ਸਤਲੁਜ ਫਿਲਮ ਉਤੇ ਲਗਾਈ ਗਈ ਰੋਕ ਵਿਧਾਨ ਦੀ ਧਾਰਾ 19 ਨੂੰ ਜ਼ਬਰੀ ਕੁੱਚਲਣ ਵਾਲੀ ਦੁੱਖਦਾਇਕ ਕਾਰਵਾਈ : ਮਾਨ
ਫ਼ਤਹਿਗੜ੍ਹ ਸਾਹਿਬ, 10 ਜੁਲਾਈ ( ) “ਜੋ ਸ. ਦਲਜੀਤ ਸਿੰਘ ਦੁਸਾਂਝ ਵੱਲੋਂ ਸਤਲੁਜ ਨਾਮ ਦੀ ਫਿਲਮ ਬਣਾਈ ਗਈ ਹੈ, ਉਹ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖਾਂ ਉਤੇ ਉਸ ਸਮੇ ਦੇ ਹੁਕਮਰਾਨਾਂ ਤੇ ਪੁਲਿਸ ਵੱਲੋਂ ਕੀਤੇ ਗਏ ਗੈਰ ਵਿਧਾਨਿਕ, ਗੈਰ ਸਮਾਜਿਕ ਜ਼ਬਰ ਜੁਲਮ ਦੇ ਤੱਥਾਂ ਤੇ ਸੱਚਾਈ ਨੂੰ ਪ੍ਰਤੱਖ ਰੂਪ ਵਿਚ ਪੇਸ਼ ਕਰਦੀ ਹੈ । ਇਹ ਫਿਲਮ ਸ. ਜਸਵੰਤ ਸਿੰਘ ਖਾਲੜਾ ਜੋ ਉਸ ਸਮੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਉਦਮ ਕਰ ਰਹੇ ਸਨ, ਉਨ੍ਹਾਂ ਵੱਲੋ ਕੀਤੀਆ ਮਨੁੱਖਤਾ ਪੱਖੀ ਕਾਰਵਾਈਆ ਦੇ ਨਾਲ-ਨਾਲ ਪੰਜਾਬੀਆਂ ਤੇ ਸਿੱਖਾਂ ਉਤੇ ਹੋਏ ਜ਼ਬਰ ਜੁਲਮ ਨੂੰ ਵੀ ਜਾਹਰ ਕਰਦੀ ਹੈ । ਸ. ਜਸਵੰਤ ਸਿੰਘ ਖਾਲੜਾ ਸਾਡੀ ਪਾਰਟੀ ਵਿਚ ਵੀ ਰਹੇ ਹਨ । ਜਦੋ ਅੰਮ੍ਰਿਤਸਰ ਐਲਾਨਨਾਮਾ ਲਿਖਿਆ ਜਾਣਾ ਸੀ, ਉਸ ਸਮੇ ਇਨ੍ਹਾਂ ਨੇ ਮੈਨੂੰ ਆਪਣੇ ਘਰ ਵਿਚ ਰੱਖਿਆ ਅਤੇ ਮੇਰੇ ਨਾਲ ਰੋਜ਼ ਦਰਬਾਰ ਸਾਹਿਬ ਜਾਂਦੇ ਸਨ ਜਿਥੇ ਜੋੜਿਆ ਨੂੰ ਸਾਫ ਕਰਨ, ਬਰਤਨ ਸਾਫ ਕਰਨ ਅਤੇ ਲੰਗਰ ਦੀ ਸੇਵਾ ਕਰਦੇ ਸਨ । ਇਹ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਬਣੀ ਫਿਲਮ ਨੂੰ ਹਰ ਸਿੱਖ ਨੂੰ ਦੇਖਣਾ ਚਾਹੀਦਾ ਹੈ । ਜਦੋ ਕਨਿਸਕਾ ਕਾਂਡ ਹੋਇਆ ਸੀ ਉਸ ਸਮੇ ਰਾਜੀਵ ਗਾਂਧੀ ਅਤੇ ਪੀ. ਚਿੰਤਬਰਮ ਵੱਲੋ ਰਚੀ ਸਾਜਿਸ ਦਾ ਹੀ ਹਿੱਸਾ ਸੀ । ਇਹ ਕਨਿਸਕਾ ਕਾਂਡ ਵਿਚ ਦੋਸ਼ੀ ਠਹਿਰਾਏ ਗਏ ਸ. ਤਲਵਿੰਦਰ ਸਿੰਘ ਪਰਮਾਰ ਨੂੰ ਵੀ ਸਾਜਿਸ ਅਧੀਨ ਹੀ ਨਿਸ਼ਾਨਾਂ ਬਣਾਇਆ ਸੀ । ਜਦੋਕਿ ਇਹ ਕਨਿਸਕਾ ਕਾਂਡ ਇੰਡੀਅਨ ਹੁਕਮਰਾਨਾਂ ਦੀ ਦੇਣ ਸੀ ਉਹ ਇਸ ਗੱਲ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਜਦੋ ਕੈਨੇਡਾ ਤੋ ਇੰਡੀਆ ਨੂੰ ਇਹ ਕਨਿਸਕਾ ਫਲਾਈਟ ਚੱਲਣੀ ਸੀ ਤਾਂ ਉਸ ਵਿਚ ਇੰਡੀਆ ਦੇ ਕੈਨੇਡਾ ਵਿਖੇ 2 ਸੀਨੀਅਰ ਡਿਪਲੋਮੈਟਸ ਨੇ ਵੀ ਉਸੇ ਫਲਾਈਟ ਵਿਚ ਇੰਡੀਆ ਆਉਣਾ ਸੀ, ਪਰ ਆਖਰੀ ਪਲਾਂ ਵਿਚ ਉਨ੍ਹਾਂ ਦੋਵਾਂ ਨੇ ਯਾਤਰਾਵਾ ਰੱਦ ਕਰ ਦਿੱਤੀਆ ਸਨ । ਜਿਸ ਤੋ ਪ੍ਰਤੱਖ ਹੁੰਦਾ ਹੈ ਕਿ ਇਹ ਕਨਿਸਕਾ ਵਿਸਫੋਟ ਕਾਂਡ ਇੰਡੀਅਨ ਹੁਕਮਰਾਨਾਂ ਦੀ ਸਾਜਿਸ ਸੀ । ਦੂਸਰਾ ਜੋ ਸੱਕ ਸ. ਪਰਮਾਰ ਉਤੇ ਕੈਨੇਡਾ ਸਰਕਾਰ ਨੇ ਕੀਤਾ ਸੀ, ਕੈਨੇਡਾ ਨੇ ਸ. ਪਰਮਾਰ ਦੀ ਸਪੁਰਦਗੀ ਦੀ ਮੰਗ ਕੀਤੀ ਸੀ, ਜਦੋਕਿ ਕੇ.ਪੀ.ਐਸ. ਗਿੱਲ ਨੇ ਸ. ਤਲਵਿੰਦਰ ਸਿੰਘ ਪਰਮਾਰ ਨੂੰ ਫੜਕੇ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ ਸੀ । ਜਿਵੇ ਸ. ਪਰਮਾਰ ਦਾ ਕਤਲ ਕੀਤਾ ਗਿਆ ਸੀ, ਉਸੇ ਤਰ੍ਹਾਂ ਸ. ਜਸਵੰਤ ਸਿੰਘ ਖਾਲੜਾ ਨੂੰ ਪੁਲਿਸ ਅਧਿਕਾਰੀਆ ਨੇ ਤਸੱਦਦ ਕਰਕੇ ਸ਼ਹੀਦ ਕੀਤਾ ਗਿਆ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸ. ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਪੰਜਾਬ ਦੇ ਦੁਖਾਂਤ ਉਤੇ ਬਣੀ ਸਤਲੁਜ ਫਿਲਮ ਉਤੇ ਇੰਡੀਅਨ ਹੁਕਮਰਾਨਾਂ ਵੱਲੋ ਲਗਾਈ ਗਈ ਰੋਕ ਨੂੰ ਵਿਧਾਨ ਦੀ ਧਾਰਾ 19 ਜਿਸ ਰਾਹੀ ਸਭਨਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਖੁੱਲ੍ਹ ਹੈ, ਨੂੰ ਕੁੱਚਲਣ ਵਾਲੀ ਦੁੱਖਦਾਇਕ ਕਾਰਵਾਈ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਵਿਧਾਨ ਦੀ ਧਾਰਾ 19 ਹੈ, ਇਸ ਨੂੰ ਸੁਪਰੀਮ ਕੋਰਟ ਨੇ “ਬੇਸਿਕ ਸਟਰੱਕਚਰ ਆਫ ਦਾ ਕੌਸਚੀਟਿਊਸਨ” ਕਰਾਰ ਦਿੱਤਾ ਹੋਇਆ ਹੈ ਅਤੇ ਇਹ ਵੀ ਫੈਸਲਾ ਕੀਤਾ ਹੋਇਆ ਹੈ ਕਿ ਬੇਸਿਕ ਸਟਰੱਕਚਰ ਨੂੰ ਨਾ ਤਾਂ ਬਦਲਿਆ ਜਾ ਸਕਦਾ ਹੈ ਅਤੇ ਨਾ ਹੀ ਰੱਦ ਕੀਤਾ ਜਾ ਸਕਦਾ ਹੈ । ਇਹ ਸੁਪਰੀਮ ਕੋਰਟ ਦੀ ਰੂਲਿੰਗ ਹੈ। ਫਿਰ ਇਸ ਫਿਲਮ ਨੂੰ ਉਸ ਵਿਧਾਨ ਦੀ ਧਾਰਾ ਅਨੁਸਾਰ ਕਿਉ ਨਹੀ ਚੱਲਣ ਦਿੱਤਾ ਜਾ ਰਿਹਾ ? ਉਨ੍ਹਾਂ ਕਿਹਾ ਕਿ ਸ. ਦਲਜੀਤ ਸਿੰਘ ਦੁਸਾਂਝ ਨੇ ਬਹੁਤ ਹੀ ਮਿਹਨਤ ਅਤੇ ਸਿੱਦਤ ਨਾਲ ਇਸ ਫਿਲਮ ਨੂੰ ਬਣਾਇਆ ਹੈ, ਉਨ੍ਹਾਂ ਨੂੰ ਇਸ ਉਤੇ ਅਸੀ ਸਿੱਖ ਕੌਮ ਦੇ ਬਿਨ੍ਹਾਂ ਤੇ ਜਿਥੇ ਵਧਾਈ ਦਿੰਦੇ ਹਾਂ, ਉਥੇ ਇਹ ਵੀ ਉਮੀਦ ਕਰਦੇ ਹਾਂ ਕਿ ਉਹ ਆਪਣੇ ਜੀਵਨ ਨੂੰ ਇਸੇ ਤਰ੍ਹਾਂ ਸਿੱਖੀ ਵੱਲ ਲਗਾਉਦੇ ਹੋਏ ਅਤੇ ਸਮਰਪਿਤ ਕਰਦੇ ਹੋਏ ਆਪਣੀ ਕਲਾਂ ਨੂੰ ਇਸ ਦਿਸ਼ਾ ਵੱਲ ਲਗਾਉਣਗੇ ।
ਸ. ਮਾਨ ਨੇ ਕਿਹਾ ਕਿ ਪੰਜਾਬ ਦੀ ਕੇ.ਪੀ.ਐਸ ਗਿੱਲ ਪੁਲਿਸ ਨੇ ਜਬਰ ਅਤੇ ਜੁਲਮ ਦੀ ਇੰਤਹਾ ਕਰਦੇ ਹੋਏ ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਊਂਕੇ ਨੂੰ ਵੀ ਚੁੱਕ ਕੇ ਇਨ੍ਹਾਂ ਉਤੇ ਅਣਮਨੁੱਖੀ ਤਸੱਦਦ ਕਰਕੇ ਸਵਰਨ ਸਿੰਘ ਘੋਟਣਾ ਤੇ ਸੰਧੂ ਵੱਲੋਂ ਉਨ੍ਹਾਂ ਦੇ ਸਰੀਰ ਦੇ ਟੋਟੇ-ਟੋਟੇ ਕਰਕੇ ਸਤਲੁਜ ਦਰਿਆ ਵਿਚ ਰੋੜ੍ਹ ਦਿੱਤਾ ਸੀ । ਜਿਸ ਦੀ ਰਿਪੋਰਟ ਉਸ ਸਮੇ ਦੇ ਡੀਜੀਪੀ ਇੰਨਟੈਲੀਜੈਸ ਸ੍ਰੀ ਬੀ.ਪੀ ਤਿਵਾੜੀ ਨੇ ਬਣਾਈ ਸੀ । ਜਰਨਲ ਨਰਿੰਦਰ ਸਿੰਘ ਅਤੇ ਮੈਂ ਸ. ਪ੍ਰਕਾਸ਼ ਸਿੰਘ ਬਾਦਲ ਕੋਲ ਤਿਵਾੜੀ ਰਿਪੋਰਟ ਅਨੁਸਾਰ ਅੱਗੇ ਕਾਰਵਾਈ ਕਰਨ ਲਈ ਗੱਲਬਾਤ ਕਰਨ ਕਈ ਵਾਰ ਪਹੁੰਚੇ ਪਰ ਸ. ਬਾਦਲ ਨੇ ਇਸ ਉਤੇ ਕਿਸੇ ਤਰ੍ਹਾਂ ਦਾ ਵੀ ਕੋਈ ਅਮਲ, ਕਾਰਵਾਈ ਨਾ ਕੀਤੀ । ਉਨ੍ਹਾਂ ਕਿਹਾ ਕਿ ਜਦੋ ਪੰਜਾਬ ਪੁਲਿਸ ਵਿਚ ਜਾਬਰ ਪੁਲਿਸ ਅਫਸਰ ਅਜੀਤ ਸਿੰਘ ਸੰਧੂ ਅਤੇ ਹੋਰਨਾਂ ਅਧਿਕਾਰੀਆ ਨੇ ਸ. ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕਰ ਦਿੱਤਾ ਤਾਂ ਅਸੀਂ ਸਮੁੱਚੇ ਪੰਜਾਬ ਵਿਚ ਇਸ ਜਬਰ ਜੁਲਮ ਵਿਰੁੱਧ ਜੋਰਦਾਰ ਆਵਾਜ ਉਠਾਈ । ਪਰ ਹੁਕਮਰਾਨਾਂ ਤੇ ਅਦਾਲਤਾਂ ਨੇ ਸਿੱਖ ਕੌਮ ਨੂੰ ਕੋਈ ਇਨਸਾਫ਼ ਨਾ ਦਿੱਤਾ । ਸ. ਮਾਨ ਨੇ ਸਮੁੱਚੀਆਂ ਪੰਚਾਇਤਾਂ ਤੇ ਸਿੱਖਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਹ ਫਿਲਮ ਹਰ ਪਿੰਡ ਤੇ ਘਰ ਵਿਚ ਦਿਖਾਉਣ ਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ।