ਦੋਵੇ ਹਕੂਮਤਾਂ ਦੇ ਜ਼ਬਰ, ਬੰਦੀ ਸਿੰਘਾਂ ਦੀ ਰਿਹਾਈ ਨੂੰ ਮੁੱਖ ਰੱਖਕੇ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਨੂੰ ਕਾਮਯਾਬ ਕਰਨ ਲਈ ਸਭ ਵਰਗਾਂ ਤੇ ਸੰਗਠਨਾਂ ਦਾ ਧੰਨਵਾਦ : ਮਾਨ
ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਮਰਗੜ੍ਹ ਵਿਧਾਨ ਸਭਾ ਸੀਟ ਲਈ ਮੇਰੇ ਖੜ੍ਹਨ ਤੇ ਮਦਦ ਕਰਨ ਦਾ ਧੰਨਵਾਦ
ਫ਼ਤਹਿਗੜ੍ਹ ਸਾਹਿਬ, 21 ਅਗਸਤ ( ) “ਇਨਸਾਫ਼ ਮੋਰਚੇ ਅਤੇ ਸਮੁੱਚੀਆ ਪੰਥਕ ਜਥੇਬੰਦੀਆਂ ਵੱਲੋਂ ਸਿੱਖਾਂ ਉਤੇ 15 ਅਗਸਤ ਨੂੰ ਚੰਡੀਗੜ੍ਹ ਵਿਖੇ ਹੋਏ ਹਕੂਮਤੀ ਜ਼ਬਰ ਵਿਰੁੱਧ ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਮੁੱਖ ਰੱਖਕੇ ਜੋ ਸਾਂਝੇ ਤੌਰ ਤੇ 21 ਅਗਸਤ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ, ਉਹ ਸਮੁੱਚੇ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਇਥੋ ਦੇ ਨਿਵਾਸੀਆ ਦੇ ਮਿਲੇ ਸਹਿਯੋਗ ਦੀ ਬਦੌਲਤ ਪੂਰਨ ਕਾਮਯਾਬ ਹੋਇਆ ਹੈ ਅਤੇ ਸਾਡਾ ਰੋਸ ਭਰਿਆ ਸੰਦੇਸ ਸੈਟਰ ਅਤੇ ਪੰਜਾਬ ਦੇ ਹੁਕਮਰਾਨਾਂ ਦੇ ਕੰਨਾਂ ਤੱਕ ਪਹੁੰਚ ਚੁੱਕਿਆ ਹੈ । ਜਿਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਸਮੁੱਚੀਆ ਪੰਥਕ ਜਥੇਬੰਦੀਆਂ ਦੇ ਅਹੁਦੇਦਾਰਾਂ, ਮੈਬਰਾਂ, ਸਮੱਰਥਕਾਂ ਵੱਲੋਂ ਇਸ ਬੰਦ ਨੂੰ ਕਾਮਯਾਬ ਕਰਨ ਲਈ ਨਿਭਾਈ ਗਈ ਜਿੰਮੇਵਾਰੀ ਲਈ ਧੰਨਵਾਦੀ ਹੈ, ਉਥੇ ਪੰਜਾਬ ਸੂਬੇ ਨਾਲ ਸੰਬੰਧਤ ਸਭ ਦੁਕਾਨਦਾਰਾਂ, ਕਾਰੋਬਾਰੀ ਲੋਕਾਂ, ਟਰਾਸਪੋਰਟਰਾਂ, ਵਿਦਿਆਰਥੀਆ, ਮੁਲਾਜਮਾਂ, ਮਜਦੂਰਾਂ ਅਤੇ ਬੀਬੀਆ ਆਦਿ ਸਭ ਦਾ ਧੰਨਵਾਦੀ ਹੈ ਜਿਨ੍ਹਾਂ ਨੇ ਪੰਥ ਦੇ ਇਸ ਵੱਡੇ ਦਰਦ ਨੂੰ ਮਹਿਸੂਸ ਕਰਦਿਆ ਹੋਇਆ ਸਾਡੇ ਵੱਲੋ ਦਿੱਤੀ ਕਾਲ ਨੂੰ ਕਾਮਯਾਬ ਕਰਨ ਵਿਚ ਸਹਿਯੋਗ ਕੀਤਾ ।”
ਇਹ ਧੰਨਵਾਦ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਮੁੱਖ ਦਫਤਰ ਤੋਂ ਆਪਣੇ ਦਸਤਖਤਾਂ ਹੇਠ ਪ੍ਰੈਸ ਲਈ ਜਾਰੀ ਕੀਤੇ ਗਏ ਇਸ ਬਿਆਨ ਵਿਚ ਉਚੇਚੇ ਤੌਰ ਤੇ ਕੀਤਾ । ਉਨ੍ਹਾਂ ਨੇ ਪੂਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜੋ ਕੁਝ ਦਿਨ ਪਹਿਲੇ ਆਪਣੀ ਪਾਰਟੀ ਵੱਲੋ ਸਰਬਸੰਮਤੀ ਨਾਲ ਫੈਸਲਾ ਕਰਦੇ ਹੋਏ ਇਹ ਐਲਾਨ ਕੀਤਾ ਸੀ ਕਿ ਜੇਕਰ ਸਿਮਰਨਜੀਤ ਸਿੰਘ ਮਾਨ ਵਿਧਾਨ ਸਭਾ ਹਲਕਾ ਅਮਰਗੜ੍ਹ ਤੋ ਆਉਣ ਵਾਲੀਆ 2027 ਦੀ ਚੋਣ ਲੜਨਗੇ ਤਾਂ ਪੂਨਰ ਸੁਰਜੀਤ ਅਕਾਲੀ ਦਲ ਅਤੇ ਸਾਡੇ ਸਭ ਸਮਰੱਥਕ ਸ. ਸਿਮਰਨਜੀਤ ਸਿੰਘ ਮਾਨ ਨੂੰ ਸਾਨਦਾਰ ਜਿੱਤ ਦਿਵਾਉਣ ਲਈ ਆਪਣੀਆ ਜਿੰਮੇਵਾਰੀਆ ਪੂਰੀਆ ਕਰਨਗੇ, ਉਸ ਲਈ ਦਾਸ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਪਾਰਟੀ ਗਿਆਨੀ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਪਾਰਟੀ ਮੈਬਰਾਂ ਦਾ ਉਚੇਚੇ ਤੌਰ ਤੇ ਧੰਨਵਾਦ ਕਰਦੀ ਹੋਈ ਇਹ ਉਮੀਦ ਕਰਦੇ ਹਾਂ ਕਿ ਦੂਸਰੀਆ ਪੰਥਕ ਜਥੇਬੰਦੀਆਂ ਵੀ ਫਿਰਕੂ ਜਮਾਤਾਂ ਬੀਜੇਪੀ-ਆਰ.ਐਸ.ਐਸ, ਸਿੱਖ ਕੌਮ ਦੀ ਕਾਤਲ ਕਾਂਗਰਸ, ਆਮ ਆਦਮੀ ਪਾਰਟੀ ਆਦਿ ਨੂੰ ਪੰਜਾਬ ਸੂਬੇ ਵਿਚੋ ਕਰਾਰੀ ਹਾਰ ਦੇਣ ਲਈ ਇਨ੍ਹਾਂ ਦੇ ਮੁਕਾਬਲੇ ਇਕ ਪੰਥਕ ਉਮੀਦਵਾਰ ਖੜ੍ਹਾ ਕਰਨ ਦਾ ਉਦਮ ਕਰਦੇ ਹੋਏ ਤੇ 2027 ਵਿਚ ਪੰਜਾਬੀਆਂ ਤੇ ਸਿੱਖ ਕੌਮ ਤੇ ਅਧਾਰਿਤ ਖਾਲਸਾਈ ਸਰਕਾਰ ਕਾਇਮ ਕਰਨ ਲਈ ਸਮੂਹਿਕ ਜਿੰਮੇਵਾਰੀ ਹਰ ਕੀਮਤ ਤੇ ਨਿਭਾਉਗੇ ਅਤੇ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਸੰਪੂਰਨ ਕਰਕੇ ਇਥੇ ਪੰਜਾਬ ਵਿਚ ਜਮਹੂਰੀਅਤ ਕਦਰਾਂ ਕੀਮਤਾਂ ਕਾਇਮ ਕਰਨ ਵਿਚ ਯੋਗਦਾਨ ਪਾਉਣਗੇ ।