ਤਰਨਤਾਰਨ ਵਿਖੇ ਧਾਰਮਿਕ ਯਾਤਰਾ ਵਾਲੀ ਬੱਸ ਦੇ ਹੋਏ ਐਕਸੀਡੈਟ ਨਾਲ ਮਰੇ 5 ਨਾਗਰਿਕਾਂ ਦੇ ਪਰਿਵਾਰਾਂ ਨੂੰ 50-50 ਲੱਖ ਅਤੇ ਜਖਮੀਆਂ ਨੂੰ 25-25 ਲੱਖ ਮੁਆਵਜਾ ਦਿੱਤਾ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 16 ਨਵੰਬਰ ( ) “ਜੋ ਬੀਤੇ ਦਿਨੀਂ ਤਰਨਤਾਰਨ ਨਜਦੀਕ ਸਿੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਵਾਲੀ ਸਰਕਾਰ ਵੱਲੋ ਚਲਾਈ ਬੱਸ ਦਾ ਭਿਆਨਕ ਐਕਸੀਡੈਟ ਹੋਇਆ ਹੈ, ਉਸ ਵਿਚ ਮਾਰੇ ਗਏ 5 ਸਰਧਾਲੂਆਂ ਦੇ ਪਰਿਵਾਰਾਂ ਨਾਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਅਤੇ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਇਸ ਗੱਲ ਤੇ ਗਹਿਰਾ ਅਫਸੋਸ ਪ੍ਰਗਟ ਕੀਤਾ ਹੈ ਕਿ ਜੋ ਬੱਸ ਸਰਕਾਰ ਵੱਲੋ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਚਲਾਈ ਗਈ ਸੀ, ਉਸਦੀ ਨਾ ਤਾਂ ਆਰ.ਸੀ. ਸੀ, ਨਾ ਹੀ ਬੀਮਾ ਹੋਇਆ ਪਿਆ ਸੀ, ਨਾ ਹੀ ਪਲਿਊਸਨ ਸਰਟੀਫਿਕੇਟ ਸੀ ਅਤੇ ਨਾ ਹੀ ਡਰਾਈਵਰ ਕੋਲ ਕੋਈ ਲਾਈਸੈਸ ਸੀ । ਇਹ ਬੱਸ ਚਲਾਉਣ ਦੀ ਇਜਾਜਤ ਸੰਬੰਧਤ ਡੀ.ਟੀ.ਓ. ਅਤੇ ਟਰਾਸਪੋਰਟ ਵਿਭਾਗ ਨੇ ਕਿਵੇ ਦੇ ਦਿੱਤੀ ? ਜਦੋਕਿ ਉਹ ਇਸ ਵਹੀਕਲ ਨੂੰ ਚਲਾਉਣ ਅਤੇ ਸੜਕ ਉਤੇ ਲਿਜਾਣ ਦੀਆਂ ਸਰਤਾਂ ਹੀ ਪੂਰੀਆ ਨਹੀ ਸੀ ਕਰਦਾ । ਇਸ ਤੋ ਇਹ ਵੀ ਸਪੱਸਟ ਹੋ ਜਾਂਦਾ ਹੈ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ, ਸਰਕਾਰੀ ਨਿਯਮਾਂ, ਕਾਨੂੰਨਾਂ ਨੂੰ ਛਿੱਕੇ ਟੰਗਕੇ ਪੰਜਾਬ ਨਿਵਾਸੀਆ ਨੂੰ ਲੁਭਾਉਣ ਲਈ ਅਤੇ ਵੋਟ ਸਿਆਸਤ ਵਿਚ ਉਲਝਕੇ ਗੈਰ ਕਾਨੂੰਨੀ ਅਤੇ ਗੈਰ ਇਖਲਾਕੀ ਅਮਲਾਂ ਵਿਚ ਮਸਰੂਫ ਹੋਈ ਪਈ ਹੈ । ਜਿਸ ਲਈ ਇਸ ਹੋਏ ਦੁਖਾਂਤ ਲਈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਦਿਸ਼ਾਹੀਣ ਨੀਤੀਆ ਸਿੱਧੇ ਤੌਰ ਤੇ ਜਿੰਮੇਵਾਰ ਹਨ, ਜਿਸਦੀ ਨਿਰੱਪਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸੀ ਪਾਏ ਜਾਣ ਵਾਲੇ ਅਧਿਕਾਰੀਆ ਨੂੰ ਕਾਨੂੰਨ ਅਨੁਸਾਰ ਸਜ਼ਾ ਸੀਮਤ ਸਮੇ ਵਿਚ ਮਿਲਣੀ ਚਾਹੀਦੀ ਹੈ ।”
ਸ. ਮਾਨ ਨੇ ਇਹ ਵੀ ਮੰਗ ਕੀਤੀ ਕਿ ਜੋ ਸਰਕਾਰ ਨੇ ਮ੍ਰਿਤਕਾਂ ਲਈ ਕੇਵਲ 5-5 ਲੱਖ ਰੁਪਏ ਐਲਾਨ ਕੀਤੇ ਹਨ ਇਹ ਇਸ ਦੁਨੀਆ ਤੋ ਕੂਚ ਕਰਨ ਵਾਲੀਆ ਆਤਮਾਵਾ ਤੇ ਉਨ੍ਹਾਂ ਪੀੜ੍ਹਤ ਪਰਿਵਾਰਾਂ ਨਾਲ ਕੋਝਾ ਮਜਾਕ ਹੈ । ਇਨ੍ਹਾਂ ਪਰਿਵਾਰਾਂ ਨੂੰ ਘੱਟੋ-ਘੱਟ ਸਰਕਾਰ ਵੱਲੋ 50-50 ਲੱਖ ਰੁਪਏ ਅਤੇ ਜਖਮੀਆਂ ਨੂੰ 25-25 ਲੱਖ ਰੁਪਏ ਮੁਆਵਜੇ ਵੱਜੋ ਦੇਣ ਦਾ ਐਲਾਨ ਹੋਣਾ ਚਾਹੀਦਾ ਹੈ ।