ਸਿੱਖਾਂ ਦੇ ਕਾਤਲ ਪੁਲਿਸ ਅਫਸਰਾਂ ਦੇ ਕੇਸ ਲੜਨ ਵਾਲੇ ਸ. ਕਲੇਰ ਨੂੰ ਜੂਡੀਜੀਅਲ ਕਮਿਸਨ ਦੇ ਮੁੱਖੀ ਦੇ ਅਹੁਦੇ ਤੇ ਕਿਉਂ ਲਗਾਇਆ ਹੋਇਆ ? : ਮਾਨ
ਫ਼ਤਹਿਗੜ੍ਹ ਸਾਹਿਬ, 20 ਜੁਲਾਈ ( ) “ਜਿਸ ਜਾਬਰ ਕਾਤਲ ਪੁਲਿਸ ਅਫਸਰਸਾਹੀ ਨੂੰ ਸਿੱਖ ਨੌਜਵਾਨਾਂ ਨੂੰ ਗੈਰ ਵਿਧਾਨਿਕ ਤੇ ਗੈਰ ਸਮਾਜਿਕ ਢੰਗਾਂ ਨਾਲ ਤਸੀਹੇ ਦੇ ਕੇ ਝੂਠੇ ਪੁਲਿਸ ਮੁਕਾਬਲਿਆ ਵਿਚ ਮਾਰਿਆ ਹੋਵੇ, ਉਨ੍ਹਾਂ ਕਾਤਲ ਪੁਲਿਸ ਅਫਸਰਾਂ ਦੀ ਕਾਨੂੰਨੀ ਹਿਫਾਜਤ ਤੇ ਪੈਰਵੀ ਕਰਨ ਵਾਲੇ ਸ. ਸਤਨਾਮ ਸਿੰਘ ਕਲੇਰ ਐਡੋਵਕੇਟ ਨੂੰ ਸਿੱਖ ਜੂਡੀਸੀਅਲ ਕਮਿਸਨ ਦੇ ਚੇਅਰਮੈਨ ਦੇ ਅਹੁਦੇ ਤੇ ਕਿਉਂ ਲਗਾਇਆ ਹੋਇਆ ਹੈ ? ਇਹ ਸਿੱਖ ਕੌਮ ਵਿਰੋਧੀ ਅਮਲ ਕਰਨ ਵਾਲੇ ਬਾਦਲ ਪਰਿਵਾਰ ਦੇ ਹੁਕਮਾਂ ਤੇ ਅਜਿਹੇ ਵੱਡੇ ਅਹੁਦੇ ਦੇਣਾ ਸਾਬਤ ਕਰਦਾ ਹੈ ਕਿ ਸਿੱਖ ਨੌਜਵਾਨੀ ਨੂੰ ਤਸੀਹੇ ਦੇ ਕੇ ਝੂਠੇ ਪੁਲਿਸ ਮੁਕਾਬਲਿਆ ਵਿਚ ਕਤਲ ਕਰਨ ਵਾਲੀ ਪੁਲਿਸ ਅਫਸਰਸਾਹੀ ਅਤੇ ਬਾਦਲ ਪਰਿਵਾਰ ਇਸ ਸਾਜਿਸ ਦੀਆਂ ਕੜੀਆ ਦੇ ਹਿੱਸੇ ਹਨ । ਜਿਨ੍ਹਾਂ ਨੂੰ ਸਿੱਖ ਕੌਮ ਕਤਈ ਵੀ ਨਾ ਤਾਂ ਮੁਆਫ਼ ਕਰੇਗੀ ਅਤੇ ਨਾ ਹੀ ਇਸ ਜ਼ਬਰ ਜੁਲਮ ਦੀ ਗੱਲ ਨੂੰ ਕਦੇ ਭੁਲਾ ਸਕੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖਾਂ ਨੂੰ ਕਤਲ ਕਰਨ ਵਾਲੇ ਪੁਲਿਸ ਅਫਸਰਾਂ ਦੀ ਕਾਨੂੰਨੀ ਪੈਰਵੀ ਕਰਨ ਵਾਲੇ ਸ. ਸਤਨਾਮ ਸਿੰਘ ਕਲੇਰ ਵਰਗੇ ਐਡਵੋਕੇਟ ਨੂੰ ਸਿੱਖ ਜੂਡੀਸੀਅਲ ਕਮਿਸਨ ਦੇ ਚੇਅਰਮੈਨ ਦੇ ਅਹੁਦੇ ਤੋ ਤੁਰੰਤ ਫਾਰਗ ਕਰਨ ਦੀ ਜੋਰਦਾਰ ਗੁਹਾਰ ਲਗਾਉਦੇ ਹੋਏ ਅਤੇ ਬਾਦਲ ਦਲੀਆ ਨੂੰ ਸਿੱਖ ਕੌਮ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖਾਂ ਦੇ ਕਾਤਲਾਂ ਨਾਲ ਹਮਦਰਦੀ ਰੱਖਣ ਵਾਲੇ ਉਨ੍ਹਾਂ ਦੀ ਕਾਨੂੰਨੀ ਪੈਰਵੀ ਕਰਨ ਵਾਲੇ ਨੂੰ ਸਿੱਖ ਕੌਮ ਨੇ ਕਦੇ ਵੀ ਨਾ ਤਾਂ ਬੀਤੇ ਸਮੇ ਵਿਚ ਕਦੇ ਸਨਮਾਨ ਦਿੱਤਾ ਅਤੇ ਨਾ ਹੀ ਅਜਿਹੇ ਕੌਮੀ ਦਾਗੀਆ ਨਾਲ ਕਿਸੇ ਤਰ੍ਹਾਂ ਦੀ ਸਾਂਝ ਰੱਖੀ ਹੈ । ਪਰ ਬੀਤੇ ਸਮੇਂ ਪੰਜਾਬ ਦੇ ਦੁਖਾਂਤ ਦੇ ਜਿੰਮੇਵਾਰ ਪੁਲਿਸ ਅਧਿਕਾਰੀਆ ਜਿਨ੍ਹਾਂ ਵਿਚ ਸੈਣੀ, ਇਜਹਾਰ ਆਲਮ, ਮੁਸਤਫਾ, ਅਜੀਤ ਸਿੰਘ ਸੰਧੂ, ਸਵਰਨ ਸਿੰਘ ਘੋਟਨਾ, ਕੇਪੀ.ਐਸ ਗਿੱਲ ਵਰਗੇ ਕਾਤਲ ਪੁਲਿਸ ਅਫਸਰਾਂ ਦੀ ਕੋਈ ਵੀ ਕਾਨੂੰਨੀ ਪੈਰਵੀ ਸਿੱਖ ਵਕੀਲ ਇਖਲਾਕੀ ਤੌਰ ਤੇ ਨਹੀ ਕਰ ਸਕਦਾ । ਪਰ ਐਨੇ ਜ਼ਬਰ ਅਤੇ ਵਿਤਕਰੇ ਕਰਨ ਵਾਲੇ ਪੁਲਿਸ ਅਫਸਰਾਂ ਦੇ ਕੇਸਾਂ ਨੂੰ ਲੜਨ ਵਾਲੇ ਉਪਰੋਕਤ ਐਡਵੋਕੇਟ ਸ. ਸਤਨਾਮ ਸਿੰਘ ਨੂੰ ਸਿੱਖੀ ਸੰਸਥਾਵਾਂ ਦਾ ਮੁੱਖ ਅਹੁਦਾ ਕਿਸ ਦਲੀਲ ਨਾਲ ਸੌਪਿਆ ਹੋਇਆ ਹੈ, ਇਸ ਨੂੰ ਅਜਿਹੇ ਮੁੱਖ ਅਹੁਦੇ ਤੋ ਫਾਰਗ ਕਰਨ ਦੀ ਸਿੱਖ ਕੌਮ ਦੀ ਉੱਠ ਰਹੀ ਜੋਰਦਾਰ ਮੰਗ ਦੇ ਬਾਵਜੂਦ ਜੇਕਰ ਕੋਈ ਅਮਲ ਨਹੀ ਹੋ ਰਿਹਾ ਤਾਂ ਇਸ ਤੋ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਬੀਤੇ ਸਮੇ ਵਿਚ ਸਿੱਖ ਨੌਜਵਾਨੀ ਉਤੇ ਝੂਠੇ ਪੁਲਿਸ ਮੁਕਾਬਲਿਆ ਦੇ ਵਾਪਰੇ ਦੁਖਾਂਤ ਵਿਚ ਇਹ ਸਿਆਸੀ ਆਗੂ ਅਤੇ ਪੁਲਿਸ ਅਫਸਰਸਾਹੀ ਬਰਾਬਰ ਦੀ ਜਿੰਮੇਵਾਰ ਹੈ । ਜਿਨ੍ਹਾਂ ਨੂੰ ਸਿੱਖ ਕੌਮ ਕਦਾਚਿਤ ਮੁਆਫ ਨਹੀ ਕਰੇਗੀ ।