆ ਅਤੇ ਨਾ ਹੀ ਸਜਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਗੁਰਦੀਪ ਸਿੰਘ ਖੇੜਾ, ਦਵਿੰਦਰਪਾਲ ਸਿੰਘ ਭੁੱਲਰ, ਜਗਤਾਰ ਸਿੰਘ ਹਵਾਰਾ, ਲਖਵਿੰਦਰ ਸਿੰਘ, ਗੁਰਮੀਤ ਸਿੰਘ, ਬਲਵੰਤ ਸਿੰਘ ਰਾਜੋਆਣਾ, ਸਮਸੇਰ ਸਿੰਘ, ਪਰਮਜੀਤ ਸਿੰਘ ਭਿਓਰਾ ਅਤੇ ਜਗਤਾਰ ਸਿੰਘ ਤਾਰਾ ਨੂੰ ਰਿਹਾਅ ਕੀਤਾ ਜਾ ਰਿਹਾ ਹੈ । ਇਥੋ ਤੱਕ ਜੋ ਹਵਾਈ ਜਹਾਜ ਬਣਾਉਣ ਦੇ ਵੱਡੇ ਉਦਯੋਗ ਹਨ, ਉਹ ਕੇਵਲ ਗੁਜਰਾਤ ਵਿਚ ਹੀ ਲਗਾਏ ਜਾ ਰਹੇ ਹਨ ਅਤੇ ਸਾਨੂੰ ਇਹ ਕਹਿਕੇ ਅਜਿਹੇ ਉਦਯੋਗ ਨਹੀ ਦਿੱਤੇ ਜਾ ਰਹੇ ਕਿ ਪੰਜਾਬ ਸਰਹੱਦੀ ਸੂਬਾ ਹੈ । ਜਦੋਕਿ ਗੁਜਰਾਤ ਵੀ ਸਰਹੱਦੀ ਸੂਬਾ ਹੈ । ਅਜਿਹੇ ਵੱਡੇ ਉਦਯੋਗ ਪੰਜਾਬ ਦੀਆਂ ਸਿਵਾਲਿਕ ਦੀਆਂ ਪਹਾੜੀਆ ਅਤੇ ਆਨੰਦਪੁਰ ਸਾਹਿਬ ਦੀਆਂ ਪਹਾੜੀਆ ਵਿਚ ਬਹੁਤ ਸੁਰੱਖਿਅਤ ਤਰੀਕੇ ਨਾਲ ਸਥਾਪਿਤ ਹੋ ਸਕਦੇ ਹਨ । ਕਹਿਣ ਤੋ ਭਾਵ ਹੈ ਪੰਜਾਬ ਸੂਬੇ, ਪੰਜਾਬੀਆ ਤੇ ਸਿੱਖ ਕੌਮ ਨਾਲ ਜਿਆਦਤੀਆ ਤੇ ਵਿਤਕਰੇ ਕਰਨ ਵਾਲੀ ਬੀਜੇਪੀ ਨਾਲ ਇਨ੍ਹਾਂ ਵੱਲੋ ਕੀਤੇ ਗਏ ਸਮਝੌਤੇ ਪੰਜਾਬ ਤੇ ਸਿੱਖ ਕੌਮ ਵਿਰੋਧੀ ਅਮਲ ਹਨ । ਮੈਂ ਜਦੋ ਪਾਰਲੀਮੈਟ ਮੈਬਰ ਸੀ ਤਾਂ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਲਿਖਿਆ ਸੀ ਕਿ ਉਹ ਸਾਡੇ ਯੂਨੀਵਰਸਿਟੀਆ ਅਤੇ ਕਾਲਜਾਂ ਵਿਚ ਕੌਮਾਂਤਰੀ ਪੱਧਰ ਦੇ ਸਵਿੰਮਿੰਗਪੂਲ ਬਣਾਉਣ ਤਾਂ ਕਿ ਸਾਡੇ ਬੱਚੇ ਸਰੀਰਕ ਪੱਖੋ ਵਧੀਆ ਤੈਰਾਕ ਬਣ ਸਕਣ । ਪਰ ਉਹ ਪੂਰਾ ਨਹੀ ਕੀਤਾ ਗਿਆ । ਉਨ੍ਹਾਂ ਕਿਹਾ ਅਸੀ ਸੈਟਰ ਦੀ ਇਸ ਬੀਜੇਪੀ ਦੀ ਹਕੂਮਤ ਨੂੰ ਇਹ ਸੁਝਾਅ ਦਿੱਤਾ ਸੀ ਕਿ ਆਲੂਆ ਦਾ ਸਭ ਤੋ ਵਧੀਆ ਬੀਜ ਸਾਡੇ ਕੋਲ ਹਨ ਇਸ ਲਈ ਸਾਡੀਆ ਜਲੰਧਰ ਤੋ ਚੱਲਣ ਵਾਲੀਆ ਰੇਲ ਗੱਡੀਆ ਦੀ ਏ.ਸੀ ਬੋਗੀਜ ਵਧਾਈਆ ਜਾਣ ਜਿਨ੍ਹਾਂ ਨਾਲ ਸਾਡਾ ਇਹ ਬੀਜ ਪਾਕਿਸਤਾਨ, ਬੰਗਲਾਦੇਸ, ਭੂਟਾਨ, ਸ੍ਰੀਲੰਕਾ, ਅਫਗਾਨੀਸਤਾਨ ਆਦਿ ਮੁਲਕਾਂ ਵਿਚ ਭੇਜਕੇ ਸਾਡੀ ਕਿਸਾਨੀ ਮਾਲੀ ਤੌਰ ਤੇ ਮਜਬੂਤ ਹੋ ਸਕੇ । ਜਦੋਕਿ ਇਹ ਬੀਜ ਮਹਿੰਗੇ ਭਾਅ ਤੇ ਹਾਲੈਡ ਤੋ ਮੰਗਵਾਇਆ ਜਾ ਰਿਹਾ ਹੈ । ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸੁਚੇਤ ਰਹਿੰਦੇ ਰਹਿਣ ਦੀ ਅਪੀਲ ਕਰਦੇ ਹੋਏ ਇਸ ਹੋਏ ਸਾਜਸੀ ਤੇ ਖਤਰਨਾਕ ਸਮਝੌਤੇ ਦੀਆਂ ਦੋਵੇ ਬੀਜੇਪੀ-ਬਾਦਲ ਦਲ ਜਮਾਤਾਂ ਨੂੰ ਆਉਣ ਵਾਲੀਆ ਚੋਣਾਂ ਵਿਚ ਕਰਾਰੀ ਹਾਰ ਦੇਣ ਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ।