ਖੋਦਿਆ ਪਹਾੜ ਨਿਕਲਿਆ ਚੂਹਾ, ਮੋਦੀ ਦੀ ਪੰਜਾਬ ਯਾਤਰਾ ਨੇ ਪੰਜਾਬ ਤੇ ਪੰਜਾਬੀਆਂ ਨੂੰ ਕੁਝ ਨਹੀ ਦਿੱਤਾ : ਮਾਨ
ਫ਼ਤਹਿਗੜ੍ਹ ਸਾਹਿਬ, 18 ਜੁਲਾਈ ( ) “ਇੰਡੀਆ ਦੇ ਵਜੀਰ ਏ ਆਜਮ ਸ੍ਰੀ ਮੋਦੀ ਦੇ ਬੀਤੇ ਕੱਲ੍ਹ ਪੰਜਾਬ ਦੌਰੇ ਤੋ ਪਹਿਲੇ ਸਮੁੱਚੇ ਮੀਡੀਆ ਵਿਚ ਇਸ ਦੌਰੇ ਨੂੰ ਲੈਕੇ ਵੱਡਾ ਪ੍ਰਚਾਰ ਸੁਰੂ ਕੀਤਾ ਹੋਇਆ ਸੀ ਅਤੇ ਇਸ ਦੌਰੇ ਨੂੰ ਆਉਣ ਵਾਲੀਆ 2027 ਦੀਆਂ ਪੰਜਾਬ ਅਸੈਬਲੀ ਚੋਣਾਂ ਨੂੰ ਮੁੱਖ ਰੱਖਕੇ ਬੀਜੇਪੀ-ਆਰ.ਐਸ.ਐਸ ਦੇ ਪੰਜਾਬ ਦੇ ਅਹੁਦੇਦਾਰ ਤੇ ਮੈਬਰ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਇਸ ਦੌਰੇ ਦੇ ਐਲਾਨਾਂ ਦੇ ਸੁਪਨੇ ਦਿਖਾਉਦੇ ਹੋਏ ਵੱਡੇ ਦਾਅਵੇ ਕਰ ਰਹੇ ਸਨ ਪਰ ਬੀਤੇ ਦਿਨ ਦੇ ਪੰਜਾਬ ਦੇ ਸ੍ਰੀ ਮੋਦੀ ਦੇ ਦੌਰੇ ਵਿਚ ਕੁਝ ਰੇਲਵੇ ਸਟੇਸ਼ਨਾਂ ਤੇ ਰੇਲਵੇ ਕੰਨਟੀਨਾਂ ਦੇ ਉਦਘਾਟਨ ਅਤੇ ਇਕ ਅੰਮ੍ਰਿਤਸਰ ਤੋ ਬਨਾਰਸ ਲਈ ਰੇਲ ਗੱਡੀ ਸੁਰੂ ਕਰਨ ਦੇ ਐਲਾਨ ਤੋ ਇਲਾਵਾ ਜੋ ਬੀਤੇ ਢਾਈ ਦਹਾਕਿਆ ਤੋ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਸੰਬੰਧਤ ਲੰਮੇ ਸਮੇ ਤੋ ਲਟਕਦੇ ਆ ਰਹੇ ਗੰਭੀਰ ਮਸਲਿਆ ਨੂੰ ਹੱਲ ਕਰਨ ਅਤੇ ਪੰਜਾਬ ਨੂੰ ਮਾਲੀ, ਵਪਾਰਕ, ਸਮਾਜਿਕ, ਇਖਲਾਕੀ ਅਤੇ ਧਾਰਮਿਕ ਤੌਰ ਤੇ ਤਕੜਾ ਕਰਨ ਸੰਬੰਧੀ ਸੈਟਰ ਵੱਲੋ ਜੋ ਹੋਣਾ ਬਣਦਾ ਸੀ, ਉਸ ਵਿਚੋ ਕੁਝ ਨਾ ਹੋਣ ਉਪਰੰਤ ਇਹ ਦੌਰਾ ਇਸ ਕਹਾਵਤ ਨਾਲ ਜਿਵੇ ਉੱਠਿਆ ਸੀ, ਉਸੇ ਤਰ੍ਹਾਂ ਖਤਮ ਹੋ ਗਿਆ ਕਿ ਖੋਦਿਆ ਪਹਾੜ ਨਿਕਲਿਆ ਚੂਹਾ । ਕਹਿਣ ਤੋ ਭਾਵ ਇਸ ਸੂਬੇ ਤੇ ਇਸਦੇ ਨਿਵਾਸੀਆ ਦੇ ਮਸਲਿਆ ਨੂੰ ਹੱਲ ਕਰਨ ਲਈ ਬੀਜੇਪੀ-ਆਰ.ਐਸ.ਐਸ ਦੀ ਮੋਦੀ ਹਕੂਮਤ ਨਾ ਪਹਿਲੇ ਗੰਭੀਰ ਸੀ ਅਤੇ ਨਾ ਅੱਜ ਗੰਭੀਰ ਹੈ । ਬਲਕਿ ਪੰਜਾਬ ਵਿਚ ਕਈ ਤਰ੍ਹਾਂ ਦੀ ਸਮਾਜ ਵਿਰੋਧੀ ਸਾਜਿਸਾਂ ਨੂੰ ਹਵਾ ਦੇ ਕੇ ਇਥੋ ਦੇ ਮਾਹੌਲ ਨੂੰ ਨਫਰਤ ਭਰਿਆ ਬਣਾਕੇ ਆਉਣ ਵਾਲੀਆ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਜਿੱਤਣ ਦੀ ਅਸਫਲ ਉਮੀਦ ਲਗਾਈ ਬੈਠੀ ਹੈ । ਅਜਿਹੀਆ ਪੰਜਾਬ ਵਿਰੋਧੀ ਜਮਾਤਾਂ ਨੂੰ ਪੰਜਾਬੀ ਤੇ ਸਿੱਖ ਕੌਮ ਕਤਈ ਵੀ ਪ੍ਰਵਾਨ ਨਹੀ ਕਰਨਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਦੇ ਪੰਜਾਬ ਦੌਰੇ ਉਤੇ ਤਿੱਖੀ ਕਟਾਸ ਕਰਦੇ ਹੋਏ, ਪੰਜਾਬ ਸੂਬੇ ਤੇ ਇਥੋ ਦੇ ਨਿਵਾਸੀਆ ਦੇ ਲੰਮੇ ਸਮੇ ਤੋ ਲਟਕਦੇ ਆ ਰਹੇ ਮਸਲਿਆ ਉਤੇ ਕੋਈ ਵੀ ਗੰਭੀਰਤਾ ਨਾਲ ਅਮਲ ਨਾ ਕਰਨ ਦੇ ਅਮਲਾਂ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਦਾ ਇਹ ਦੌਰਾ ਇਕ ਟਹਿਲਣ ਦੀ ਤਰ੍ਹਾਂ ਹੀ ਸੀ ਨਾ ਕਿ ਕੋਈ ਪੰਜਾਬ ਲਈ ਸੰਜੀਦਾ ਅਮਲ ਕਰਨ ਵਾਲੀ ਗੱਲ ਸੀ । ਉਨ੍ਹਾਂ ਕਿਹਾ ਕਿ ਲੰਮੇ ਸਮੇ ਤੋ ਆਪਣੀਆ ਕਾਨੂੰਨੀ ਸਜਾਵਾਂ ਪੂਰੀਆ ਕਰ ਚੁੱਕੇ ਸਿੱਖਾਂ ਨੂੰ ਰਿਹਾਅ ਨਾ ਕਰਨਾ, ਬੀਤੇ 15 ਸਾਲਾਂ ਤੋ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਨਾ ਕਰਵਾਉਣਾ, ਜਿੰਮੀਦਾਰਾਂ ਦੀਆਂ ਫਸਲਾਂ ਤੇ ਵਪਾਰੀਆ ਦੇ ਉਤਪਾਦਾਂ ਦਾ ਕੌਮਾਂਤਰੀ ਵਪਾਰ ਲਈ ਸਰਹੱਦਾਂ ਨੂੰ ਨਾ ਖੋਲਣਾ, ਪੰਜਾਬ ਦੇ ਦਰਿਆਵਾ, ਨਹਿਰਾਂ ਦੇ ਜਬਰੀ ਖੋਹੇ ਜਾ ਰਹੇ ਕੀਮਤੀ ਪਾਣੀਆ ਦੇ ਮਸਲੇ, ਭਾਖੜਾ ਬਿਆਸ ਮੈਨੇਜਮੈਟ ਬੋਰਡ ਉਤੇ ਪੰਜਾਬ ਦੇ ਅਧਿਕਾਰ ਖਤਮ ਕਰਨੇ, ਪੰਜਾਬ ਤੋ ਬਾਹਰ ਰਹਿ ਚੁੱਕੇ ਪੰਜਾਬੀ ਬੋਲਦੇ ਇਲਾਕਿਆ, ਰਾਜਧਾਨੀ ਚੰਡੀਗੜ੍ਹ ਨੂੰ ਪੰਜਾਬ ਦੇ ਤੁਰੰਤ ਹਵਾਲੇ ਕਰਨਾ, ਫ਼ੌਜ ਵਿਚ ਸਿੱਖਾਂ ਦੀ 33% ਬਣਦੀ ਕੋਟੇ ਦੀ ਬਹਾਲੀ, ਬੇਰੁਜਗਾਰੀ ਦੇ ਮਸਲੇ ਨੂੰ ਹੱਲ ਕਰਨ ਲਈ ਪੰਜਾਬ ਨੂੰ ਵੱਡੇ ਉਦਯੋਗ ਨਾ ਦੇਣਾ, ਪੰਜਾਬ ਸੂਬੇ ਦੀ ਡੈਮੋਗ੍ਰਾਫੀ ਨੂੰ ਪ੍ਰਭਾਵਿਤ ਕਰਨ ਹਿੱਤ ਪ੍ਰਵਾਸੀਆ ਨੂੰ ਰਾਸਨ ਕਾਰਡ, ਵੋਟਰ ਕਾਰਡ, ਤੇਜੀ ਨਾਲ ਜਾਰੀ ਕਰਨ ਅਤੇ ਉਨ੍ਹਾਂ ਨੂੰ ਇਥੇ ਨੌਕਰੀਆ ਦੇਣ ਦੇ ਗੈਰ ਕਾਨੂੰਨੀ ਅਮਲ, ਪੰਜਾਬੀ ਬੋਲੀ, ਭਾਸ਼ਾ ਨੂੰ ਬਣਦਾ ਸਤਿਕਾਰ ਨਾ ਦੇਣਾ, ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਸੁਰੂ ਕਰਕੇ ਫਿਰ ਬੰਦ ਕਰ ਦੇਣਾ, ਸਿੱਖਾਂ ਦੇ ਕਾਤਲਾਂ ਨੂੰ ਬਣਦੀਆ ਸਜਾਵਾਂ ਨਾ ਦੇਣਾ, ਘੱਗਰ ਦੇ ਮਾਰੂ ਦਰਿਆ ਦੇ ਹੋਣ ਵਾਲੇ ਨੁਕਸਾਨ ਤੋ ਬਚਾਉਣ ਲਈ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਵੱਲੋ ਨਾ ਤਾਂ ਉਸਦੀ ਸਫਾਈ ਕਰਵਾਈ ਗਈ ਹੈ, ਨਾ ਕੰਡੇ ਪੱਕੇ ਕੀਤੇ ਗਏ ਹਨ ਜਿਸ ਨਾਲ ਆਉਣ ਵਾਲੇ ਸਮੇ ਵਿਚ ਹੋਰ ਨੁਕਸਾਨ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ, ਇਹ ਮਸਲੇ ਜਿਊ ਦੇ ਤਿਊ ਖੜ੍ਹੇ ਹਨ । ਕੈਨੇਡਾ, ਅਮਰੀਕਾ, ਬਰਤਾਨੀਆ, ਪਾਕਿਸਤਾਨ ਵਿਚ ਸਾਜਸੀ ਢੰਗ ਨਾਲ ਕਤਲ ਹੋਏ ਸਿੱਖਾਂ ਦੇ ਮੁਜਰਿਮ ਹਨ । ਬੀਤੇ ਸਮੇ ਦੇ ਪੰਜਾਬ ਦੇ ਦੁਖਾਂਤ ਦੀ ਨਿਰਪੱਖਤਾ ਨਾਲ ਜਾਂਚ ਨਾ ਕਰਵਾਉਣਾ ਆਦਿ ਅਤਿ ਗੰਭੀਰ ਤੇ ਵੱਡੀਆ ਬੇਇਨਸਾਫ਼ੀਆਂ ਅਤੇ ਵਿਤਕਰੇ ਹਨ ।
