ਸ੍ਰੀ ਗੁਰੂ ਗ੍ਰੰਥ ਸਾਹਿਬ ਸੰਬੰਧੀ ਕਾਨੂੰਨ ਬਣਾਉਦੇ ਸਮੇਂ ਭਗਵੰਤ ਸਿੰਘ ਮਾਨ ਨੇ ਜੋ ਗੁਸਤਾਖੀ ਕੀਤੀ ਉਹੀ ਗੁਸਤਾਖੀ ਫੜਨਵੀਸ ਮੁੱਖ ਮੰਤਰੀ ਮਹਾਰਾਸਟਰ ਕਰਨ ਜਾ ਰਹੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 24 ਜੂਨ ( ) “ਤਖ਼ਤ ਸ੍ਰੀ ਹਜ਼ੂਰ ਸਾਹਿਬ ਅਬਚਲਨਗਰ ਨਾਂਦੇੜ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਆਉਣ-ਜਾਣ ਵਾਲੀਆ ਸੰਗਤਾਂ ਦੇ ਪ੍ਰਬੰਧ ਨੂੰ ਲੈਕੇ ਮਹਾਰਾਸਟਰਾਂ ਦੀ ਸ੍ਰੀ ਦਵਿੰਦਰਾ ਫੜਨਵੀਸ ਸਰਕਾਰ ਵੱਲੋ ਜੋ ਸ੍ਰੀ ਹਜੂਰ ਸਾਹਿਬ ਐਕਟ 1956, 70 ਸਾਲਾਂ ਤੋਂ ਨਿਰੰਤਰ ਚੱਲਦਾ ਆ ਰਿਹਾ ਹੈ । ਉਸਨੂੰ ਰੱਦ ਕਰਕੇ ਨਵਾਂ ਕਾਨੂੰਨ ਬਣਾਉਣ ਜਾ ਰਹੀ ਹੈ । ਉਪਰੋਕੜ ਫੜਨਵੀਸ ਸਰਕਾਰ ਵੱਲੋ ਵੀ ਉਸੇ ਤਰ੍ਹਾਂ ਦੀ ਬਜਰ ਗੁਸਤਾਖੀ ਕੀਤੀ ਜਾ ਰਹੀ ਹੈ ਜਿਵੇ ਸ. ਭਗਵੰਤ ਸਿੰਘ ਮਾਨ ਸਰਕਾਰ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਬੰਧ ਵਿਚ ਬਣਾਏ ਗਏ ਕਾਨੂੰਨ ਸਮੇਂ ਸਿੱਖ ਸੰਸਥਾਂ ਐਸ.ਜੀ.ਪੀ.ਸੀ ਅਤੇ ਹੋਰ ਸਿੱਖੀ ਸੰਸਥਾਵਾਂ ਅਤੇ ਸਿੱਖ ਵਿਦਵਾਨਾਂ ਦੀ ਰਾਏ ਲੈਣ ਤੋ ਬਗੈਰ ਆਪਣੇ ਤੌਰ ਤੇ ਸਿੱਖਾਂ ਉਤੇ ਇਸ ਕਾਨੂੰਨ ਨੂੰ ਥੋਪਣ ਦੀ ਬਜਰ ਗੁਸਤਾਖੀ ਕੀਤੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਹਾਰਾਸਟਰਾਂ ਦੀ ਫੜਨਵੀਸ ਸਰਕਾਰ ਵੱਲੋਂ ਤਖ਼ਤ ਸ੍ਰੀ ਹਜੂਰ ਸਾਹਿਬ ਦੇ ਪ੍ਰਬੰਧ ਨੂੰ ਸਹੀ ਕਰਨ ਦਾ ਬਹਾਨਾ ਬਣਾਕੇ ਅਸਲੀਅਤ ਵਿਚ ਸਾਡੇ ਗੁਰੂਘਰਾਂ ਦੇ ਪ੍ਰਬੰਧ ਵਿਚ ਸਰਕਾਰੀ ਦਖਲ ਦੇਣ ਦੇ ਕੀਤੇ ਜਾ ਰਹੇ ਅਸਹਿ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਅਜਿਹੇ ਅਮਲਾਂ ਰਾਹੀ ਸਿੱਖ ਕੌਮ ਵਿਚ ਉੱਠਣ ਵਾਲੇ ਰੋਹ ਦੇ ਨਤੀਜਿਆ ਤੋ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਫੜਨਵੀਸ ਸਰਕਾਰ ਅਜਿਹਾ ਕਰਨ ਪਿੱਛੇ ਬੇਸੱਕ ਆਉਣ ਵਾਲੇ ਯਾਤਰੂਆ ਦੇ ਪ੍ਰਬੰਧ ਨੂੰ ਸਹੀ ਕਰਨ ਦੀ ਗੱਲ ਕਰ ਰਹੀ ਹੈ । ਪਰ ਇਹ ਅਮਲ ਵੀ ਮਿੱਠੇ ਵਿਚ ਜਹਿਰ ਲਪੇਟਕੇ ਸਿੱਖਾਂ ਨੂੰ ਦੇਣ ਦੀ ਗੱਲ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਜੇਕਰ ਫੜਨਵੀਸ ਸਰਕਾਰ ਵਾਅਕਿਆ ਹੀ ਸ੍ਰੀ ਹਜੂਰ ਸਾਹਿਬ ਦੇ ਪ੍ਰਬੰਧ ਨੂੰ ਹੋਰ ਉਸਾਰੂ ਤੇ ਅੱਛਾ ਕਰਨ ਦੀ ਇੱਛਾ ਰੱਖਦੀ ਹੈ, ਫਿਰ ਉਸਨੇ ਅਜਿਹਾ ਕਰਨ ਤੋ ਪਹਿਲੇ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਮੈਬਰਾਂ, ਸਿਰਕੱਢ ਸਖਸੀਅਤਾਂ ਅਤੇ ਸਿੱਖਾਂ ਨੂੰ ਵਿਸਵਾਸ ਵਿਚ ਕਿਉ ਨਹੀ ਲਿਆ ਗਿਆ ? ਅਜਿਹੇ ਅਮਲ ਤੋ ਪ੍ਰਤੱਖ ਹੈ ਕਿ ਜਿਥੇ ਕਿਤੇ ਵੀ ਮੁਤੱਸਵੀ ਸਿੱਖ ਕੌਮ ਵਿਰੋਧੀ ਸਰਕਾਰਾਂ ਹਨ, ਉਹ ਸਾਡੇ ਗੁਰੂਘਰਾਂ ਦੇ ਪ੍ਰਬੰਧ ਵਿਚ ਆਪਣ ੇਸਰਕਾਰੀ ਦਖਲ ਦੀ ਅਜਾਰੇਦਾਰੀ ਨੂੰ ਕਾਇਮ ਕਰਨ ਦੀ ਮੰਦਭਾਵਨਾ ਅਧੀਨ ਹੀ ਸਿੱਖ ਕੌਮ ਦੀ ਰਾਏ ਤੋ ਬਿਨ੍ਹਾਂ ਜ਼ਬਰੀ ਅਜਿਹੇ ਕਾਨੂੰਨ ਅਮਲ ਵਿਚ ਲਿਆਂਦੇ ਜਾ ਰਹੇ ਹਨ । ਜਿਸ ਨਾਲ ਸਿੱਖ ਕੌਮ ਵਿਚ ਵੱਡਾ ਰੋਹ ਉੱਠੇ । ਜਦੋਕਿ ਸਿੱਖ ਕੌਮ ਨੇ ਅੱਜ ਤੱਕ ਗੁਰੂਘਰਾਂ ਦੇ ਪ੍ਰਬੰਧ ਵਿਚ ਕਤਈ ਵੀ ਸਰਕਾਰੀ ਦਖਲਅੰਦਾਜੀ ਨੂੰ ਪ੍ਰਵਾਨ ਨਹੀ ਕੀਤਾ ਅਤੇ ਨਾ ਹੀ ਆਉਣ ਵਾਲੇ ਸਮੇ ਵਿਚ ਪ੍ਰਵਾਨ ਕੀਤਾ ਜਾਵੇਗਾ । ਉਨ੍ਹਾਂ ਮਹਾਰਾਸਟਰਾਂ ਦੀ ਸਰਕਾਰ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਜਦੋ ਮੰਦਰਾਂ, ਮਸਜਿਦਾਂ, ਗਿਰਜਾਘਰਾਂ ਆਦਿ ਧਾਰਮਿਕ ਸਥਾਨਾਂ ਵਿਚ ਉਨ੍ਹਾਂ ਨਾਲ ਸੰਬੰਧਤ ਪ੍ਰਬੰਧਕ ਕਮੇਟੀਆ ਜਾਂ ਬੋਰਡ ਆਜਾਦਆਨਾ ਤੌਰ ਤੇ ਨਿਰੰਤਰ ਆਪਣੀਆ ਜਿੰਮੇਵਾਰੀਆ ਪੂਰੀਆ ਕਰਦੇ ਆ ਰਹੇ ਹਨ, ਤਾਂ ਇਹ ਮੁਤੱਸਵੀ ਸਰਕਾਰਾਂ ਸਿੱਖਾਂ ਦੇ ਧਾਰਮਿਕ ਸਥਾਨਾਂ ਦੇ ਪ੍ਰਬੰਧ ਵਿਚ ਆਨੇ-ਬਹਾਨੇ ਘੁਸਪੈਠ ਕਰਕੇ ਆਪਣੀਆ ਮੰਦਭਾਵਨਾ ਭਰੀਆ ਇਛਾਵਾ ਨੂੰ ਪੂਰਨ ਕਰਨ ਦੀਆਂ ਬਜਰ ਗੁਸਤਾਖੀਆ ਕਿਉ ਕਰ ਰਹੇ ਹਨ ? ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਬੀਤੇ ਸਮੇ ਵਿਚ ਸੱਚਖੰਡ ਸ੍ਰੀ ਹਜੂਰ ਸਾਹਿਬ ਬੋਰਡ ਦੇ ਪ੍ਰਬੰਧਕਾਂ ਅਤੇ ਮੈਬਰਾਂ ਦੀ ਗਿਣਤੀ ਵਿਚ ਸਰਕਾਰੀ ਅਤੇ ਉਹ ਵੀ ਗੈਰ ਸਿੱਖ ਲੋਕਾਂ ਨੂੰ ਜ਼ਬਰੀ ਸਾਮਿਲ ਕਰਕੇ ਇਕ ਤਾਂ ਸਿੱਧੇ ਤੌਰ ਤੇ ਸਾਡੇ ਗੁਰੂਘਰਾਂ ਦੇ ਪ੍ਰਬੰਧ ਵਿਚ ਦਖਲ ਦਿੱਤਾ ਜਾ ਰਿਹਾ ਹੈ, ਦੂਜਾ ਸਾਡੀਆ ਮਹਾਨ ਸਿੱਖੀ ਮਰਿਯਾਦਾਵਾ, ਪੰ੍ਰਪਰਾਵਾ ਨੂੰ ਇਹ ਮੁਤੱਸਵੀ ਜਮਾਤਾਂ ਤੇ ਸਰਕਾਰਾਂ ਠੇਸ ਪਹੁੰਚਾ ਰਹੀਆ ਹਨ । ਜਿਸ ਨੂੰ ਸਿੱਖ ਕੌਮ ਕਤਈ ਬਰਦਾਸਤ ਨਹੀ ਕਰ ਸਕਦੀ । ਇਸ ਲਈ ਇਹ ਬਿਹਤਰ ਹੋਵੇਗਾ ਕਿ ਜੇਕਰ ਕਿਸੇ ਚੰਗੇ ਮਿਸਨ ਜਾਂ ਉਦਮ ਨੂੰ ਮੁੱਖ ਰੱਖਕੇ ਮਹਾਰਾਸਟਰ ਸਰਕਾਰ ਤਖਤ ਸ੍ਰੀ ਹਜੂਰ ਸਾਹਿਬ ਪ੍ਰਬੰਧਕੀ ਬੋਰਡ ਵਿਚ ਹੋਰ ਸੁਧਾਰ ਕਰਨ ਦੀ ਚਾਹਨਾ ਰੱਖਦੀ ਹੈ ਤਾਂ ਸਾਡੇ ਤਖਤ ਸ੍ਰੀ ਹਜੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਮੈਬਰਾਂ, ਐਸ.ਜੀ.ਪੀ.ਸੀ, ਸਿੱਖੀ ਸੰਸਥਾਵਾਂ ਅਤੇ ਵਿਦਵਾਨਾ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਰਾਏ ਅਨੁਸਾਰ ਹੀ ਕੁਝ ਅਜਿਹਾ ਹੋ ਸਕਦਾ ਹੈ ਵਰਨਾ ਸਿੱਖ ਧਰਮ ਵਿਚ ਤੇ ਸਿੱਖ ਗੁਰੂਘਰਾਂ ਦੇ ਪ੍ਰਬੰਧ ਵਿਚ ਇਹ ਸਿੱਧੀ ਬੇਈਮਾਨੀ ਭਰੀ ਦਖਲਅੰਦਾਜੀ ਮੰਨੀ ਜਾਵੇਗੀ ਜਿਸਦੇ ਨਤੀਜੇ ਕਦਾਚਿਤ ਮੁਲਕ ਦੇ ਅਮਨ ਚੈਨ ਤੇ ਜਮਹੂਰੀਅਤ ਲਈ ਸਹੀ ਸਾਬਤ ਨਹੀ ਹੋ ਸਕਣਗੇ ।