ਡਰੋਨਾਂ ਰਾਹੀ ਅੱਥਰੂ ਗੈਸ ਛੱਡਕੇ ਆਪਣੇ ਹੀ ਨਾਗਰਿਕਾਂ ਨੂੰ ਜਖਮੀ ਕਰਨਾ ਤਾਂ ਜੰਗ ਵਾਲੀ ਸ਼ਰਮਨਾਕ ਕਾਰਵਾਈ : ਮਾਨ
ਫ਼ਤਹਿਗੜ੍ਹ ਸਾਹਿਬ, 17 ਅਗਸਤ ( ) “15 ਅਗਸਤ ਨੂੰ ਜੋ ਇਨਸਾਫ਼ ਮੋਰਚੇ ਅਤੇ ਸਮੁੱਚੀਆ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਸਿੱਖ ਕੌਮ ਉਤੇ ਲੰਮੇ ਸਮੇ ਤੋ ਹੁੰਦੇ ਆ ਰਹੇ ਹਕੂਮਤੀ ਜਬਰ ਅਤੇ ਵਿਤਕਰਿਆ ਨੂੰ ਮੁੱਖ ਰੱਖਕੇ ਬਤੌਰ ਕਾਲੇ ਦਿਨ ਵੱਜੋ ਮਨਾਉਦੇ ਹੋਏ ਸਜਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਅਮਨਮਈ ਤੇ ਜਮਹੂਰੀਅਤ ਢੰਗ ਨਾਲ ਮੋਹਾਲੀ ਮੋਰਚੇ ਵਾਲੇ ਸਥਾਂਨ ਤੋ ਗਵਰਨਰ ਹਾਊਸ ਚੰਡੀਗੜ੍ਹ ਤੱਕ ਰੋਸ ਮਾਰਚ ਕਰਨਾ ਸੀ । ਉਸਦੀ ਅਰਦਾਸ ਖਤਮ ਹੋਣ ਤੋ ਪਹਿਲੇ ਹੀ ਬਿਨ੍ਹਾਂ ਕਿਸੇ ਵਜਹ ਦੇ ਇਕੱਠੇ ਹੋਏ ਪੰਜਾਬੀਆਂ ਤੇ ਸਿੱਖਾਂ ਉਤੇ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਅਤੇ ਹੋਰ ਸੈਟਰ ਦੀਆਂ ਫੋਰਸਾਂ ਵੱਲੋ ਡਰੋਨਾਂ ਰਾਹੀ ਅੱਥਰੂ ਗੈਸ ਦੇ ਆਪਣੇ ਹੀ ਨਾਗਰਿਕਾਂ ਤੇ ਗੋਲੇ ਸੁੱਟਕੇ ਅਤੇ ਪਾਣੀ ਦੀਆਂ ਬੁਛਾੜਾ ਮਾਰਦੇ ਹੋਏ ਜੋ ਵੱਡੀ ਗਿਣਤੀ ਵਿਚ ਇਕੱਤਰ ਹੋਏ ਸਿੱਖਾਂ ਉਤੇ ਹਮਲਾ ਕੀਤਾ ਗਿਆ ਹੈ, ਇਹ ਤਾਂ ਜਿਵੇ ਰੂਸ ਤੇ ਯੂਕਰੇਨ ਦੀ ਜੰਗ ਚੱਲ ਰਹੀ ਹੈ ਅਤੇ ਡਰੋਨ ਹਮਲੇ ਹੋ ਰਹੇ ਹਨ, ਉਸੇ ਤਰ੍ਹਾਂ ਦੇ ਹਾਲਾਤ ਬਣਾਕੇ ਹੁਕਮਰਾਨਾਂ ਵੱਲੋਂ ਅਤਿ ਸ਼ਰਮਨਾਕ ਅਤੇ ਨਿੰਦਣਯੋਗ ਅਮਲ ਹੋਏ ਹਨ । ਜੋ ਕਿ ਦੋਧਾਰੀ ਤਲਵਾਰ ਦੀ ਤਰ੍ਹਾਂ ਪੰਜਾਬੀਆਂ ਤੇ ਸਿੱਖਾਂ ਉਤੇ ਗੈਰ ਵਿਧਾਨਿਕ ਅਤੇ ਗੈਰ ਸਮਾਜਿਕ ਢੰਗ ਰਾਹੀ ਜ਼ਬਰ ਢਾਹਿਆ ਗਿਆ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ 15 ਅਗਸਤ ਨੂੰ ਇਨਸਾਫ਼ ਮੋਰਚੇ ਦੇ ਸਥਾਂਨ ਤੇ ਆਪਣੀਆ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਕੀਤੇ ਜਾ ਰਹੇ ਰੋਸ ਮਾਰਚ ਦੇ ਇਕੱਠ ਉਤੇ ਬਿਨ੍ਹਾਂ ਕਿਸੇ ਭੜਕਾਹਟ ਦੇ ਡਰੋਨਾਂ ਰਾਹੀ ਅੱਥਰੂ ਗੈਸ ਦੇ ਗੋਲੇ ਸੁੱਟਣ ਅਤੇ ਪਾਣੀ ਦੀਆਂ ਬੁਛਾੜਾਂ ਰਾਹੀ ਆਪਣੇ ਹੀ ਨਾਗਰਿਕਾਂ ਨੂੰ ਜਖਮੀ ਕਰਨ ਦੇ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਅਤਿ ਸਰਮਨਾਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹੁਕਮਰਾਨਾਂ ਨੇ ਇਹ ਗੈਰ ਜਮਹੂਰੀਅਤ ਸ਼ਰਮਨਾਕ ਅਮਲ ਕੀਤਾ ਹੈ, ਫਿਰ ਤਾਂ ਆਉਣ ਵਾਲੇ ਸਮੇ ਵਿਚ ਗੈਗਸਟਰ ਵੀ ਅਜਿਹੇ ਢੰਗਾਂ ਦੀ ਦੁਰਵਰਤੋ ਕਰਕੇ ਸਮਾਜ ਵਿਚ ਅਪੱਦਰ ਨੂੰ ਵਧਾ ਸਕਦੇ ਹਨ । ਅਜਿਹੇ ਹਾਲਾਤਾਂ ਵਿਚ ਜਦੋ ਖੁਦ ਹੁਕਮਰਾਨ ਤੇ ਪੁਲਿਸ ਹੀ ਜ਼ਬਰ ਕਰਨ ਦੇ ਅਮਲਾਂ ਤੇ ਉਤਰ ਆਵੇ ਤਾਂ ਉਹ ਗੈਰ ਕਾਨੂੰਨੀ ਕਾਰਵਾਈ ਕਰਨ ਵਾਲਿਆ ਤੇ ਕਿਵੇ ਭਵਿੱਖ ਵਿਚ ਕਾਬੂ ਪਾ ਸਕੇਗੀ ਅਤੇ ਹਾਲਾਤਾਂ ਨੂੰ ਸਹੀ ਕਰ ਸਕੇਗੀ । ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਬਜਰੀ ਤੇ ਰੇਤਾ ਢੋਹਣ ਵਾਲੇ ਟਿੱਪਰ ਲਗਾਕੇ ਚੰਡੀਗੜ੍ਹ ਨੂੰ ਜਾਣ ਵਾਲੇ ਸਭ ਰਸਤਿਆ ਤੇ ਬੈਰੀਕੇਡ ਲਗਾਕੇ, ਪੰਥਕ ਜਥੇਬੰਦੀਆ ਵੱਲੋ ਗਵਰਨਰ ਪੰਜਾਬ ਨੂੰ ਯਾਦ ਪੱਤਰ ਦੇਣ ਦੇ ਵਿਚ ਰੁਕਾਵਟ ਪਾਉਣ ਦੇ ਅਮਲ ਤਾਂ ਵਿਧਾਨ ਦੀ ਧਾਰਾ 14, 19, 21 ਦੀ ਘੋਰ ਉਲੰਘਣਾ ਹਨ । ਇਸ ਨਾਲ ਪੰਜਾਬੀਆਂ ਤੇ ਸਿੱਖਾਂ ਨੂੰ ਇਸ ਮੁਲਕ ਵਿਚ ਰਹਿਣਾ ਹੋਰ ਮੁਸਕਿਲ ਹੋ ਗਿਆ ਹੈ । ਸਿੱਖ ਕੌਮ, ਸਿੱਖ ਬੁੱਧੀਜੀਵੀਆ ਤੇ ਸਿੱਖ ਲੀਡਰਸਿਪ ਨੂੰ ਹੁਣ ਇਕੱਤਰ ਹੋ ਕੇ ਸਮੂਹਿਕ ਰੂਪ ਵਿਚ ਕੋਈ ਫੈਸਲਾ ਕਰਨਾ ਹੋਵੇਗਾ ਕਿ ਆਪਣੀ ਹੋਦ, ਅਣਖ ਤੇ ਗੈਰਤ ਨੂੰ ਕਿਵੇ ਕਾਇਮ ਰੱਖਣਾ ਹੈ ਅਤੇ ਇਸ ਜਬਰ ਵਿਰੁੱਧ ਮਜਬੂਤ ਕਦਮ ਵੀ ਉਠਾਉਣਗੇ ਪੈਣਗੇ । ਸ. ਮਾਨ ਨੇ ਮੋਰਚੇ ਦੇ ਆਗੂਆ ਅਤੇ ਪੰਥਕ ਜਥੇਬੰਦੀਆਂ ਦੀ ਲੀਡਰਸਿਪ ਉਤੇ ਝੂਠੇ ਭੰਨ ਤੋੜ ਕਰਨ, ਸਰਕਾਰੀ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਸਰਕਾਰੀ ਹੁਕਮ ਦੀ ਉਲੰਘਣਾ ਕਰਨ ਦੇ ਝੂਠੇ ਕੇਸ ਪਾਏ ਗਏ ਹਨ । ਉਨ੍ਹਾਂ ਨੂੰ ਤੁਰੰਤ ਰੱਦ ਕਰਕੇ ਪੰਜਾਬ ਦੇ ਮਾਹੌਲ ਨੂੰ ਗੰਧਲਾ ਕਰਨ ਵਾਲੀਆ ਹਕੂਮਤੀ ਕਾਰਵਾਈਆ ਦਾ ਅੰਤ ਕੀਤਾ ਜਾਵੇ ਅਤੇ ਸਿੱਖ ਕੌਮ ਨੂੰ ਇਨਸਾਫ਼ ਦਿੰਦੇ ਹੋਏ ਸਮੁੱਚੇ ਬੰਦੀਆ ਨੂੰ ਰਿਹਾਅ ਕਰਨ ਦੇ ਹੁਕਮ ਕੀਤੇ ਜਾਣ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 21 ਅਗਸਤ ਦੇ ਇਨਸਾਫ਼ ਮੋਰਚੇ ਵੱਲੋ ਪੰਜਾਬ ਬੰਦ ਦੀ ਦਿੱਤੀ ਕਾਲ ਦੀ ਪੂਰਨ ਹਮਾਇਤ ਕਰਦਾ ਹੋਇਆ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਸ ਬੰਦ ਨੂੰ ਕਾਮਯਾਬ ਕਰਦੇ ਹੋਏ ਬੰਦੀ ਸਿੰਘਾਂ ਦੇ ਹੱਕ ਵਿਚ ਆਵਾਜ ਉਠਾਉਣ ਦੀ ਅਪੀਲ ਕਰਦਾ ਹੈ ।