ਐਨ.ਸੀ.ਈ.ਆਰ.ਟੀ. ਦੀ ਸੰਸਥਾਂ ਵੱਲੋਂ ਬੱਚਿਆਂ ਦੇ ਸਿਲੇਬਸ ਵਿਚ ਨਿਰਾਰਥਕ ਬੇਲੋੜੇ ਮੁੱਦੇ ਪਾਉਣਾ ਮੰਦਭਾਗੇ ਅਮਲ : ਮਾਨ
ਫ਼ਤਹਿਗੜ੍ਹ ਸਾਹਿਬ, 29 ਜੂਨ ( ) “ਤਾਲੀਮ, ਵਿਦਿਆ ਅਤੇ ਬੱਚਿਆਂ ਨੂੰ ਸਮਾਜ ਵਿਚ ਵਿਚਰਣ ਦੇ ਸਮਰੱਥ ਬਣਾਉਣ ਦਾ ਮਕਸਦ ਹੁੰਦਾ ਹੈ, ਤਾਂ ਕਿ ਉਹ ਆਪਣੀ ਜਿ਼ੰਦਗੀ ਵਿਚ ਤਾਲੀਮ ਹਾਸਿਲ ਕਰਕੇ ਸਰਕਾਰੀ, ਪ੍ਰਾਈਵੇਟ ਨੌਕਰੀ ਕਰ ਸਕਣ ਜਾਂ ਆਪਣੇ ਤੌਰ ਤੇ ਨਿੱਜੀ ਕਾਰੋਬਾਰ ਕਰਕੇ ਆਪਣੇ ਪਰਿਵਾਰਾਂ ਤੇ ਮੁਲਕ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਸਮਾਜ ਵਿਚ ਵਿਚਰਦੇ ਹੋਏ ਅੱਛੇ ਇਨਸਾਨੀ ਗੁਣਾਂ ਦੇ ਮਾਲਕ ਬਣਨ ਜਿਸ ਨਾਲ ਇਕ ਅੱਛੇ ਸਮਾਜ ਦੀ ਸਿਰਜਣਾ ਹੋ ਸਕੇ ਅਤੇ ਉਨ੍ਹਾਂ ਨੂੰ ਜਿੰਦਗੀ ਵਿਚ ਮੁਸਕਿਲ ਪੇਸ਼ ਨਾ ਆਵੇ । ਮੁਸਕਿਲ ਆਉਣ ਤੇ ਉਸਦਾ ਸਹੀ ਢੰਗ ਨਾਲ ਟਾਕਰਾ ਕਰਨ ਦੇ ਸਮਰੱਥ ਹੋ ਸਕਣ । ਪਰ ਦੁੱਖ ਅਤੇ ਅਫਸੋਸ ਹੈ ਕਿ ਮੁਲਕੀ ਵਿਦਿਆ ਦੇ ਸਿਲੇਬਸ ਤਹਿ ਕਰਨ ਵਾਲੀ ਸੰਸਥਾਂ ਐਨ.ਸੀ.ਈ.ਆਰ.ਟੀ. ਵੱਲੋ ਲੰਮੇ ਸਮੇ ਤੋ ਘੱਟ ਗਿਣਤੀ ਕੌਮਾਂ, ਸਿੱਖ ਕੌਮ ਦੇ ਗੁਰੂ ਸਾਹਿਬਾਨ, ਮੁਸਲਿਮ ਧਰਮ ਨਾਲ ਸੰਬੰਧਤ ਇਨ੍ਹਾਂ ਸਿਲੇਬਸਾਂ ਵਿਚ ਝੂਠੀਆ ਤੇ ਫਰਜੀ ਗੱਲਾਂ ਦਰਜ ਕਰਕੇ ਸਿੱਖ ਧਰਮ ਦੇ ਫਖਰਨੁਮਾ ਸੱਚ ਅਤੇ ਅਮਲਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਤੋ ਦੂਰ ਰੱਖਣ ਦੇ ਅਮਲ ਹੋ ਰਹੇ ਹਨ ਜਾਂ ਸਿੱਖ ਧਰਮ ਤੇ ਸਿੱਖ ਕੌਮ ਬਾਰੇ ਗਲਤ ਜਾਣਕਾਰੀ ਪ੍ਰਦਾਨ ਕੀਤੀ ਜਾ ਰਹੀ ਹੈ । ਜੋ ਐਨ.ਸੀ.ਈ.ਆਰ.ਟੀ ਦੀ ਅਤਿ ਦੁੱਖਦਾਇਕ ਨਫਰਤ ਪੈਦਾ ਕਰਨ ਵਾਲੀਆ ਸਮਾਜ ਵਿਰੋਧੀ ਕਾਰਵਾਈਆ ਹਨ । ਜਿਨ੍ਹਾਂ ਨੂੰ ਕੋਈ ਵੀ ਬਰਦਾਸਤ ਨਹੀ ਕਰ ਸਕਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੱਚਿਆਂ ਦੇ ਸਿਲੇਬਸ ਤਹਿ ਕਰਨ ਵਾਲੀ ਸੰਸਥਾਂ ਐਨ.ਸੀ.ਈ.ਆਰ.ਟੀ ਵੱਲੋ ਘੱਟ ਗਿਣਤੀ ਕੌਮਾਂ, ਸਿੱਖ, ਮੁਸਲਿਮ, ਇਸਾਈ ਅਤੇ ਰੰਘਰੇਟਿਆ ਦੇ ਸੰਬੰਧ ਵਿਚ ਸਿਲੇਬਸ ਵਿਚ ਗਲਤ ਜਾਣਕਾਰੀ ਦੇਣ ਜਾਂ ਫਿਰ ਅੱਛੀਆ ਫਖ਼ਰ ਵਾਲੇ ਅਮਲਾਂ ਦਾ ਸਿਲੇਬਸ ਵਿਚੋ ਖਾਤਮਾ ਕਰਨ ਦੇ ਹੋ ਰਹੇ ਫਿਰਕੂ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਣ ਨੌਵੀ ਕਲਾਸ ਦੀ ਇਤਿਹਾਸ ਦੀ ਕਿਤਾਬ ਵਿਚ ਐਸ.ਆਈ.ਆਰ. (ਜੋ ਵੋਟਾਂ ਬਣਨ ਦੀ ਪ੍ਰਕਿਰਿਆ ਹੈ) ਉਸ ਬਾਰੇ ਸਿਲੇਬਸ ਦੇਣਾ ਅਤੇ ਦੂਸਰਾ ਮੰਨੂਸਮ੍ਰਿਤੀ ਜੋ ਕੱਟੜਵਾਦੀ ਮੁਤੱਸਵੀ ਲੋਕਾਂ ਵੱਲੋ ਸਮਾਜ ਵਿਚ ਵਰਣ ਸ੍ਰੈਣੀ ਪੈਦਾ ਕਰਕੇ ਜਾਤ-ਪਾਤ ਨੂੰ ਉਭਾਰਦੀ ਹੈ ਅਤੇ ਨਫਰਤ ਪੈਦਾ ਕਰਦੀ ਹੈ, ਉਸਨੂੰ ਇਨ੍ਹਾਂ ਸਿਲੇਬਸਾਂ ਵਿਚ ਦੇਣ ਦੇ ਅਮਲ ਤਾਂ ਇਕ ਮੁਲਕ ਵਿਚ ਰਹਿਣ ਵਾਲੀਆ ਵੱਖ-ਵੱਖ ਕੌਮਾਂ, ਧਰਮਾਂ, ਕਬੀਲਿਆ ਵਿਚ ਨਫਰਤ ਪੈਦਾ ਕਰਕੇ ਲੜਾਈ ਝਗੜੇ ਵਿਚ ਵਾਧਾ ਕਰਨ ਵਾਲੀਆ ਗੈਰ ਸਮਾਜੀ ਤੇ ਗੈਰ ਕਾਨੂੰਨੀ ਕਾਰਵਾਈਆ ਹਨ । ਅਜਿਹੇ ਅਮਲ ਕਰਕੇ ਮੌਜੂਦਾ ਇੰਡੀਆ ਦੀ ਮੋਦੀ, ਬੀਜੇਪੀ-ਆਰ.ਐਸ.ਐਸ ਹਕੂਮਤ ਆਪਣੀ ਮੁਲਕ ਦੀ ਨੌਜਵਾਨੀ ਦੀਆਂ ਜਿਨ੍ਹਾਂ ਨੀਹਾਂ ਨੂੰ ਪ੍ਰਪੱਕ ਕਰਨਾ ਹੁੰਦਾ ਹੈ, ਉਸ ਨੂੰ ਖੋਖਲਾ ਕਰਕੇ ਆਉਣ ਵਾਲੀ ਬੱਚਿਆਂ ਦੀ ਪਨੀਰੀ ਨੂੰ ਕਿੱਧਰ ਨੂੰ ਲਿਜਾ ਰਹੀ ਹੈ ? ਅਜਿਹੇ ਸਮਾਜ ਵਿਰੋਧੀ ਅਮਲ ਕਿਸ ਮਕਸਦ ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਹਨ ?