ਸ੍ਰੀ ਮੋਦੀ ਵੱਲੋਂ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕਰਨਾ ਤਾਂ ਰੂਟੀਨ ਦੇ ਕੰਮ, ਪਰ ਉਨ੍ਹਾਂ ਦੀ ਆਮਦ ਉਤੇ ਅੰਮ੍ਰਿਤਸਰ ਦਲ ਦੇ ਮੈਬਰਾਂ ਨੂੰ ਹਾਊਸ ਅਰੈਸਟ ਕਰਨਾ ਗੈਰ ਜ਼ਮਹੂਰੀਅਤ : ਮਾਨ
ਫ਼ਤਹਿਗੜ੍ਹ ਸਾਹਿਬ, 17 ਜੁਲਾਈ ( ) “ਇੰਡੀਆਂ ਦੇ ਵਜੀਰ ਏ ਆਜਮ ਸ੍ਰੀ ਮੋਦੀ ਵੱਲੋਂ ਪੰਜਾਬ ਦੇ ਵੱਖ-ਵੱਖ ਸਥਾਨਾਂ ਉਤੇ ਆ ਕੇ ਨਵੇ ਰੇਲਵੇ ਸਟੇਸ਼ਨਾਂ ਤੇ ਕੰਨਟੀਨਾਂ ਦਾ ਉਦਘਾਟਨ ਕਰਨ ਦੀ ਕਾਰਵਾਈ ਤਾਂ ਰੂਟੀਨ ਦੀਆਂ ਵਿਕਾਸ ਦੀਆਂ ਜਿੰਮੇਵਾਰੀਆ ਹਨ । ਪਰ ਉਨ੍ਹਾਂ ਦੀ ਆਮਦ ਉਤੇ ਜਮਹੂਰੀਅਤ ਅਤੇ ਅਮਨਮਈ ਢੰਗਾਂ ਨਾਲ ਆਪਣੀ ਆਜਾਦੀ ਪ੍ਰਾਪਤੀ ਦਾ ਸੰਘਰਸ਼ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ, ਮੈਬਰਾਂ, ਸਮਰੱਥਕਾਂ ਨੂੰ ਹਾਊਸ ਅਰੈਸਟ ਕਰਨ ਜਾਂ ਗ੍ਰਿਫਤਾਰੀਆ ਕਰਨ ਦੀ ਕਾਰਵਾਈ ਤਾਂ ਗੈਰ ਜਮਹੂਰੀਅਤ ਅਤੇ ਪੰਜਾਬ ਦੇ ਮਾਹੌਲ ਨੂੰ ਸਮਾਜਿਕ ਤੌਰ ਤੇ ਹੋਰ ਗੰਧਲਾ ਕਰਨ ਵਾਲੀਆ ਨਿੰਦਣਯੋਗ ਕਾਰਵਾਈਆ ਹਨ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਪੰਜਾਬ ਦੇ ਕਈ ਸਥਾਨਾਂ ਵਿਸੇਸ ਤੌਰ ਤੇ ਮੋਹਾਲੀ, ਚੰਡੀਗੜ੍ਹ ਦੇ ਸਾਡੇ ਅਹੁਦੇਦਾਰਾਂ ਦੇ ਘਰਾਂ ਉਤੇ ਸਵੇਰੇ ਤੜਕੇ ਤੋ ਭਾਰੀ ਫੋਰਸਾਂ ਨਾਲ ਪੁਲਿਸ ਨੇ ਘੇਰਿਆ ਹੋਇਆ ਹੈ ਅਤੇ ਹਾਊਸ ਅਰੈਸਟ ਕੀਤੇ ਹੋਏ ਹਨ । ਜਦੋਕਿ ਸਾਡੀ ਪਾਰਟੀ ਹਰ ਕੰਮ ਤੇ ਸਮਾਜਿਕ ਜਿੰਮੇਵਾਰੀਆ ਜਮਹੂਰੀਅਤ ਢੰਗਾਂ ਰਾਹੀ ਕਰਦੀ ਆ ਰਹੀ ਹੈ । ਫਿਰ ਉਪਰੋਕਤ ਗੈਰ ਕਾਨੂੰਨੀ ਅਮਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੈਬਰਾਂ ਨਾਲ ਕਿਸ ਅਧਿਕਾਰ ਖੇਤਰ ਵਿਚ ਕੀਤੇ ਜਾ ਰਹੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੋਹਾਲੀ ਜਿ਼ਲ੍ਹੇ ਦੇ ਪ੍ਰਧਾਨ ਦਲਜੀਤ ਸਿੰਘ ਕੁੰਭੜਾ, ਸਰਬਜੀਤ ਸਿੰਘ ਭਾਟੀਆ ਆਦਿ ਵੱਡੀ ਗਿਣਤੀ ਵਿਚ ਪੁਲਿਸ ਵੱਲੋ ਗੈਰ ਕਾਨੂੰਨੀ ਢੰਗ ਨਾਲ ਹਾਊਸ ਅਰੈਸਟ ਕਰਨ ਦੀਆਂ ਗੈਰ ਕਾਨੂੰਨੀ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਲੰਮੇ ਸਮੇ ਤੋ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਸੰਬੰਧਤ ਗੰਭੀਰ ਮਸਲਿਆ ਨੂੰ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਅਧੀਨ ਹੱਲ ਨਾ ਕਰਨ ਦਾ ਸਖਤ ਨੋਟਿਸ ਲੈਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਗਹਿਰੀ ਚਿੰਤਾ ਜਾਹਰ ਕੀਤੀ ਕਿ ਵੋਟ ਸਿਆਸਤ ਨੂੰ ਮੁੱਖ ਰੱਖਕੇ ਸੈਟਰ ਦੇ ਬੀਜੇਪੀ-ਆਰ.ਐਸ.ਐਸ ਦੇ ਆਗੂ ਪੰਜਾਬੀਆਂ ਨੂੰ ਗੁੰਮਰਾਹ ਕਰਨ ਹਿੱਤ ਤਾਂ ਅਮਲ ਕਰ ਰਹੇ ਹਨ ਪਰ ਬੀਤੇ ਲੰਮੇ ਸਮੇ ਤੋ ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਸੰਬੰਧਤ ਗੰਭੀਰ ਮਸਲਿਆ ਨੂੰ ਹੱਲ ਕਰਨ ਲਈ ਕੋਈ ਅਮਲ ਨਹੀ ਕੀਤਾ ਜਾ ਰਿਹਾ । ਬਲਕਿ ਹਿੰਦੂ ਅਤੇ ਸਿੱਖਾਂ ਵਿਚ ਬਿਨ੍ਹਾਂ ਵਜਹ ਨਫਰਤ ਪੈਦਾ ਕਰਕੇ ਇਸ ਪਾੜੇ ਨੂੰ ਵਧਾਉਣ ਦੇ ਦੁੱਖਦਾਇਕ ਅਮਲ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਲੰਮੇ ਸਮੇ ਤੋ ਆਪਣੀਆ ਕਾਨੂੰਨੀ ਸਜਾਵਾਂ ਪੂਰੀਆ ਕਰ ਚੁੱਕੇ ਸਿੱਖਾਂ ਨੂੰ ਰਿਹਾਅ ਨਾ ਕਰਨਾ, ਬੀਤੇ 15 ਸਾਲਾਂ ਤੋ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਨਾ ਕਰਵਾਉਣਾ, ਜਿੰਮੀਦਾਰਾਂ ਦੀਆਂ ਫਸਲਾਂ ਤੇ ਵਪਾਰੀਆ ਦੇ ਉਤਪਾਦਾਂ ਦਾ ਕੌਮਾਂਤਰੀ ਵਪਾਰ ਲਈ ਸਰਹੱਦਾਂ ਨੂੰ ਨਾ ਖੋਲਣਾ, ਪੰਜਾਬ ਦੇ ਦਰਿਆਵਾ, ਨਹਿਰਾਂ ਦੇ ਜਬਰੀ ਖੋਹੇ ਜਾ ਰਹੇ ਕੀਮਤੀ ਪਾਣੀਆ ਦੇ ਮਸਲੇ, ਪੰਜਾਬ ਤੋ ਬਾਹਰ ਰਹਿ ਚੁੱਕੇ ਪੰਜਾਬੀ ਬੋਲਦੇ ਇਲਾਕਿਆ, ਰਾਜਧਾਨੀ ਚੰਡੀਗੜ੍ਹ ਨੂੰ ਪੰਜਾਬ ਦੇ ਤੁਰੰਤ ਹਵਾਲੇ ਕਰਨਾ, ਫ਼ੌਜ ਵਿਚ ਸਿੱਖਾਂ ਦੀ 33% ਬਣਦੀ ਕੋਟੇ ਦੀ ਬਹਾਲੀ, ਬੇਰੁਜਗਾਰੀ ਦੇ ਮਸਲੇ ਨੂੰ ਹੱਲ ਕਰਨ ਲਈ ਪੰਜਾਬ ਨੂੰ ਵੱਡੇ ਉਦਯੋਗ ਨਾ ਦੇਣਾ, ਪੰਜਾਬ ਸੂਬੇ ਦੀ ਡੈਮੋਗ੍ਰਾਫੀ ਨੂੰ ਪ੍ਰਭਾਵਿਤ ਕਰਨ ਹਿੱਤ ਪ੍ਰਵਾਸੀਆ ਨੂੰ ਰਾਸਨ ਕਾਰਡ, ਵੋਟਰ ਕਾਰਡ, ਤੇਜੀ ਨਾਲ ਜਾਰੀ ਕਰਨ ਅਤੇ ਉਨ੍ਹਾਂ ਨੂੰ ਇਥੇ ਨੌਕਰੀਆ ਦੇਣ ਦੇ ਗੈਰ ਕਾਨੂੰਨੀ ਅਮਲ, ਪੰਜਾਬੀ ਬੋਲੀ, ਭਾਸ਼ਾ ਨੂੰ ਬਣਦਾ ਸਤਿਕਾਰ ਨਾ ਦੇਣਾ, ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਸੁਰੂ ਕਰਕੇ ਫਿਰ ਬੰਦ ਕਰ ਦੇਣਾ, ਸਿੱਖਾਂ ਦੇ ਕਾਤਲਾਂ ਨੂੰ ਬਣਦੀਆ ਸਜਾਵਾਂ ਨਾ ਦੇਣਾ ਅਤੇ ਬੀਤੇ ਸਮੇ ਦੇ ਪੰਜਾਬ ਦੇ ਦੁਖਾਂਤ ਦੀ ਨਿਰਪੱਖਤਾ ਨਾਲ ਜਾਂਚ ਨਾ ਕਰਵਾਉਣਾ ਆਦਿ ਅਤਿ ਗੰਭੀਰ ਤੇ ਵੱਡੀਆ ਬੇਇਨਸਾਫ਼ੀਆਂ ਅਤੇ ਵਿਤਕਰੇ ਹਨ । ਜਦੋ ਤੱਕ ਸੈਟਰ ਦੀ ਮੋਦੀ ਬੀਜੇਪੀ-ਆਰ.ਐਸ.ਐਸ ਦੀ ਸਰਕਾਰ ਪੰਜਾਬ ਦੇ ਉਪਰੋਕਤ ਮਸਲੇ ਹੱਲ ਨਹੀ ਕਰਦੀ, ਉਸ ਸਮੇ ਤੱਕ ਪੰਜਾਬ ਵਿਚ ਕੀਤੇ ਜਾਣ ਵਾਲੇ ਉਨ੍ਹਾਂ ਦੇ ਕੋਈ ਵੀ ਅਮਲ ਪੰਜਾਬ ਸੂਬੇ ਵਿਚ ਸਥਾਈ ਅਮਨ ਤੇ ਜਮਹੂਰੀਅਤ ਕਾਇਮ ਨਹੀ ਕਰ ਸਕਣਗੇ । ਨਾ ਹੀ ਪੰਜਾਬ ਦੇ ਨਿਵਾਸੀ ਉਨ੍ਹਾਂ ਦੇ ਅਜਿਹੇ ਅਮਲਾਂ ਉਤੇ ਵਿਸਵਾਸ ਕਰਨਗੇ । ਇਸ ਲਈ ਇਹ ਜਰੂਰੀ ਹੈ ਕਿ ਵਿਕਾਸ ਦੇ ਕੰਮਾਂ ਦੇ ਨਾਲ-ਨਾਲ ਉਪਰੋਕਤ ਸੰਜੀਦਾ ਮਸਲਿਆ ਨੂੰ ਮੋਦੀ ਹਕੂਮਤ ਪਹਿਲ ਦੇ ਆਧਾਰ ਤੇ ਹੱਲ ਕਰੇ ।