ਮੋਹਨਜੀਤ ਸਿੰਘ ਸੇਰੋਂ ਉਤੇ ਹੋਏ ਤਸੱਦਦ ਦੇ ਮਾਮਲੇ ਵਿਚ ਨਿਰਪੱਖਤਾ ਨਾਲ ਕਿਸੇ ਏਜੰਸੀ ਰਾਹੀ ਜਾਂਚ ਹੋਵੇ : ਮਾਨ
ਫ਼ਤਹਿਗੜ੍ਹ ਸਾਹਿਬ, 09 ਸਤੰਬਰ ( ) “ਸ. ਮੋਹਨਜੀਤ ਸਿੰਘ ਸੇਰੋ ਜਿਨ੍ਹਾਂ ਨੇ ਸ. ਭਗਵੰਤ ਮਾਨ ਸਰਕਾਰ ਦੇ ਲੋਕ ਵਿਰੋਧੀ ਅਮਲਾਂ ਵਿਰੁੱਧ ਰੋਸ ਜਾਹਰ ਕਰਦੇ ਹੋਏ ਭਗਵੰਤ ਮਾਨ ਦੇ ਸੰਗਰੂਰ ਵਿਖੇ ਪਹੁੰਚਣ ਤੇ ਕਾਲੇ ਝੰਡਿਆ ਨਾਲ ਆਪਣੀਆ ਭਾਵਨਾਵਾ ਦਾ ਇਜਹਾਰ ਕੀਤਾ ਸੀ । ਜਿਸਨੇ ਕੋਈ ਵੀ ਗੁਨਾਹ ਜਾਂ ਗੈਰ ਕਾਨੂੰਨੀ ਅਮਲ ਨਹੀ ਸੀ ਕੀਤਾ । ਲੇਕਿਨ ਸਰਕਾਰ ਦੇ ਸਿਆਸੀ ਤੇ ਸਿਵਲ ਜੀ-ਹਜੂਰੀ ਅਫਸਰਾਂ ਨੇ ਜੋ ਸ. ਮੋਹਨਜੀਤ ਸਿੰਘ ਨਾਲ ਗੈਰ ਕਾਨੂੰਨੀ ਤੇ ਅਣਮਨੁੱਖੀ ਤਸੱਦਦ ਕੀਤਾ ਹੈ ਉਸਦੀ ਅਸੀ ਜਿਥੇ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ, ਕਿਉਂਕਿ ਕਿਸੇ ਵੀ ਸਰਕਾਰ ਦੇ ਅਮਲਾਂ ਦੇ ਵਿਰੁੱਧ ਰੋਸ ਕਰਨ ਦਾ ਹੱਕ ਇੰਡੀਅਨ ਵਿਧਾਨ ਦਿੰਦਾ ਹੈ । ਇਹ ਹੋਏ ਮਨੁੱਖਤਾ ਵਿਰੋਧੀ ਵਰਤਾਰੇ ਦੀ ਜਿਥੇ ਨਿਰਪੱਖਤਾ ਨਾਲ ਜਾਂਚ ਹੋਣੀ ਬਣਦੀ ਹੈ, ਉਥੇ ਇਸ ਦੁਖਾਂਤ ਵਿਚ ਸਾਮਿਲ ਸਿਵਲ ਜਾਂ ਪੁਲਿਸ ਅਧਿਕਾਰੀਆ ਨੂੰ ਹਰ ਕੀਮਤ ਤੇ ਕਾਨੂੰਨੀ ਸਜਾਵਾਂ ਮਿਲਣੀਆ ਚਾਹੀਦੀਆ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਦਿਨ ਪਹਿਲੇ ਸੰਗਰੂਰ ਜਿ਼ਲ੍ਹੇ ਦੇ ਪਿੰਡ ਸੇਰੋ ਦੇ ਇਕ ਅੱਛੇ ਪਰਿਵਾਰ ਦੇ ਨੌਜਵਾਨ ਸ. ਮੋਹਨਜੀਤ ਸਿੰਘ ਉਤੇ ਪੁਲਿਸ ਅਤੇ ਸਿਵਲ ਅਫਸਰਾਂ ਵੱਲੋ ਸਰਕਾਰ ਦੀ ਸਹਿ ਉਤੇ ਕੀਤੇ ਗਏ ਅਣਮਨੁੱਖੀ ਜਬਰ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸਦੀ ਨਿਰਪੱਖਤਾ ਨਾਲ ਜਾਂਚ ਕਰਕੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਣਦੀਆ ਸਜਾਵਾਂ ਦੇਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਮੈਂ ਐਮ.