ਬੀਬੀ ਹਰਸਿਮਰਤ ਕੌਰ ਬਾਦਲ ਅਤੇ ਸ. ਰਵਨੀਤ ਸਿੰਘ ਬਿੱਟੂ ਦੋਵੇ ਪਠਾਨਕੋਟ, ਮੁਕੇਰੀਆ ਵਿਖੇ ਫੂਡ ਪ੍ਰੋਸੈਸਿੰਗ ਹੱਬ ਕਿਉਂ ਨਹੀਂ ਬਣਾ ਸਕੇ ? : ਮਾਨ
ਫ਼ਤਹਿਗੜ੍ਹ ਸਾਹਿਬ, 18 ਅਗਸਤ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਾਬਕਾ ਵਜੀਰ ਫੂਡ ਪ੍ਰੋਸੈਸਿੰਗ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਉਨ੍ਹਾਂ ਤੋ ਬਾਅਦ ਇਸੇ ਵਿਭਾਗ ਦੇ ਰਹਿ ਚੁੱਕੇ ਵਜੀਰ ਸ. ਰਵਨੀਤ ਸਿੰਘ ਬਿੱਟੂ ਦੋਵਾਂ ਨੂੰ ਸਮੇ-ਸਮੇ ਤੇ ਪੱਤਰ ਲਿਖਦੇ ਹੋਏ ਬੇਨਤੀ ਕਰਦੇ ਰਹੇ ਹਾਂ ਕਿ ਪੰਜਾਬ, ਹਿਮਾਚਲ, ਜੰਮੂ ਕਸਮੀਰ ਜੋ ਜੀਟੀ ਰੋਡ ਉਤੇ ਮੁਕੇਰੀਆ, ਪਠਾਨਕੋਟ ਤਿੰਨੇ ਸੂਬਿਆਂ ਦੇ ਫੂਡ ਪ੍ਰੋਸੈਸਿੰਗ ਸੰਬੰਧੀ ਵੱਡਾ ਪ੍ਰੋਜੈਕਟ ਲਗਾਇਆ ਜਾਵੇ ਜਿਸ ਨਾਲ ਜੰਮੂ-ਕਸਮੀਰ, ਹਿਮਾਚਲ ਤੋ ਆਉਣ ਵਾਲੇ ਫਲ-ਫਰੂਟ ਅਤੇ ਪੰਜਾਬ ਦੀਆਂ ਸਬਜੀਆਂ ਤੋ ਇਹ ਫੂਡ ਪ੍ਰੋਸੈਸਿੰਗ ਦੀਆਂ ਵਸਤਾਂ ਤਿਆਰ ਹੋ ਸਕਣ । ਜਿਸ ਨਾਲ ਹਿਮਾਚਲ, ਜੰਮੂ-ਕਸਮੀਰ, ਪੰਜਾਬ ਦੇ ਫਲ-ਫਰੂਟ ਤੇ ਸਬਜੀਆ ਦੇ ਉਤਪਾਦਕ ਜਿੰਮੀਦਾਰਾਂ ਦੇ ਉਤਪਾਦ ਨੂੰ ਸਹੀ ਕੀਮਤਾਂ ਤੇ ਵੇਚਣ ਅਤੇ ਉਨ੍ਹਾਂ ਦੇ ਲਾਭ ਨੂੰ ਵਧਾਉਣ ਵਿਚ ਜਿਥੇ ਵੱਡੀ ਮਦਦ ਮਿਲੇਗੀ, ਉਥੇ ਪੰਜਾਬ ਵਿਚ ਵੱਧਦੀ ਬੇਰੁਜਗਾਰੀ ਦੇ ਵੱਡੇ ਮਸਲੇ ਨੂੰ ਵੀ ਕਿਸੇ ਹੱਦ ਤੱਕ ਹੱਲ ਕਰਨ ਵਿਚ ਸਹਿਯੋਗ ਮਿਲੇਗਾ । ਇਥੇ ਇਹ ਵੀ ਵਰਨਣ ਕਰਨਾ ਜਰੂਰੀ ਹੈ ਕਿ ਇਸ ਵਿਸੇ ਤੇ ਅਸੀ ਬੀਜੇਪੀ-ਅਕਾਲੀ ਦਲ ਗੱਠਜੋੜ ਦੀ ਭਾਈਵਾਲੀ ਵਾਲੀ ਸਰਕਾਰ ਸੀ, ਤਾਂ ਉਸ ਸਮੇ ਬੀਬੀ ਹਰਸਿਮਰਤ ਕੌਰ ਬਾਦਲ ਫੂਡ ਪ੍ਰੋਸੈਸਿੰਗ ਦੇ ਵਜੀਰ ਸਨ । ਉਨ੍ਹਾਂ ਨੂੰ ਵੀ ਇਸ ਵਿਸੇ ਉਤੇ 2 ਵਾਰ ਉਚੇਚੇ ਤੌਰ ਤੇ ਲਿਖਿਆ ਸੀ । ਉਨ੍ਹਾਂ ਨੇ ਵੀ ਆਪਣੇ ਸਮੇ ਦੌਰਾਨ ਇਸ ਗੰਭੀਰ ਵਿਸੇ ਉਤੇ ਤਵੱਜੋ ਨਾ ਦੇ ਕੇ ਵੱਡੀ ਅਣਗਹਿਲੀ ਕੀਤੀ ਅਤੇ ਪੰਜਾਬ ਸੂਬੇ ਪ੍ਰਤੀ ਨਾਂਹਵਾਚਕ ਸੋਚ ਅਪਣਾਕੇ ਵੱਡੀ ਗੁਸਤਾਖੀ ਕੀਤੀ ਸੀ । ਪਰ ਇਸ ਦਿਸ਼ਾ ਵੱਲ ਕੋਈ ਵੀ ਅਮਲ ਨਾ ਹੋਣਾ ਅਤਿ ਦੁੱਖਦਾਇਕ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ, ਹਿਮਾਚਲ, ਜੰਮੂ-ਕਸਮੀਰ ਦੇ ਫਲ ਅਤੇ ਸਬਜੀਆ ਪੈਦਾ ਕਰਨ ਵਾਲੇ ਜਿੰਮੀਦਾਰਾਂ ਲਈ ਪਠਾਨਕੋਟ, ਮੁਕੇਰੀਆ ਵਿਖੇ ਫੂਡ ਪ੍ਰੋਸੈਸਿੰਗ ਹੱਬ ਨੂੰ ਕਾਇਮ ਨਾ ਕਰਨ ਉਤੇ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਸ. ਰਵਨੀਤ ਸਿੰਘ ਬਿੱਟੂ ਵੱਲੋ ਆਪਣੀ ਵਿਜਾਰਤ ਸਮੇ ਇਹ ਜਿੰਮੇਵਾਰੀਆ ਪੂਰਨ ਨਾ ਕਰਨ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਅਤੇ ਇਨ੍ਹਾਂ ਵੱਲੋ ਪੰਜਾਬ ਦੇ ਉਪਰੋਕਤ ਫਲ-ਸਬਜੀਆ ਪੈਦਾ ਕਰਨ ਵਾਲੇ ਕਾਸਤਕਾਰਾਂ ਲਈ ਅਤੇ ਬੇਰੁਜਗਾਰੀ ਨੂੰ ਦੂਰ ਕਰਨ ਲਈ ਕੋਈ ਅਮਲ ਨਾ ਹੋਣ ਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਇਹ ਪੰਜਾਬ ਨਾਲ ਸੰਬੰਧਤ ਦੋਵੇ ਫੂਡ ਪ੍ਰੋਸੈਸਿੰਗ ਦੇ ਵਜੀਰ ਆਪਣੀਆ ਬਣਦੀਆ ਜਿੰਮੇਵਾਰੀਆ ਪੂਰਨ ਕਰਦੇ ਹੋਏ ਮੁਕੇਰੀਆ ਵਿਖੇ ਇਹ ਹੱਬ ਬਣਾਉਣ ਦੀ ਜਿੰਮੇਵਾਰੀ ਨਿਭਾਅ ਦਿੰਦੇ ਤਾਂ ਪੰਜਾਬ ਦੀ ਜਿਥੇ ਮਾਲੀ ਹਾਲਤ ਹੋਰ ਬਿਹਤਰ ਹੋ ਸਕਦੀ ਸੀ, ਉਥੇ ਕਾਫੀ ਹੱਦ ਤੱਕ ਨੌਜਵਾਨੀ ਵਿਚ ਬੇਰੁਜਗਾਰੀ ਨੂੰ ਦੂਰ ਕਰਨ ਵਿਚ ਵੀ ਸਹਿਯੋਗ ਮਿਲ ਸਕਦਾ ਸੀ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਮੁਕੇਰੀਆ ਕੌਮਾਂਤਰੀ ਸਰਹੱਦ ਦੇ ਬਿਲਕੁਲ ਨੇੜੇ ਹੈ । ਜਿਥੋ ਪਾਕਿਸਤਾਨ, ਅਫਗਾਨੀਸਤਾਨ, ਸੈਟਰ ਏਸੀਆ, ਵੈਸਟ ਏਸੀਆ ਅਤੇ ਗਲਫ ਮੁਲਕਾਂ ਨੂੰ ਫਲਾਂ ਅਤੇ ਸਬਜੀਆ ਨਾਲ ਸੰਬੰਧਤ ਉਤਪਾਦ ਅਤੇ ਇਨ੍ਹਾਂ ਤੋ ਬਣਨ ਵਾਲੀਆ ਵਸਤਾਂ ਦੀ ਸਪਲਾਈ ਇਨ੍ਹਾਂ ਮੁਲਕਾਂ ਨੂੰ ਕਰਕੇ ਪੰਜਾਬ ਦੀ ਪਰਕੈਪਟਾ ਆਮਦਨ ਵਧਾਉਣ ਦੇ ਨਾਲ-ਨਾਲ ਮਾਲੀ ਸਥਿਤੀ ਮਜਬੂਤ ਹੋਣੀ ਸੀ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਬੇਸੱਕ ਸਾਡੇ ਦੋਵੇ ਪੰਜਾਬ ਨਾਲ ਸੰਬੰਧਤ ਵਜੀਰ ਇਹ ਜਿੰਮੇਵਾਰੀਆ ਪੂਰੀਆ ਨਹੀ ਕਰ ਸਕੇ । ਲੇਕਿਨ ਸਰਹੱਦੀ ਸੂਬੇ ਪੰਜਾਬ ਦੀ ਮਾਲੀ ਹਾਲਤ ਨੂੰ ਸਹੀ ਕਰਨ ਅਤੇ ਇਥੋ ਦੀ ਬੇਰੁਜਗਾਰੀ ਨੂੰ ਦੂਰ ਕਰਨ ਲਈ ਉਪਰੋਕਤ ਦੋਵੇ ਪੰਜਾਬ ਦੇ ਪ੍ਰਤੀਨਿਧਾ ਵੱਲੋ ਮੁਕੇਰੀਆ ਵਿਖੇ ਫੂਡ ਪ੍ਰੋਸੈਸਿੰਗ ਹੱਬ ਕਾਇਮ ਕਰਨ ਵਿਚ ਜਿਥੇ ਕਿਤੇ ਕਮੀ ਰਹਿ ਗਈ ਹੈ, ਉਸ ਨੂੰ ਪੂਰਨ ਕਰਕੇ ਪੰਜਾਬੀਆਂ ਦੀ ਇਸ ਮੰਗ ਨੂੰ ਜਿਥੇ ਪੂਰਨ ਕਰਨਗੇ, ਉਥੇ ਹਿਮਾਚਲ, ਜੰਮੂ-ਕਸਮੀਰ ਦੇ ਫਲ-ਸਬਜੀ ਵਿਕਰੇਤਾ ਦੀ ਮਾਲੀ ਹਾਲਤ ਵੀ ਪਹਿਲੇ ਨਾਲੋ ਬਿਹਤਰ ਕਰਨ ਵਿਚ ਯੋਗਦਾਨ ਪਾਉਣਗੇ ।