ਉਨ੍ਹਾਂ ਕਿਹਾ ਕਿ ਇਨ੍ਹਾਂ ਦੀਆਂ ਗਲਤ ਨੀਤੀਆ ਦੀ ਬਦੌਲਤ ਅਮਰੀਕਾ ਨਾਲ ਰਿਸਤਾ ਖਰਾਬ ਹੋ ਗਿਆ ਹੈ ਅਸੀ ਕਦੋ ਦੇ ਕਹਿ ਰਹੇ ਹਾਂ ਕਿ ਰੂਸ ਨੂੰ ਮਦਦ ਨਾ ਕਰੋ ਕਿਉਂਕਿ ਉਹ ਯੂਕਰੇਨ ਨੂੰ ਹੜੱਪਣਾ ਚਾਹੁੰਦਾ ਹੈ ਅਤੇ ਉਨ੍ਹਾਂ ਦੇ ਕੁਦਰਤੀ ਖਣਿਜ ਪਦਾਰਥਾਂ ਦੇ ਸੋਮਿਆ ਤੇ ਕਬਜਾ ਕਰਨ ਦੀ ਮੰਦਭਾਵਨਾ ਰੱਖਦਾ ਹੈ । ਜੋ ਅਮਰੀਕਾ ਨੇ ਇੰਡੀਆ ਉਤੇ 100% ਟ੍ਰੈਰਿਫ ਲਗਾਇਆ ਹੈ ਇਹ ਅੱਛਾ ਫੈਸਲਾ ਕੀਤਾ ਹੈ ਹੁਣ ਦੇਖਣਾ ਇਹ ਬਾਕੀ ਹੈ ਕਿ ਇਸ ਦਿਸ਼ਾ ਵੱਲ ਸ੍ਰੀ ਟਰੰਪ ਕੁਝ ਕਰਦੇ ਹਨ ਜਾਂ ਨਹੀ । ਤੁਰਕਮਿਨਸਤਾਨ ਤੋ ਅਫਗਾਨੀਸਤਾਨ, ਪਾਕਿਸਤਾਨ ਰਾਹੀ ਆ ਰਹੀ ਪਾਇਪ ਲਾਇਨ ਨੂੰ ਫਾਲਿਜਕਾ ਤੱਕ ਲੈਕੇ ਆਉਣਾ ਮੁੱਖ ਜਿੰਮੇਵਾਰੀ ਹੈ । ਉਨ੍ਹਾਂ ਕਿਹਾ ਕਿ ਜਦੋ ਹੁਣ ਸ੍ਰੀ ਮੋਦੀ ਪੰਜਾਬ ਦੌਰੇ ਤੇ ਆਏ ਤਾਂ ਪੰਜਾਬ ਦੀ ਆਮ ਆਦਮੀ ਸਰਕਾਰ ਵੱਲੋ ਕਿਸੇ ਵੀ ਸਥਾਂਨ ਤੇ ਲੱਗੇ ਗੰਦਗੀ ਦੇ ਢੇਰਾਂ ਨੂੰ ਸਾਫ ਨਹੀ ਕਰਵਾਇਆ ਗਿਆ । ਜਿਸ ਗਾਂ ਨੂੰ ਇਹ ਹੁਕਮਰਾਨ ਗਊਮਾਤਾ ਕਹਿੰਦੇ ਹਨ ਉਹ ਪਲਾਸਟਿਕ ਅਤੇ ਹੋਰ ਗੰਦ ਖਾਂ ਕੇ ਆਪਣਾ ਢਿੱਡ ਭਰ ਰਹੀਆ ਹਨ । ਬੇਰੁਜਗਾਰੀ, ਗਰੀਬਾਂ ਨਾਲ ਸੰਬੰਧਤ ਮਾਲੀ, ਮਸਲਿਆ ਨੂੰ ਹੱਲ ਨਹੀ ਕੀਤਾ ਜਾ ਰਿਹਾ । ਉਨ੍ਹਾਂ ਦੀਆਂ ਛੱਤਾਂ ਤੇ ਰਹਿਣ ਸਹਿਣ ਨੀਚੇ ਦਰਜੇ ਦਾ ਬਣਿਆ ਹੋਇਆ ਹੈ । ਜਦੋ ਪਿਛਲੇ ਸਾਲ ਹੜ੍ਹਾ ਨਾਲ ਪੰਜਾਬ ਸੂਬੇ ਤੇ ਇਥੋ ਦੇ ਨਿਵਾਸੀਆ ਦਾ ਜਾਨੀ-ਮਾਲੀ ਨੁਕਸਾਨ ਹੋਇਆ ਉਸਦੀ ਪੂਰਤੀ ਦਾ ਐਲਾਨ ਕੀਤਾ ਸੀ ਪਰ ਉਸਨੂੰ ਅੱਜ ਤੱਕ ਪੂਰਾ ਨਹੀ ਕੀਤਾ ਗਿਆ । ਇਥੋ ਦੇ ਮਿਲਟਰੀ ਸਕੂਲਾਂ ਵਿਚ ਸੰਸਕ੍ਰਿਤ ਭਾਸ਼ਾ ਨੂੰ ਲਾਜਮੀ ਕਰਨ ਅਤੇ ਪੰਜਾਬੀ ਨੂੰ ਚੋਣਵਾ ਵਿਸਾ ਰੱਖ ਦਿੱਤਾ ਗਿਆ ਹੈ । ਫਿਰ ਇਨ੍ਹਾਂ ਸਕੂਲਾਂ ਤੇ ਕਾਲਜਾਂ ਵਿਚ ਵੰਦੇ ਮਾਤਰਮ ਵਰਗੇ ਫਿਰਕੂ ਗਾਇਨ ਜਬਰੀ ਲਾਗੂ ਕੀਤੇ ਜਾ ਰਹੇ ਹਨ ਜਦੋਕਿ ਸਾਡਾ ਕੌਮੀ ਗਾਇਨ ਦੇਹ ਸਿਵਾ ਬਰ ਮੋਹਿ ਹੈ । ਇਹ ਸਾਡੇ ਉਤੇ ਜਬਰੀ ਹਿੰਦੂਤਵ ਸੋਚ ਨੂੰ ਠੋਸਣਾ ਚਾਹੁੰਦੇ ਹਨ । ਇਥੋ ਤੱਕ ਗੁਆਂਢੀ ਸੂਬੇ ਜੰਮੂ-ਕਸਮੀਰ ਦਾ ਆਜਾਦ ਸਟੇਟ ਦਾ ਸਟੇਟਸ ਖਤਮ ਕਰਕੇ ਇਨ੍ਹਾਂ ਨੇ ਉਸਨੂੰ ਯੂਟੀ ਅਧੀਨ ਕਰ ਲਿਆ ਹੈ । ਉਥੋ ਦਾ ਲੈਫ. ਗਵਰਨਰ, ਡੀਜੀਪੀ ਜੰਮੂ-ਕਸਮੀਰ ਦੀ ਕਿਸੇ ਵੀ ਸਲਾਹ ਤੇ ਰਾਏ ਨੂੰ ਮਹੱਤਵ ਹੀ ਨਹੀ ਦਿੰਦਾ ਬਲਕਿ ਸੈਟਰ ਦੇ ਹੁਕਮਰਾਨਾਂ ਤੇ ਪ੍ਰੋਗਰਾਮਾਂ ਨੂੰ ਲਾਗੂ ਕਰਦੇ ਹਨ । ਜੋ ਕਸਮੀਰੀਆ ਨਾਲ ਹੋਰ ਵੀ ਵੱਡੀ ਬੇਇਨਸਾਫੀ ਹੋ ਰਹੀ ਹੈ । ਮੰਨੂਸਮ੍ਰਿਤੀ ਦੀ ਕੱਟੜਵਾਦੀ ਸੋਚ ਨੂੰ ਲਾਗੂ ਕਰਕੇ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੇ ਸਮਾਜਿਕ ਵਖਰੇਵਿਆ ਨੂੰ ਇਹ ਹੁਕਮਰਾਨ ਮਜਬੂਤ ਕਰਕੇ ਇਥੋ ਦੇ ਸਮਾਜਿਕ ਤਾਣੇ ਬਾਣੇ ਨੂੰ ਹੋਰ ਗੁੰਝਲਦਾਰ ਕਰ ਰਹੇ ਹਨ । ਮਹਿੰਗਾਈ ਅਤੇ ਕਾਨੂੰਨੀ ਵਿਵਸਥਾਂ ਡਾਵਾਡੋਲ ਹੋ ਚੁੱਕੀ ਹੈ । ਕਹਿਣ ਤੋ ਭਾਵ ਹੈ ਇਹ ਹੁਕਮਰਾਨ ਹਕੂਮਤੀ ਸਾਧਨਾਂ ਦੀ ਦੁਰਵਰਤੋ ਕਰਕੇ ਚਹਿਲ-ਪਹਿਲ ਅਤੇ ਟਹਿਲ ਹੀ ਰਹੇ ਹਨ । ਇਥੋ ਦੇ ਨਿਵਾਸੀਆ ਨੂੰ ਸੰਬੰਧਤ ਮੁਸਕਿਲਾਂ ਤੇ ਮਸਲਿਆ ਨੂੰ ਹੱਲ ਕਰਨ ਦੀ ਨਾ ਇਨ੍ਹਾਂ ਕੋਲ ਪਹੁੰਚ ਹੈ ਅਤੇ ਨਾ ਹੀ ਸਮਰੱਥਾਂ ਸ਼ਕਤੀ । ਇਹ ਹੁਕਮਰਾਨ ਨਿਜਾਮੀ ਤੌਰ ਤੇ ਫੇਲ੍ਹ ਸਾਬਤ ਹੋ ਚੁੱਕੇ ਹਨ ।