ਪੀ ਸੀ ਤਾਂ ਉਸ ਪਿੰਡ ਦੇ 2 ਨੌਜਵਾਨ ਗਲਤ ਕੰਮਾਂ ਵਿਚ ਪਰ ਮੈਂ ਮੌਕੇ ਉਤੇ ਤੁਰੰਤ ਪਹੁੰਚਿਆ ਕਿਉਂਕਿ ਇਹ ਪਰਿਵਾਰ ਲੰਮੇ ਸਮੇ ਤੋ ਕੌਮ ਦੇ ਸੰਘਰਸ ਵਿਚ ਨਿੱਘਾ ਯੋਗਦਾਨ ਪਾਉਦਾ ਆ ਰਿਹਾ ਹੈ ਅਤੇ ਮੈਂ ਮੌਕੇ ਦੇ ਐਸ.ਐਸ.ਪੀ ਨੂੰ ਗੱਲ ਕੀਤੀ ਜਿਸ ਨਾਲ ਕਿਸੇ ਨੇ ਵੀ ਇਨ੍ਹਾਂ ਨੂੰ ਤੰਗ ਨਹੀ ਕੀਤਾ । ਲੇਕਿਨ ਹੁਣ ਫਿਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਆਪਣੇ ਦਿੱਲੀ ਦੇ ਅਕਾਵਾ ਦੇ ਪੰਜਾਬ ਤੇ ਸਿੱਖ ਵਿਰੋਧੀ ਅਮਲਾਂ ਤੇ ਅਮਲ ਕਰਦੀ ਆ ਰਹੀ ਹੈ, ਉਸ ਵੱਲੋ ਬਿਨ੍ਹਾਂ ਵਜਹ ਇਸ ਨੌਜਵਾਨ ਉਤੇ ਕੀਤਾ ਗਿਆ ਤਸੱਦਦ ਅਸਹਿ ਹੈ । ਅਜਿਹੇ ਮਨੁੱਖਤਾ ਵਿਰੋਧੀ ਅਮਲਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਤਈ ਬਰਦਾਸਤ ਨਹੀ ਕਰੇਗਾ । ਉਨ੍ਹਾਂ ਕਿਹਾ ਕਿ ਇੰਡੀਆ ਦਾ ਵਿਧਾਨ ਜਮਹੂਰੀਅਤ ਪਸੰਦ ਦੀ ਗੱਲ ਕਰਦਾ ਹੈ ਜਿਸ ਵਿਚ ਇਥੋ ਦੇ ਨਾਗਰਿਕਾਂ ਨੂੰ ਧਾਰਾ 19 ਅਤੇ 21 ਰਾਹੀ ਆਜਾਦੀ ਨਾਲ ਆਪਣੇ ਵਿਚਾਰ ਪ੍ਰਗਟ ਕਰਨ, ਰੋਸ ਮੁਜਾਹਰੇ, ਰੈਲੀਆ ਕਰਨ ਦਾ ਅਧਿਕਾਰ ਦੇਣ ਦੇ ਨਾਲ-ਨਾਲ ਮੁਲਕ ਦੇ ਕਿਸੇ ਵੀ ਹਿੱਸੇ ਵਿਚ ਜਾਣ ਆਉਣ ਅਤੇ ਆਪਣੇ ਕਾਰੋਬਾਰ ਕਰਨ ਦੀ ਆਜਾਦੀ ਦੀ ਖੁੱਲ੍ਹ ਦਿੰਦਾ ਹੈ । ਫਿਰ ਜਦੋ ਸ. ਮੋਹਨਜੀਤ ਸਿੰਘ ਆਪਣੇ ਅਧਿਕਾਰਾਂ ਅਧੀਨ ਹੀ ਜਮਹੂਰੀਅਤ ਢੰਗ ਨਾਲ ਕਾਲੀ ਝੰਡੀ ਲਹਿਰਾਕੇ ਰੋਸ ਜਾਹਰ ਕਰ ਰਿਹਾ ਸੀ ਤਾਂ ਉਸ ਉਤੇ ਪੁਲਿਸ ਅਫਸਰਾਂ ਵੱਲੋ ਕੀਤਾ ਗਿਆ ਜਬਰ ਗੈਰ ਵਿਧਾਨਿਕ ਅਤੇ ਮਨੁੱਖਤਾ ਵਿਰੋਧੀ ਹੈ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਦੇ ਮਨਾਂ ਵਿਚ ਉਪਰੋਕਤ ਮੋਹਨਜੀਤ ਉਤੇ ਹੋਏ ਤਸੱਦਦ ਨੂੰ ਲੈਕੇ ਜੋ ਵੱਡਾ ਰੋਸ ਉੱਠਿਆ ਹੈ, ਉਸ ਨੂੰ ਸ਼ਾਤ ਕਰਨ ਲਈ ਸਰਕਾਰ ਨਿਰਪੱਖਤਾ ਨਾਲ ਇਸਦੀ ਜਾਂਚ ਕਰਵਾਏਗੀ ਅਤੇ ਦੋਸ਼ੀ ਅਧਿਕਾਰੀਆ ਵਿਰੁੱਧ ਬਣਦੀ ਕਾਰਵਾਈ ਕਰਕੇ ਪੰਜਾਬੀਆ ਤੇ ਸ. ਮੋਹਨਜੀਤ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦੇਵੇਗੀ ।