ਇੰਡੀਆਂ ਦੀ ਮੋਦੀ ਹਕੂਮਤ ਵੱਲੋਂ ਸਿੱਖਾਂ ਦੇ ਕੀਤੇ ਗਏ ਕਤਲਾਂ ਦਾ ਇਨਸਾਫ਼ ਦਿਵਾਉਣ ਲਈ ਮਿਸਟਰ ਟਰੰਪ ਆਵਾਜ਼ ਕਿਉਂ ਨਹੀਂ ਉਠਾਉਦੇ ? : ਮਾਨ
ਇੰਡੀਆਂ ਨੂੰ ਤਾਂ ਕੋਈ ਖ਼ਤਰਾਂ ਨਹੀ ਲੇਕਿਨ ਇਥੇ ਵੱਸਣ ਵਾਲੀਆ ਘੱਟ ਗਿਣਤੀਆ ਲਈ ਖ਼ਤਰਾਂ ਖੜ੍ਹਾ ਰਹਿੰਦਾ ਹੈ ।
ਫ਼ਤਹਿਗੜ੍ਹ ਸਾਹਿਬ, 18 ਜੂਨ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਨ ਪ੍ਰੈਜੀਡੈਟ ਸ੍ਰੀ ਡੋਨਾਲਡ ਟਰੰਪ ਅਤੇ ਪਾਕਿਸਤਾਨ ਵੱਲੋ ਗਲਫ ਅਤੇ ਮੱਧ-ਪੱਛਮੀ ਮੁਲਕਾਂ ਵਿਚ ਅਮਨ-ਚੈਨ ਨੂੰ ਕਾਇਮ ਕਰਨ ਲਈ ਜੋ ਉਦਮ ਕੀਤੇ ਜਾ ਰਹੇ ਹਨ, ਉਸਦੀ ਭਰਪੂਰ ਪ੍ਰਸੰਸਾ ਕਰਦਾ ਹੈ । ਸਾਨੂੰ ਇਸ ਗੱਲ ਤੇ ਹੈਰਾਨੀ ਹੋਈ ਹੈ ਕਿ ਜਮਹੂਰੀਅਤ ਪਸ਼ੰਦ ਅਮਰੀਕਾ ਉਸ ਇੰਡੀਅਨ ਹਿੰਦੂ ਸਟੇਟ ਜੋ ਇਕ ਦਹਿਸਤਗਰਦੀ ਦੇਸ਼ ਹੈ ਅਤੇ ਜੋ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਵਿਸੇਸ ਤੌਰ ਤੇ ਮੁਸਲਿਮ, ਸਿੱਖ ਅਤੇ ਆਦਿਵਾਸੀਆ ਉਤੇ ਨਿਰੰਤਰ ਜ਼ਬਰ-ਜੁਲਮ ਢਾਹੁੰਦਾ ਆ ਰਿਹਾ ਹੈ, ਉਸਦੀ ਰੱਖਿਆ ਕਰਨ ਦੀ ਗੱਲ ਕਿਵੇ ਕਰ ਰਹੇ ਹਨ ? ਜਦੋਕਿ ਮਿਸਟਰ ਟਰੰਪ ਨੂੰ ਇਹ ਜਾਣਕਾਰੀ ਹੈ ਕਿ ਸ੍ਰੀ ਮੋਦੀ ਅਤੇ ਉਸਦੀ ਜੂੰਡਲੀ ਵਿਚ ਸਾਮਿਲ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਦੇ ਕਤਲ ਕਰਵਾਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ । ਇਥੋ ਤੱਕ ਇਨ੍ਹਾਂ ਨੇ ਉਪਰੋਕਤ ਮੁਲਕਾਂ ਦੀ ਪ੍ਰਭੂਸਤਾ ਅਤੇ ਅਮਰੀਕਾ ਦੀ ਮੁਨਰੋ ਡਾਕਟਰੀਨ ਨੂੰ ਤੋੜਿਆ ਹੈ । ਉਸ ਕੌਮਾਂਤਰੀ ਕਾਨੂੰਨਾਂ ਨੂੰ ਤੋੜਨ ਵਾਲੇ ਅਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨ ਵਾਲੇ ਇੰਡੀਆ ਵਿਰੁੱਧ ਕਾਰਵਾਈ ਕਿਉ ਨਹੀ ਕੀਤੀ ਜਾਂਦੀ ? ਇਨ੍ਹਾਂ ਨੂੰ ਕੌਮਾਂਤਰੀ ਅਦਾਲਤਾਂ ਵਿਚ ਖੜ੍ਹਾ ਕਰਕੇ ਸਜ਼ਾਵਾਂ ਦਿਵਾਉਣ ਵਿਚ ਦੇਰੀ ਕਿਉਂ ਕੀਤੀ ਜਾ ਰਹੀ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੇ ਪ੍ਰੈਜੀਡੈਟ ਟਰੰਪ ਨੂੰ ਦਹਿਸਤਗਰਦੀ ਮੁਲਕ ਇੰਡੀਆ ਜੋ ਘੱਟ ਗਿਣਤੀ ਕੌਮਾਂ ਦੇ ਹੱਕ ਹਕੂਕ ਅਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਦਾ ਆ ਰਿਹਾ ਹੈ ਉਸਦੀ ਰੱਖਿਆ ਕਰਨ ਦੀ ਗੱਲ ਤੇ ਹੈਰਾਨੀ ਜਾਹਰ ਕਰਦੇ ਹੋਏ ਅਤੇ ਉਸ ਵੱਲੋ ਸਿੱਖਾਂ ਦੇ ਕੀਤੇ ਗਏ ਕਤਲਾਂ ਦੇ ਸੰਬੰਧ ਵਿਚ ਕੌਮਾਂਤਰੀ ਕਾਨੂੰਨਾਂ ਅਨੁਸਾਰ ਅਮਲ ਨਾ ਕਰਨ ਉਤੇ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਇੰਡੀਆ ਮੁਲਕ ਨੇ ਬੀਤੇ 15 ਸਾਲਾਂ ਤੋ ਸਾਡੀ ਸਿੱਖ ਪਾਰਲੀਮੈਟ ਐਸ.ਜੀ.ਪੀ.ਸੀ ਦੀਆਂ ਜਮਹੂਰੀਅਤ ਚੋਣਾਂ ਨਾ ਕਰਵਾਕੇ ਸਾਡੀ ਜਮਹੂਰੀਅਤ ਦਾ ਘਾਣ ਕੀਤਾ ਹੋਇਆ ਹੈ । ਫਿਰ ਬਾਹਰਲੇ ਮੁਲਕਾਂ ਵਿਚ ਘੱਟ ਗਿਣਤੀ ਕੌਮਾਂ ਵਿਸੇਸ ਤੌਰ ਤੇ ਸਿੱਖਾਂ ਵਿਰੁੱਧ ਗੁੰਮਰਾਹਕੁੰਨ ਪ੍ਰਚਾਰ ਕਰਕੇ ਨਫਰਤ ਪੈਦਾ ਕਰ ਰਿਹਾ ਹੈ । 2000 ਵਿਚ ