ਵੈਨੇਜ਼ੁਏਲਾ ਵਿਚ ਕੁਦਰਤੀ ਆਫਤ ਨਾਲ ਹੋਈ ਤਬਾਹੀ ਅਫਸੋਸਨਾਕ, ਸਿੱਖ ਕੌਮ ਆਪਣੀ ਸਰਬੱਤ ਦੇ ਭਲੇ ਦੀ ਸੋਚ ਅਧੀਨ ਬਣਦੇ ਅਮਲ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ, 26 ਜੂਨ ( ) “ਵੈਨੇਜੁਏਲਾ ਮੁਲਕ ਵਿਚ ਵੱਡੀ ਤੀਬਰ ਗਤੀ ਦੇ ਆਏ ਭੂਚਾਲ ਨਾਲ ਜੋ ਮਨੁੱਖੀ ਜਾਨਾਂ, ਇਮਾਰਤਾਂ ਅਤੇ ਹੋਰ ਮਾਲੀ ਨੁਕਸਾਨ ਹੋਇਆ ਹੈ, ਉਸ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਜਿਥੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ, ਉਥੇ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਇਹ ਅਰਜੋਈ ਕਰਦੀ ਹੈ ਕਿ ਵੈਨੇਜੁਏਲਾ ਵਿਚ ਹੋਏ ਜਾਨੀ ਨੁਕਸਾਨ ਵਿਚ ਮਾਰੇ ਗਏ ਮ੍ਰਿਤਕਾਂ ਦੀ ਆਤਮਾਵਾ ਨੂੰ ਜਿਥੇ ਸ਼ਾਂਤੀ ਬਖਸਣ, ਉਥੇ ਉਨ੍ਹਾਂ ਸਭ ਮਾਨਸਿਕ ਤੌਰ ਤੇ ਪੀੜ੍ਹਤ ਪਰਿਵਾਰਾਂ ਦੇ ਇਸ ਦੁੱਖ ਦੀ ਘੜੀ ਵਿਚ ਸਹਾਈ ਹੋਣ ਅਤੇ ਉਨ੍ਹਾਂ ਨੂੰ ਭਾਣਾ ਮੰਨਣ ਦੀ ਸ਼ਕਤੀ ਦੀ ਬਖਸਿਸ ਕਰਨ ।”
ਇਹ ਅਫਸੋਸ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵੈਨੇਜੁਏਲਾ ਦੇ ਕਾਰਜਕਾਰੀ ਪ੍ਰੈਜੀਡੈਟ ਰੋਡਰਿਗਜ਼ ਅਤੇ ਉਥੋ ਦੀ ਪੀੜ੍ਹਾ ਵਿਚ ਗੁਜਰ ਰਹੀ ਸਮੁੱਚੀ ਜਨਤਾ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਅਤੇ ਉਨ੍ਹਾਂ ਦੀਆ ਆਤਮਾਵਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਕੀਤਾ । ਉਨ੍ਹਾਂ ਕਿਹਾ ਕਿ ਸਾਡੇ ਸਿੱਖ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਇਕ ਬਹੁਤ ਹੀ ਅਣਮੋਲ ਅਤੇ ਮਨੁੱਖਤਾ ਪੱਖੀ ਬਖਸਿਸ ਕੀਤੀ ਹੋਈ ਹੈ ਕਿ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਕਿਸੇ ਵੀ ਕੌਮ, ਕਬੀਲੇ, ਫਿਰਕੇ ਆਦਿ ਨਾਲ ਜਦੋ ਵੀ ਕੋਈ ਕੁਦਰਤੀ ਆਫਤ ਜਾਂ ਜੰਗਾਂ-ਯੁੱਧਾਂ ਕਾਰਨ ਜਾਂ ਹਕੂਮਤੀ ਜ਼ਬਰ-ਜੁਲਮ ਕਾਰਨ ਭੀੜ ਪਵੇ ਤਾਂ ਹਰ ਗੁਰਸਿੱਖ ਆਪਣੀਆ ਨੇਕ ਕਮਾਈਆ ਵਿਚੋ ਦਸਵੰਧ ਕੱਢਕੇ ਜਿਥੇ ਮਾਇਆ ਵੀ ਭੇਜਦੇ ਹਨ, ਬਲਕਿ ਸਰੀਰਕ ਤੌਰ ਤੇ ਅਜਿਹੇ ਜੋਖਮ ਭਰੇ ਸਥਾਨਾਂ ਵਿਚ ਉਥੇ ਪਹੁੰਚਕੇ ਮਨੁੱਖਤਾ ਦੀ ਲੰਗਰ, ਕੱਪੜੇ, ਦਵਾਈਆ ਅਤੇ ਹੋਰ ਸਮੱਗਰੀ ਦੀ ਸੇਵਾ ਕਰਨ ਦੇ ਫਰਜ ਵੀ ਨਿਰੰਤਰ ਅਦਾ ਕਰਦੇ ਆ ਰਹੇ ਹਨ । ਇਸ ਲਈ ਇਸ ਔਖੀ ਘੜੀ ਵਿਚ ਸਿੱਖ ਜਥੇਬੰਦੀਆ ਅਤੇ ਸਿੱਖਾਂ ਨੂੰ ਉਨ੍ਹਾਂ ਨੇ ਵੈਨੇਜੁਏਲਾ ਦੇ ਇਸ ਸੰਕਟ ਵਿਚ ਹਰ ਤਰ੍ਹਾਂ ਮਦਦ ਕਰਨ ਦੀ ਜਿਥੇ ਅਪੀਲ ਕੀਤੀ, ਉਥੇ ਉਨ੍ਹਾਂ ਮਨੁੱਖਤਾ ਵਿਰੋਧੀ ਤਾਕਤਾਂ ਜੋ ਅੱਜ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨੂੰ ਹਿਮਾਚਲ, ਹਰਿਆਣਾ, ਯੂਪੀ, ਉਤਰਾਖੰਡ ਆਦਿ ਜਿਥੇ ਕਿਤੇ ਵੀ ਫਿਰਕੂ ਸਰਕਾਰਾਂ ਅਤੇ ਮੁਤੱਸਵੀ ਸੰਗਠਨ ਸਮਾਜ ਵਿਰੋਧੀ ਸੋਚ ਦੇ ਵਹਿਣ ਵਿਚ ਵਹਿਕੇ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਉਤੇ ਬਿਨ੍ਹਾਂ ਵਜਹ ਹਮਲੇ ਕਰ ਰਹੇ ਹਨ ਅਤੇ ਸਾਡੇ ਧਾਰਮਿਕ ਚਿੰਨ੍ਹਾ ਦਾ ਅਪਮਾਨ ਕਰ ਰਹੇ ਹਨ, ਉਨ੍ਹਾਂ ਨੂੰ ਉਸ ਅਕਾਲ ਪੁਰਖ ਦੇ ਦਰਸਾਏ ਰਾਹ ਵੱਲ ਇਸਾਰਾ ਕਰਦੇ ਹੋਏ ਕਿਹਾ ਕਿ ਅਜਿਹੀਆ ਸਮਾਜ ਵਿਰੋਧੀ ਕਾਰਵਾਈਆ ਤੋ ਤੋਬਾ ਕਰਕੇ ਜੇਕਰ ਉਹ ਕੁਦਰਤੀ ਆਫਤਾ ਤੋ ਪੀੜਤ ਮਨੁੱਖਤਾ ਤੇ ਇਨਸਾਨਾਂ ਦੀ ਮਦਦ ਕਰ ਸਕਣ ਤਾਂ ਜਿਥੇ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ, ਤਾਂ ਉਹ ਆਪਣੀ ਮਨੁੱਖੀ ਤੇ ਆਤਮਿਕ ਸ਼ਕਤੀ ਨੂੰ ਚੰਗੇ ਮਿਸਨ ਵੱਲ ਲਗਾ ਰਹੇ ਹੋਣਗੇ ।ਉਨ੍ਹਾਂ ਅਜਿਹੀਆ ਫਿਰਕੂ ਤਾਕਤਾਂ ਨੂੰ ਸਿੱਖ ਕੌਮ ਦੇ ਸਰਬੱਤ ਦੇ ਭਲੇ ਦੇ ਮਿਸਨ ਸੰਬੰਧੀ ਜਾਣੂ ਕਰਵਾਉਦੇ ਹੋਏ ਕਿਹਾ ਕਿ ਸਿੱਖ ਕੌਮ ਤਾਂ ਬਿਨ੍ਹਾਂ ਕਿਸੇ ਵੈਰ ਵਿਰੋਧ, ਈਰਖਾ ਦੇ ਸਦੀਆ ਤੋ ਮਨੁੱਖਤਾ ਦੀ ਸੇਵਾ ਕਰਦੀ ਆ ਰਹੀ ਹੈ । ਲੇਕਿਨ ਕੁਝ ਈਰਖਾਵਾਦੀ ਸੰਗਠਨ ਤੇ ਲੋਕ ਅਜਿਹੀਆ ਮਨੁੱਖਤਾ ਵਿਰੋਧੀ ਕਾਰਵਾਈਆ ਵਿਚ ਮਗਨ ਹੋ ਕੇ ਕੇਵਲ ਨਫਰਤ ਦੀ ਭਾਵਨਾ ਨੂੰ ਹੀ ਨਹੀ ਫੈਲਾ ਰਹੇ ਬਲਕਿ ਆਪਣੇ ਮਨੁੱਖੀ ਜਾਮੇ ਦੇ ਜੀਵਨ ਨੂੰ ਬੇਫਾਇਦਾ ਗੁਜਾਰ ਰਹੇ ਹਨ । ਜਿਨ੍ਹਾਂ ਨੂੰ ਅਜਿਹੇ ਮਨੁੱਖਤਾ ਵਿਰੋਧੀ ਅਮਲਾਂ ਤੋ ਸਦਾ ਲਈ ਤੋਬਾ ਕਰਨੀ ਚਾਹੀਦੀ ਹੈ ।