ਸਰਕਾਰ ਤਾਂ ਨਿਰੰਤਰ ਸਿੱਖੀ ਸੰਸਥਾਵਾਂ ਵਿਚ ਦਖਲਅੰਦਾਜੀ ਕਰਦੀ ਆ ਰਹੀ ਹੈ, ਪਰ ਸਿੰਘ ਸਾਹਿਬ 15 ਸਾਲਾਂ ਤੋਂ ਐਸ.ਜੀ.ਪੀ.ਸੀ ਦੀਆਂ ਰੁਕੀਆ ਚੋਣਾਂ ਕਰਵਾਉਣ ਦਾ ਉਦਮ ਕਰਨ : ਮਾਨ
ਫ਼ਤਹਿਗੜ੍ਹ ਸਾਹਿਬ, 24 ਅਗਸਤ ( ) “ਸੈਟਰ ਅਤੇ ਪੰਜਾਬ ਦੀਆਂ ਸਰਕਾਰਾਂ ਤਾਂ ਲੰਮੇ ਸਮੇ ਤੋਂ ਸਾਡੀ ਸਿੱਖ ਪਾਰਲੀਮੈਟ ਐਸ.ਜੀ.ਪੀ.ਸੀ ਵਿਚ ਅਤੇ ਉਸ ਨਾਲ ਸੰਬੰਧਤ ਵਿਦਿਅਕ ਅਤੇ ਸਿਹਤ ਸੰਸਥਾਵਾਂ ਵਿਚ ਨਿਰੰਤਰ ਦਖਲਅੰਦਾਜੀ ਕਰਦੀ ਆ ਰਹੀ ਹੈ । ਬਾਦਲ ਦਲੀਆ ਦਾ ਇਸ ਵਿਸੇ ਤੇ ਬਹੁਤ ਬੁਰਾ ਹਾਲ ਹੈ । ਉਹ ਆਪਣੇ ਸਿਆਸੀ ਅਤੇ ਮਾਲੀ ਫਾਇਦਿਆ ਲਈ ਖੁਦ ਹੀ ਸਰਕਾਰਾਂ ਨੂੰ ਅਜਿਹੀ ਦਖਲਅੰਦਾਜੀ ਕਰਨ ਤੋ ਨਹੀ ਰੋਕਦੇ ਕਿਉਂਕਿ ਉਹ ਕੰਮਜੋਰ ਹੋ ਚੁੱਕੇ ਹਨ । ਇਹੀ ਵਜਹ ਹੈ ਕਿ ਬੀਤੇ 15 ਸਾਲਾਂ ਤੋ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਹੀ ਨਹੀ ਕਰਵਾ ਸਕੇ ਅਤੇ ਨਾ ਹੀ ਇਸ ਲਈ ਸਰਕਾਰ ਨੂੰ ਪਹੁੰਚ ਕਰਦੇ ਹਨ । ਕਿਉਂਕਿ ਗੁਲਾਮੀ ਇਨ੍ਹਾਂ ਦੇ ਖੂਨ ਵਿਚ ਘਰ ਕਰ ਚੁੱਕੀ ਹੈ । ਇਸ ਕੰਮਜੋਰੀ ਦੀ ਬਦੌਲਤ ਹੀ ਇਨ੍ਹਾਂ ਨੇ ਬਲਾਤਕਾਰੀ ਅਤੇ ਕਾਤਲ ਸਿਰਸੇਵਾਲੇ ਸਾਧ ਜਿਸਨੇ ਬਰਗਾੜੀ, ਬੁਰਜ ਜਵਾਹਰ ਸਿੰਘ ਵਾਲਾ, ਕੋਟਕਪੂਰਾ ਅਤੇ ਹੋਰ ਅਨੇਕਾ ਸਥਾਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾਈਆ ਹਨ ਅਤੇ ਜੋ ਸਿੱਖ ਕੌਮ ਦਾ ਵੱਡਾ ਦੋਸ਼ੀ ਹੈ । ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋ ਸਿੱਖੀ ਸਿਧਾਤਾਂ, ਨਿਯਮਾਂ ਨੂੰ ਨਜਰਅੰਦਾਜ ਕਰਕੇ ਕੇਵਲ ਮੁਆਫ਼ ਹੀ ਨਹੀ ਕਰਵਾਇਆ ਬਲਕਿ ਸਾਡੀ ਇਸ ਧਾਰਮਿਕ ਸੰਸਥਾਂ ਦੇ ਖਜਾਨੇ ਵਿਚੋ 90 ਲੱਖ ਰੁਪਏ ਖਰਚ ਕਰਕੇ ਉਸਨੂੰ ਸਹੀ ਸਾਬਤ ਕਰਨ ਲਈ ਇਸਤਿਹਾਰਬਾਜੀ ਕੀਤੀ । ਆਪਣੀਆ ਪ੍ਰਾਈਵੇਟ ਕੰਪਨੀਆ ਦੇ ਸੀ.ਏ. ਸ. ਸਤਿੰਦਰਪਾਲ ਸਿੰਘ ਕੋਹਲੀ ਨੂੰ ਐਸ.ਜੀ.ਪੀ.ਸੀ ਦਾ ਸੀ.ਏ ਵੀ ਲਗਾਇਆ ਜਿਸ ਨੂੰ ਸਲਾਨਾ 1 ਕਰੋੜ ਰੁਪਏ ਦਾ ਪੈਕਜ ਐਸ.ਜੀ.ਪੀ.ਸੀ ਵਿਚੋ ਜਾਂਦਾ ਰਿਹਾ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਲਾਪਤਾ ਕੀਤੇ ਗਏ, ਐਸ.ਜੀ.ਪੀ.ਸੀ ਦੇ ਸਾਧਨਾਂ ਅਤੇ ਗੋਲਕ ਦੀ ਨਿਰੰਤਰ ਦੁਰਵਰਤੋ ਕਰਦੇ ਆ ਰਹੇ ਹਨ । ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਇਨ੍ਹਾਂ ਨੇ ਖੁਦ ਕਰਵਾਇਆ, ਫਿਰ ਹੱਥ ਖੜ੍ਹੇ ਕਰਕੇ ਫ਼ੌਜੀ ਬਖਤਰਬੰਦ ਗੱਡੀਆ ਰਾਹੀ ਸ੍ਰੀ ਦਰਬਾਰ ਸਾਹਿਬ ਤੋ ਬਾਹਰ ਆਏ । ਝੂਠੇ ਪੁਲਿਸ ਮੁਕਾਬਲੇ ਕਰਵਾਉਣ ਵਿਚ ਮੋਹਰੀ ਰਹੇ । ਇਨ੍ਹਾਂ ਬਾਦਲ ਦਲੀਆ ਨੇ ਕਾਤਲ ਪੁਲਿਸ ਅਫਸਰਾਂ ਨੂੰ ਤਰੱਕੀਆ ਦਿੱਤੀਆ ਜੋ ਕਿ ਇਨ੍ਹਾਂ ਦੇ ਚੇਹਤੇ ਰਹੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋ ਐਸ.ਜੀ.ਪੀ.ਸੀ ਦੀ ਧਾਰਮਿਕ ਸੰਸਥਾਂ ਵਿਚ ਸੈਟਰ ਸਰਕਾਰ ਦੀ ਵੱਧਦੀ ਦਖਲਅੰਦਾਜੀ ਉਤੇ ਪ੍ਰਗਟਾਈ ਗਹਿਰੀ ਚਿੰਤਾ ਦੀ ਗੱਲ ਕਰਦੇ ਹੋਏ ਅਤੇ ਜਥੇਦਾਰ ਸਾਹਿਬ ਨੂੰ ਸਿੱਖ ਕੌਮ ਦੀ ਪਾਰਲੀਮੈਟ ਐਸ.ਜੀ.ਪੀ.ਸੀ ਦੀਆਂ 15 ਸਾਲ ਤੋ ਰੋਕੀਆ ਗਈਆ ਜਰਨਲ ਚੋਣਾਂ ਨੂੰ ਕਰਵਾਉਣ ਲਈ ਸਭ ਉਦਮ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਨ੍ਹਾਂ ਬਾਦਲ ਦਲੀਆ ਵੱਲੋ ਪੰਜਾਬ ਦੇ ਦਰਿਆਵਾ ਦੇ ਕੀਮਤੀ ਪਾਣੀਆ ਨੂੰ ਜਬਰੀ ਲੁਟਾਉਣ ਵਿਚ ਮੋਹਰੀ ਭੂਮਿਕਾ ਨਿਭਾਈ ਗਈ । ਇਨ੍ਹਾਂ ਨੇ ਹੀ ਪੰਜਾਬ ਦੇ ਬਿਜਲੀ ਦੇ ਹੈੱਡਵਰਕਸਾਂ ਦਾ ਕੰਟਰੋਲ ਸੈਟਰ ਨੂੰ ਦੇਣ, ਚੰਡੀਗੜ੍ਹ ਉਤੇ ਪੰਜਾਬ ਦੇ ਕਾਨੂੰਨੀ ਹੱਕ ਨੂੰ ਕੰਮਜੋਰ ਕਰਨ, ਪੰਜਾਬੀ ਬੋਲਦੇ ਇਲਾਕਿਆ ਨੂੰ ਪੰਜਾਬ ਤੋ ਬਾਹਰ ਕੱਢਣ, ਐਸ.ਵਾਈ.ਐਲ ਦੀ ਖੁਦਾਈ ਕਰਵਾਉਣ ਦੀਆਂ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਬਜਰ ਗੁਸਤਾਖੀਆ ਕੀਤੀਆ । ਇਹ ਹੁਣ ਤੱਕ ਪੰਜਾਬ ਦੇ ਵਪਾਰ ਲਈ ਸਰਹੱਦਾਂ ਨਹੀ ਖੁੱਲਵਾ ਸਕੇ । ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਜੋ ਕਿ ਜਨਾਬ ਇਮਰਾਨ ਖਾਨ ਨੇ ਖੋਲਿਆ ਸੀ, ਉਸਨੂੰ ਹੁਕਮਰਾਨਾਂ ਤੋ ਦੁਆਰਾ ਚਾਲੂ ਨਹੀ ਕਰਵਾ ਸਕੇ । ਪੰਜਾਬ ਵਿਚ ਪ੍ਰਵਾਸੀਆਂ ਦੀ ਗਿਣਤੀ ਵਧਾਕੇ ਪੰਜਾਬ ਦੀ ਡੈਮੋਗ੍ਰਾਫੀ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ । ਸੂਬੇ ਦੀਆਂ ਨੌਕਰੀਆ ਪ੍ਰਵਾਸੀਆ ਨੂੰ ਦਿੱਤੀਆ ਜਾ ਰਹੀਆ ਹਨ । ਭਾਖੜਾ ਬਿਆਸ ਮੈਨੇਜਮੈਟ ਬੋਰਡ ਦਾ ਕੰਟਰੋਲ ਪੂਰਨ ਰੂਪ ਵਿਚ ਸੈਟਰ ਨੇ ਖੋਹ ਲਿਆ ਹੈ । ਇਹ ਐਨੇ ਕੰਮਜੋਰ ਹੋ ਚੁੱਕੇ ਹਨ ਕਿ ਸੈਟਰ ਅੱਗੇ ਪੰਜਾਬ ਦੇ ਹੱਕਾਂ ਦੀ ਰਾਖੀ ਨਹੀ ਕਰ ਸਕਦੇ । ਕਿਉਂਕਿ ਇਨ੍ਹਾਂ ਨੇ ਸੈਟਰ ਤੋ ਵੱਡੇ ਮਾਲੀ ਫਾਇਦੇ ਲਏ ਹੋਏ ਹਨ । ਇਸ ਲਈ ਸਿੰਘ ਸਾਹਿਬ ਹੋਣ ਦੇ ਨਾਤੇ ਆਪ ਜੀ ਦੀ ਇਹ ਵੱਡੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਮੌਜੂਦਾ ਐਸ.ਜੀ.ਪੀ.ਸੀ ਅਤੇ ਵਿਦਿਅਕ ਸੰਸਥਾਵਾਂ ਉਤੇ ਸੈਟਰ ਦੀ 70-80% ਵੱਧ ਚੁੱਕੀ ਦਖਲਅੰਦਾਜੀ ਨੂੰ ਖਤਮ ਕਰਨ ਲਈ ਐਸ.ਜੀ.ਪੀ.ਸੀ ਦੀਆਂ ਚੋਣਾਂ ਕਰਵਾਉਣ ਲਈ ਸੈਟਰ ਤੇ ਦਬਾਅ ਪਾਇਆ ਜਾਵੇ । ਤਾਂ ਜੋ ਨਵਾ ਹਾਊਸ ਚੁਣਕੇ ਆ ਜਾਵੇਗਾ, ਉਹ ਇਸ ਵਿਚ ਉਤਪੰਨ ਹੋ ਚੁੱਕੀਆ ਸਭ ਖਾਮੀਆ ਦੂਰ ਕਰ ਸਕਣਗੇ । ਵਿਦਿਅਕ ਸੰਸਥਾਵਾਂ ਵਿਚ ਵੀ ਦਖਲਅੰਦਾਜੀ ਖਤਮ ਹੋ ਸਕੇਗੀ ।
ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਹਰ ਤਰ੍ਹਾਂ ਦੇ ਕੌਮੀ, ਸਮਾਜਿਕ ਢੰਗ ਅਪਣਾਕੇ ਐਸ.ਜੀ.ਪੀ.ਸੀ ਦੀਆਂ 15 ਸਾਲਾਂ ਤੋ ਰੁਕੀਆ ਚੋਣਾਂ ਕਰਵਾਉਣ ਦੀ ਜਿਥੇ ਜਿੰਮੇਵਾਰੀ ਨਿਭਾਉਣਗੇ, ਉਥੇ ਖੇਰੂ-ਖੇਰੂ ਹੋਈਆ ਸਭ ਪੰਥਕ ਧਿਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਪੀਰੀ ਦੇ ਮਹਾਨ ਸਿਧਾਂਤ ਹੇਠ ਇਕੱਤਰ ਕਰਕੇ 2027 ਦੀਆਂ ਆਉਣ ਵਾਲੀਆ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਅਤੇ ਸਿੱਖ ਕੌਮ ਦੀਆਂ ਵਿਰੋਧੀ ਤਾਕਤਾਂ ਬੀਜੇਪੀ-ਆਰ.ਐਸ.ਐਸ, ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਪਵਿੱਤਰ ਧਰਤੀ ਤੋ ਸਿਆਸੀ ਤੌਰ ਤੇ ਖਦੇੜ ਦੀ ਜਿਥੇ ਵੱਡੀ ਕੌਮੀ ਜਿੰਮੇਵਾਰੀ ਨਿਭਾਉਣਗੇ, ਉਥੇ ਉਹ ਸਿੱਖੀ ਸਰਬੱਤ ਦੇ ਭਲੇ ਵਾਲੇ ਸਿਧਾਤਾਂ ਤੇ ਅਧਾਰਿਤ ਪੰਥਕ ਸਰਕਾਰ ਕਾਇਮ ਕਰਨ ਲਈ ਆਪਣੇ ਕੌਮੀ ਉਦਮਾਂ ਨੂੰ ਪੂਰਨ ਕਰਨਗੇ ।