ਸ੍ਰੀ ਮੋਦੀ ਵੱਲੋ ਅੰਮ੍ਰਿਤਸਰ ਤੋਂ ਬਨਾਰਸ ਤੱਕ ਦੀ ਰੇਲ ਗੱਡੀ ਸੁਰੂ ਕਰਨਾ ਸਵਾਗਤਯੋਗ, ਕਿਉਂਕਿ ਬਨਾਰਸ ਯੂਨੀਵਰਸਿਟੀ ਦਾ ਨੀਂਹ ਵੀ ਮਹਾਪੁਰਖ ਸੰਤ ਅਤਰ ਸਿੰਘ ਵੱਲੋਂ ਰੱਖਿਆ ਗਿਆ ਸੀ : ਮਾਨ
ਫ਼ਤਹਿਗੜ੍ਹ ਸਾਹਿਬ, 17 ਜੁਲਾਈ ( ) “ਇੰਡੀਆ ਦੇ ਵਜੀਰ ਏ ਆਜਮ ਸ੍ਰੀ ਮੋਦੀ ਵੱਲੋ ਅੱਜ ਅੰਮ੍ਰਿਤਸਰ ਤੋਂ ਬਨਾਰਸ ਤੱਕ ਦੀ ਨਵੀ ਰੇਲ ਗੱਡੀ ਸੁਰੂ ਕੀਤੀ ਗਈ ਹੈ, ਇਹ ਸਵਾਗਤਯੋਗ ਹੈ । ਕਿਉਂਕਿ ਜਦੋ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਤਾਂ ਇਹ ਵੀ ਇਕ ਪ੍ਰਮੁੱਖ ਸਿੱਖ ਕੌਮ ਨਾਲ ਸੰਬੰਧਤ ਮਹਾਪੁਰਖ ਸੰਤ ਅਤਰ ਸਿੰਘ ਜੀ ਵੱਲੋਂ ਰੱਖਿਆ ਗਿਆ ਸੀ । ਜਿਨ੍ਹਾਂ ਨੇ ਸਿੱਖ ਕੌਮ ਦਾ ਸਭ ਦਿਸ਼ਾਵਾਂ ਵੱਲ ਪ੍ਰਚਾਰ ਕੀਤਾ ਅਤੇ ਮਨੁੱਖਤਾ ਪੱਖੀ ਗੁਣਾਂ ਨੂੰ ਹਰ ਤਰਫ ਪ੍ਰਫੁੱਲਿਤ ਕਰਨ ਦੀ ਜਿੰਮੇਵਾਰੀ ਨਿਭਾਈ । ਇਸੇ ਤਰ੍ਹਾਂ ਸਿੱਖ ਕੌਮ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਵੱਲੋ ਬਨਾਰਸ ਵਿਖੇ ਆਪਣੇ ਪੰਜ ਸਿੱਖਾਂ ਨੂੰ ਸੰਸਕ੍ਰਿਤ ਭਾਸ਼ਾ ਦੀ ਜਾਣਕਾਰੀ ਪ੍ਰਾਪਤ ਕਰਨ ਹਿੱਤ ਭੇਜਿਆ ਸੀ । ਭਾਵੇਕਿ ਉਸ ਸਮੇ ਦੇ ਉਥੋ ਦੇ ਪੰਡਿਤਾਂ ਨੇ ਇਹ ਕਹਿਕੇ ਕਿ ਸੰਸਕ੍ਰਿਤ ਭਾਸ਼ਾ ਕੇਵਲ ਤੇ ਕੇਵਲ ਉੱਚ ਕੋਟੀ ਦੇ ਬ੍ਰਾਹਮਣਾਂ ਅਤੇ ਕਛੱਤਰੀਆ ਨੂੰ ਹੀ ਸਿਖਾਈ ਜਾ ਸਕਦੀ ਹੈ ਹੋਰ ਕਿਸੇ ਨੂੰ ਨਹੀ । ਇਸ ਤੋ ਇਹ ਵੀ ਪ੍ਰਤੱਖ ਹੋ ਜਾਂਦਾ ਹੈ ਕਿ ਜਿਥੇ ਸਿੱਖ ਧਰਮ, ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਆਦਿ ਦੇ ਸਮਾਜਿਕ ਵਿਤਕਰੇ ਨੂੰ ਚੁਣੋਤੀ ਦੇ ਕੇ ਸਮੁੱਚੀ ਮਨੁੱਖਤਾ ਦੀ ਗੱਲ ਕਰਦਾ ਹੈ, ਉਥੇ ਪੁਰਾਤਨ ਸਮੇ ਦੇ ਹਿੰਦੂ ਪੰਡਿਤ ਵੀ ਜਾਤ ਪਾਤ ਅਤੇ ਮੰਨੂਸਮ੍ਰਿਤੀ ਦੀ ਸਮਾਜ ਵਿਰੋਧੀ ਸੋਚ ਦੀ ਪੈਰਵੀ ਕਰਦੇ ਰਹੇ ਹਨ । ਜੋ ਕਿ ਸਮਾਜ ਤੇ ਮਨੁੱਖਤਾ ਦੀ ਪ੍ਰਫੁੱਲਿਤਾਂ ਲਈ ਨਾ ਬੀਤੇ ਸਮੇ ਵਿਚ ਲਾਹੇਵੰਦ ਸੀ ਅਤੇ ਨਾ ਹੀ ਅੱਜ ਲਾਹੇਵੰਦ ਹੈ । ਇਸ ਲਈ ਜੋ ਸ੍ਰੀ ਮੋਦੀ ਵੱਲੋ ਉਪਰੋਕਤ ਉਦਮ ਕੀਤਾ ਗਿਆ ਹੈ, ਬੇਸੱਕ ਉਹ ਸਲਾਘਾਯੋਗ ਹੈ ਪਰ ਜਦੋ ਬੀਜੇਪੀ-ਆਰ.ਐਸ.ਐਸ ਮੰਨੂਸਮ੍ਰਿਤੀ ਦੀ ਸੋਚ ਤੇ ਅਮਲ ਕਰਦੀ ਹੈ, ਤਾਂ ਉਹ ਸਮਾਜ ਨੂੰ ਪ੍ਰਫੁੱਲਿਤ ਹੋਣ ਤੇ ਵੱਧਣ ਤੋ ਰੁਕਾਵਟ ਪਾਉਣ ਦੇ ਹੀ ਅਮਲ ਕਰਦੀ ਹੈ । ਜੋ ਕਿ ਇੰਡੀਆ ਵਿਚ ਵੱਸਣ ਵਾਲੀਆ ਸਭ ਕੌਮਾਂ, ਧਰਮ, ਕਬੀਲਿਆ ਦੇ ਆਪਸੀ ਸਮਾਜਿਕ ਸੰਬੰਧਾਂ ਵਿਚ ਰੁਕਾਵਟ ਪਾਉਣ ਵਾਲੀਆ ਕਾਰਵਾਈਆ ਹਨ ਜੋ ਬੰਦ ਹੋਣੀਆ ਚਾਹੀਦੀਆ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਵੱਲੋ ਅੰਮ੍ਰਿਤਸਰ ਤੋ ਬਨਾਰਸ ਤੱਕ ਸੁਰੂ ਕੀਤੀ ਗਈ ਨਵੀ ਰੇਲ ਗੱਡੀ ਦੇ ਉਦਮ ਦਾ ਸਵਾਗਤ ਕਰਦੇ ਹੋਏ ਪਰ ਬੀਜੇਪੀ-ਆਰ.ਐਸ.ਐਸ. ਵੱਲੋ ਮੰਨੂਸਮ੍ਰਿਤੀ ਦੀ ਸਮਾਜ ਵਿਰੋਧੀ ਸੋਚ ਨੂੰ ਮਜਬੂਤ ਕਰਨ ਦੇ ਅਮਲਾਂ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਹ ਪੱਥਰ ਇਕ ਸੰਤ ਸਿੱਖ ਮਹਾਪੁਰਖ ਵੱਲੋ ਰਖਵਾਈ ਗਈ ਅਤੇ ਦਸਵੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਕ੍ਰਿਤ ਭਾਸ਼ਾ ਦਾ ਗਿਆਨ ਪ੍ਰਾਪਤ ਕਰਨ ਲਈ ਆਪਣੇ 5 ਸਿੱਖਾਂ ਨੂੰ ਬਨਾਰਸ ਭੇਜਿਆ ਤਾਂ ਇਹ ਤਾਂ ਇਕ ਮਨੁੱਖਤਾ ਪੱਖੀ ਸਰਬਸਾਂਝਾ ਵਿਸਾਲਤਾ ਵਾਲਾ ਮਹੱਤਵਪੂਰਨ ਸੰਦੇਸ ਦੀ ਭਾਵਨਾ ਸੀ । ਲੇਕਿਨ ਜੋ ਬੀਜੇਪੀ-ਆਰ.ਐਸ.ਐਸ ਵੱਲੋ ਅੱਜ ਵੀ ਮੰਨੂਸਮ੍ਰਿਤੀ, ਵੰਦੇ ਮਾਤਰਮ ਵਰਗੇ ਇਕ ਧਰਮ ਨਾਲ ਸੰਬੰਧਤ ਵਰਤਾਰੇ ਨੂੰ ਜਬਰੀ ਲਾਗੂ ਕੀਤਾ ਜਾ ਰਿਹਾ ਹੈ, ਇਹ ਤਾਂ ਮੌਜੂਦਾ ਸਮਾਜ ਵਿਚ ਵੱਡੀ ਬੇਚੈਨੀ ਅਤੇ ਨਫਰਤ ਪੈਦਾ ਕਰਨ ਵਾਲੀਆ ਕਾਰਵਾਈਆ ਹਨ । ਜੋ ਕਿ ਮੌਜੂਦਾ ਹੁਕਮਰਾਨਾਂ ਵੱਲੋ ਕਦਾਚਿਤ ਨਹੀ ਹੋਣੀਆ ਚਾਹੀਦੀਆ । ਬਲਕਿ ਸਿੱਖ ਅਤੇ ਹਿੰਦੂ ਗੁਰੂਆਂ, ਪੀਰਾਂ, ਫਕੀਰਾਂ ਵੱਲੋ ਜੋ ਆਪੋ ਆਪਣੇ ਸਮੇ ਵਿਚ ਜਾਤ-ਪਾਤ ਤੋ ਉਪਰ ਉੱਠਕੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਵਾਲਾ, ਆਪਸੀ ਸਦਭਾਨਵਾ ਤੇ ਮਿਲਵਰਤਨ ਵਾਲਾ ਸੰਦੇਸ ਦਿੱਤਾ ਗਿਆ ਹੈ, ਸਾਨੂੰ ਸਭਨਾਂ ਨੂੰ ਉਸ ਨੂੰ ਮਜਬੂਤੀ ਦੇਣ ਲਈ ਅਮਲ ਕਰਨੇ ਚਾਹੀਦੇ ਹਨ । ਨਾ ਕਿ ਵਖਰੇਵੇ ਤੇ ਨਫਰਤ ਦੇ ਅਮਲ ਕਰਕੇ ਸਮਾਜ ਵਿਚ ਬੇਚੈਨੀ ਪੈਦਾ ਕਰਨੀ ਚਾਹੀਦੀ ਹੈ ।