ਗੁਰ: ਬੰਗਲਾ ਸਾਹਿਬ ਦਿੱਲੀ ਵਿਖੇ ਪੁਲਿਸ ਵੱਲੋਂ ਦਾਖਲ ਹੋ ਕੇ ਗੁਰੂ ਮਰਿਯਾਦਾਵਾ ਦਾ ਘਾਣ ਕਰਨ ਦੇ ਅਮਲ ਬਿਲਕੁਲ ਬਰਦਾਸਤ ਨਹੀ ਕੀਤੇ ਜਾਣਗੇ : ਮਾਨ
ਫ਼ਤਹਿਗੜ੍ਹ ਸਾਹਿਬ, 12 ਅਕਤੂਬਰ ( ) “ਜੋ ਗੁਰਦੁਆਰਾ ਬੰਗਲਾ ਸਾਹਿਬ ਵਿਚ ਬੀਤੇ ਦਿਨੀਂ ਦਿੱਲੀ ਪੁਲਿਸ ਵੱਲੋ ਜੁੱਤੀਆ ਸਮੇਤ ਨੰਗੇ ਸਿਰ ਦਾਖਲ ਹੋ ਕੇ ਗੁਰੂਘਰ ਦੀਆਂ ਮਹਾਨ ਮਰਿਯਾਦਾਵਾ ਦਾ ਘਾਣ ਕੀਤਾ ਗਿਆ ਹੈ, ਉਹ ਸਿੱਖ ਕੌਮ ਲਈ ਅਸਹਿ ਹੈ ਅਤੇ ਸਿੱਖ ਕੌਮ ਅਜਿਹੀਆ ਹਕੂਮਤੀ ਕਾਰਵਾਈਆ ਨੂੰ ਬਿਲਕੁਲ ਬਰਦਾਸਤ ਨਹੀ ਕਰੇਗੀ । ਇਹ ਕਾਰਵਾਈ ਉਸੇ ਤਰ੍ਹਾਂ ਦੀ ਹੈ ਜਿਵੇ ਬਲਿਊ ਸਟਾਰ ਆਪ੍ਰੇਸਨ ਤੋ ਕਈ ਸਾਲ ਪਹਿਲੇ ਪੰਜਾਬ ਦੇ ਆਈ.ਜੀ ਅਸਵਨੀ ਕੁਮਾਰ ਵੱਲੋ ਦਰਬਾਰ ਸਾਹਿਬ ਵਿਚ ਪੁਲਿਸ ਦਾਖਲ ਕਰਕੇ ਸਿੱਖ ਮਨਾਂ ਤੇ ਆਤਮਾਵਾ ਨੂੰ ਠੇਸ ਪਹੁੰਚਾਈ ਗਈ ਅਤੇ ਫਿਰ ਬਲਿਊ ਸਟਾਰ ਆਪ੍ਰੇਸਨ ਕਰਕੇ ਮਰਹੂਮ ਇੰਦਰਾ ਗਾਂਧੀ ਨੇ ਸਿੱਖ ਮਨਾਂ ਨੂੰ ਛਲਨੀ-ਛਲਨੀ ਕੀਤਾ । ਹਕੂਮਤ ਦੇ ਨਸ਼ੇ ਵਿਚ ਸਿੱਖ ਕੌਮ ਹੁਕਮਰਾਨਾਂ ਨੂੰ ਇਸ ਤਰ੍ਹਾਂ ਸਾਡੀਆ ਸਿੱਖੀ ਪੰ੍ਰਪਰਾਵਾ ਤੇ ਮਰਿਯਾਦਾਵਾ ਦਾ ਘਾਣ ਕਰਨ ਅਤੇ ਸਾਡੇ ਗੁਰੂਘਰਾਂ ਦੇ ਅਪਮਾਨ ਕਰਨ ਦੀ ਇਜਾਜਤ ਕਦਾਚਿਤ ਨਹੀ ਦੇ ਸਕਦੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਲੀ ਸਰਕਾਰ ਵੱਲੋ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬੀਤੇ ਦਿਨੀਂ ਜੁੱਤੀਆ ਸਮੇਤ ਅਤੇ ਨੰਗੇ ਸਿਰ ਪੁਲਿਸ ਮੁਲਾਜਮਾਂ ਵੱਲੋ ਦਾਖਲ ਹੋਣ ਉਤੇ ਗੁਰੂ ਮਰਿਯਾਦਾਵਾ ਦਾ ਹੋਏ ਉਲੰਘਣ ਉਤੇ ਸ੍ਰੀ ਮੋਦੀ, ਸ਼ਾਹ ਤੇ ਦਿੱਲੀ ਦੀ ਬੀਜੇਪੀ ਸਰਕਾਰ ਨੂੰ ਇਸ ਕੀਤੀ ਅਤਿ ਸ਼ਰਮਨਾਕ ਘਿਣੋਨੀ ਕਾਰਵਾਈ ਉਤੇ ਖਬਰਦਾਰ ਕਰਦੇ ਹੋਏ ਅਤੇ ਨਿਕਲਣ ਵਾਲੇ ਨਤੀਜਿਆ ਲਈ ਜਿੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਸ ਸਿੱਖ ਕੌਮ ਨੇ ਬੀਤੇ ਸਮੇ ਵਿਚ ਮੁਗਲ ਹਾਕਮਾਂ ਤੋ ਹਿੰਦੂ ਬਹੁਗਿਣਤੀ ਦੀਆਂ ਧੀਆਂ-ਭੈਣਾਂ ਨੂੰ ਛੁਡਵਾਕੇ ਉਨ੍ਹਾਂ ਨੂੰ ਬਾਇੱਜਤ ਘਰੋ-ਘਰੀ ਪਹੁੰਚਾਉਣ ਦੀ ਜਿੰਮੇਵਾਰੀ ਨਿਭਾਈ ਹੋਵੇ, ਮੁਲਕ ਦੀਆਂ ਸਰਹੱਦਾਂ ਤੇ ਦੁਸਮਣ ਤਾਕਤਾਂ ਲਈ ਕੰਧ ਬਣਕੇ ਖਲੋਦੀ ਆਈ ਹੋਵੇ ਅਤੇ ਇਸ ਮੁਲਕ ਲਈ ਆਪਣੀਆ ਸ਼ਹਾਦਤਾਂ ਤੇ ਕੁਰਬਾਨੀਆ ਦਿੱਤੀਆ ਹੋਣ ਉਸ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਦੇ ਗੁਰੂਘਰਾਂ ਵਿਚ ਦਾਖਲ ਹੋ ਕੇ ਗੁਰੂਘਰਾਂ ਦੀਆਂ ਪੰ੍ਰਪਰਾਵਾ ਨੂੰ ਤੋੜਕੇ ਜੋ ਹੁਕਮਰਾਨ ਸਿੱਖ ਕੌਮ ਨਾਲ ਫਿਰ ਨਵੀ ਭਾਜੀ ਪਾ ਰਹੇ ਹਨ, ਇਸਦੇ ਨਤੀਜੇ ਕਦਾਚਿਤ ਅੱਛੇ ਨਹੀ ਨਿਕਲਣਗੇ ਅਤੇ ਸਿੱਖ ਕੌਮ ਅਜਿਹੇ ਦੋਖੀ ਹਾਕਮਾਂ ਨੂੰ ਕਦਾਚਿਤ ਮੁਆਫ ਨਹੀ ਕਰੇਗੀ । ਕਿਉਂਕਿ ਸਿੱਖ ਕੌਮ ਕਿਸੇ ਧਰਮ, ਕੌਮ, ਕਬੀਲੇ, ਵਰਗ ਆਦਿ ਜਾਂ ਘਰਵਾਰ ਉਤੇ ਕਿਸੇ ਤਰ੍ਹਾਂ ਮੰਦਭਾਵਨਾ ਅਧੀਨ ਕਦੀ ਹਮਲਾ ਨਹੀ ਕਰਦੀ । ਨਾ ਹੀ ਕਿਸੇ ਧਰਮ ਨੂੰ ਅਪਮਾਨਿਤ ਕਰਦੀ ਹੈ । ਜਿਨ੍ਹਾਂ ਹੁਕਮਰਾਨਾਂ ਨੇ ਤਾਕਤ ਦੇ ਨਸ਼ੇ ਵਿਚ ਇਹ ਅਮਲ ਕੀਤੇ ਹਨ ਉਨ੍ਹਾਂ ਨੇ ਬਹੁਤ ਵੱਡੀ ਬਜਰ ਗੁਸਤਾਖੀ ਕੀਤੀ ਹੈ ਜੋ ਬਿਲਕੁਲ ਬਰਦਾਸਤਯੋਗ ਨਹੀ ।