ਇੰਡਸ ਵਾਟਰ ਸੰਧੀ ਨੂੰ ਖਤਮ ਕਰਨ ਨਾਲ ਤਾਂ ਜੰਗ ਹੋਵੇਗੀ, ਜਿਸਦਾ ਨੁਕਸਾਨ ਸਿੱਖ ਕੌਮ ਤੇ ਪੰਜਾਬ ਨੂੰ ਹੀ ਹੋਵੇਗਾ : ਮਾਨ
ਫ਼ਤਹਿਗੜ੍ਹ ਸਾਹਿਬ, 22 ਜੁਲਾਈ ( ) “ਪਾਕਿਸਤਾਨ ਅਤੇ ਇੰਡੀਆ ਨੂੰ ਲੈਕੇ ਜੋ 1960 ਵਿਚ ਕੌਮਾਂਤਰੀ ਕਾਨੂੰਨਾਂ ਅਧੀਨ ਇੰਡਸ ਵਾਟਰ ਸੰਧੀ ਹੋਈ ਸੀ, ਉਸਨੂੰ ਜੇਕਰ ਹਿੰਦੂਤਵ ਹੁਕਮਰਾਨ ਤਾਨਾਸਾਹੀ ਨੀਤੀਆ ਅਧੀਨ ਭੰਗ ਕਰਨ ਦੀ ਗੁਸਤਾਖੀ ਕਰਦੇ ਹਨ ਤਾਂ ਇਸ ਨਾਲ ਤਾਂ ਇੰਡੀਆ ਅਤੇ ਪਾਕਿਸਤਾਨ ਵਿਚ ਜੰਗ ਹੋਣ ਦੇ ਆਸਾਰ ਵੱਧ ਜਾਣਗੇ । ਅਜਿਹਾ ਅਮਲ ਹੋਣ ਤੇ ਇੰਡੀਆ ਨੂੰ ਤਾਂ ਕੋਈ ਨੁਕਸਾਨ ਨਹੀ ਹੋਵੇਗਾ ਲੇਕਿਨ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦਾ ਅਜਿਹੀ ਜੰਗ ਨਾਲ ਵੱਡਾ ਜਾਨੀ-ਮਾਲੀ ਨੁਕਸਾਨ ਹੋਵੇਗਾ । ਫਿਰ ਕੌਮਾਂਤਰੀ ਸੰਧੀਆ ਨੂੰ ਕੋਈ ਇਕ ਮੁਲਕ ਆਪਣੀ ਮਰਜੀ ਨਾਲ ਭੰਗ ਨਹੀ ਕਰ ਸਕਦਾ । ਇਸ ਲਈ ਇੰਡੀਆ ਨੂੰ ਅਜਿਹੀ ਬਜਰ ਗੁਸਤਾਖੀ ਕਰਨ ਦੀ ਬਜਾਇ ਚਾਹੀਦਾ ਹੈ ਕਿ ਉਹ ਆਪਸੀ ਡਿਪਲੋਮੈਟਿਕ ਢੰਗਾਂ ਦੀ ਵਰਤੋ ਕਰਦੇ ਹੋਏ ਆਪਸੀ ਗੱਲਬਾਤ ਰਾਹੀ ਇਸ ਮਸਲੇ ਨੂੰ ਸਹਿਜ ਨਾਲ ਹੱਲ ਕਰਨ । ਨਾ ਕਿ ਇੰਡਸ ਵਾਟਰ ਟ੍ਰੀਟੀ ਨੂੰ ਜਬਰੀ ਖਤਮ ਕਰਕੇ ਬਿਨ੍ਹਾਂ ਵਜਹ ਮਨੁੱਖਤਾ ਮਾਰੂ ਜੰਗ ਨੂੰ ਸੱਦਾ ਦੇਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਵੱਲੋ ਆਪਣੀਆ ਤਾਨਾਸਾਹੀ ਸੋਚ ਤੇ ਨੀਤੀਆ ਉਤੇ ਅਮਲ ਕਰਦੇ ਹੋਏ ਇੰਡਸ ਵਾਟਰ ਟ੍ਰੀਟੀ 1960 ਨੂੰ ਜਬਰੀ ਖਤਮ ਕਰਨ ਦੇ ਕੀਤੇ ਜਾ ਰਹੇ ਮਨੁੱਖਤਾ ਵਿਰੋਧੀ ਅਮਲਾਂ ਦੀ ਸਖਤ ਸਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਮਸਲੇ ਨੂੰ ਆਪਸੀ ਦੋਵਾਂ ਮੁਲਕਾਂ ਦੀ ਸੰਭਾਵਨਾ ਭਰੀ ਗੱਲਬਾਤ ਰਾਹੀ ਹੱਲ ਕਰਨ ਦੀ ਨੇਕ ਸਲਾਹ ਦਿੰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਸਦਾ ਉਲੰਘਣ ਕਰਨ ਤੇ ਸਾਡੇ ਪਾਕਿਸਤਾਨ ਨਾਲ ਲੱਗਦੀਆ ਸਰਹੱਦਾਂ ਤੇ ਦਹਿਸਤ ਅਤੇ ਖੌਫ ਵੱਧੇਗਾ ਜੋ ਅਸੀ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਰਾਹੀ ਆਪਣੇ ਗੁਰਧਾਮਾਂ ਦੇ ਦਰਸਨ ਕਰਨ ਦੀ ਤਾਂਘ ਰੱਖਦੇ ਹਾਂ, ਉਸ ਉਤੇ ਵੀ ਸਾਡੀਆ ਭਾਵਨਾਵਾ ਨੂੰ ਸੱਟ ਵੱਜੇਗੀ । ਇਹ ਸਭ ਤੋ ਵੱਡਾ ਬੋਝ ਸਿੱਖਾਂ ਉਤੇ ਹੋਵੇਗਾ । ਇਸ ਲਈ ਇੰਡਸ ਵਾਟਰ ਟ੍ਰੀਟੀ ਕਦੀ ਵੀ ਭੰਗ ਨਹੀ ਹੋਣੀ ਚਾਹੀਦੀ ਬਲਕਿ ਤਹਿਜੀਬ, ਸਲੀਕੇ ਨਾਲ ਦੋਵਾਂ ਮੁਲਕਾਂ ਵੱਲੋ ਇਸ ਮਸਲੇ ਨੂੰ ਗੱਲਬਾਤ ਰਾਹੀ ਹੱਲ ਕਰਨ ਪਵੇਗਾ । ਪਾਣੀ ਤੋ ਬਿਨ੍ਹਾਂ ਲਹਿੰਦੇ ਪੰਜਾਬ ਜੀ ਨਹੀ ਸਕੇਗਾ ਜੋ ਕਿ ਜੰਗ ਨੂੰ ਖੁਦ ਹੁਕਮਰਾਨਾਂ ਵੱਲੋ ਸੱਦਾ ਦੇਣ ਦੀ ਗੁਸਤਾਖੀ ਹੋਵੇਗੀ ।