ਸ. ਭਰਤਪ੍ਰੀਤ ਸਿੰਘ ਨੇ ਚੀਨ ਵਿਚ ਡਿਸਕਸ ਥ੍ਰੋਹ ਵਿਚ ਗੋਲਡ ਮੈਡਲ ਪ੍ਰਾਪਤ ਕਰਕੇ ਸਿੱਖ ਕੌਮ ਦੀ ਸ਼ਾਨ ਵਿਚ ਵਾਧਾ ਕੀਤਾ : ਮਾਨ
ਫ਼ਤਹਿਗੜ੍ਹ ਸਾਹਿਬ, 22 ਜੁਲਾਈ ( ) “ਬਟਾਲਾ ਦੇ ਨਾਲ ਦੇ ਪਿੰਡ ਦੇ ਨਿਵਾਸੀ ਕਾਕਾ ਭਰਤਪ੍ਰੀਤ ਸਿੰਘ ਜੋ ਕਿ ਇਕ ਬਹੁਤ ਹੀ ਹੋਣਹਾਰ ਖਿਡਾਰੀ ਹੈ ਅਤੇ ਜਿਸਨੇ ਚੀਨ ਵਿਚ ਹੋਏ ਅਥਲੈਟਿਕ ਮੁਕਾਬਲਿਆ ਵਿਚ ਡਿਸਕਸ ਥ੍ਰੋਹ ਖੇਡ ਵਿਚੋ ਗੋਲਡ ਮੈਡਲ ਪ੍ਰਾਪਤ ਕਰਕੇ ਇੰਡੀਆ, ਪੰਜਾਬ, ਸਿੱਖ ਕੌਮ ਦਾ ਨਾਮ ਉੱਚਾ ਕੀਤਾ ਹੈ ਅਤੇ ਵੱਡੀ ਬਹਾਦਰੀ ਵਾਲੀ ਮਿਸਾਲ ਪੈਦਾ ਕੀਤੀ ਹੈ । ਇਹ ਨੌਜਵਾਨ ਜਿਸਦੇ ਪਿਤਾ ਨਹੀ ਹਨ, ਆਪਣੀ ਬਿਰਧ ਮਾਤਾ ਤੇ ਭੈਣ ਦੀ ਸਰਪ੍ਰਸਤੀ ਕਰਦਾ ਹੈ, ਉਸਨੇ ਇਹ ਵਧੀਆ ਕਾਰਗੁਜਾਰੀ ਦਿਖਾਕੇ ਜਿਥੇ ਸਾਡਾ ਸਭ ਦਾ ਸਿਰ ਉੱਚਾ ਕੀਤਾ ਹੈ, ਉਥੇ ਇਸ ਨੌਜਵਾਨ ਨੂੰ ਸਰਕਾਰ ਵੱਲੋ ਪੁਲਿਸ ਵਿਚ ਡੀ.ਐਸ.ਪੀ ਦਾ ਰੈਕ ਦੇ ਕੇ ਸਨਮਾਨ ਕੀਤਾ ਜਾਣਾ ਚਾਹੀਦਾ ਹੈ । ਜੋ ਇਨ੍ਹਾਂ ਦੀ ਵਿਧਵਾ ਮਾਤਾ ਹੈ, ਜਿਸਨੇ ਆਪਣੇ ਬੱਚਿਆ ਦੀ ਪੜ੍ਹਾਈ ਅਤੇ ਸਹੀ ਪਾਲਣ-ਪੋਸਣ ਕਰਨ ਹਿੱਤ ਜਿੰਦਗੀ ਵਿਚ ਬਹੁਤ ਮਿਹਨਤ ਕੀਤੀ ਹੈ ਅਤੇ ਆਪਣੇ ਦੋਵੇ ਬੱਚਿਆ ਦੀ ਸਹੀ ਦੇਖਭਾਲ ਲਈ ਕੇਵਲ 8000 ਦੀ ਨੌਕਰੀ ਤੇ ਸੇਵਾ ਕਰਦੀ ਰਹੀ ਹੈ, ਉਨ੍ਹਾਂ ਨੂੰ ਵੀ ਸਰਕਾਰ ਵੱਲੋ ਪੈਨਸਨ ਲੱਗਣੀ ਚਾਹੀਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਭਰਤਪ੍ਰੀਤ ਸਿੰਘ ਜੋ ਡਿਸਕਸ ਥ੍ਰੋਹ ਵਿਚ ਚੀਨ ਹੋਈਆ ਖੇਡਾਂ ਵਿਚੋ ਗੋਲਡ ਮੈਡਲ ਪ੍ਰਾਪਤ ਕਰਕੇ ਆਇਆ ਹੈ, ਉਸਨੂੰ ਡੀਐਸਪੀ ਦਾ ਪੁਲਿਸ ਵਿਚ ਅਹੁਦਾ ਦੇਣ ਅਤੇ ਉਸਦੀ ਮਾਤਾ ਨੂੰ ਪੈਨਸਨ ਲਗਾਉਣ ਦੀ ਜੋਰਦਾਰ ਗੁਹਾਰ ਲਗਾਉਦੇ ਹੋਏ ਅਤੇ ਇੰਡੀਆ, ਪੰਜਾਬ ਤੇ ਸਿੱਖ ਕੌਮ ਦਾ ਨਾਮ ਉੱਚਾ ਕਰਨ ਵਾਲੇ ਇਸ ਪਰਿਵਾਰ ਦੀ ਹਰ ਪੱਖੋ ਬਿਹਤਰੀ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।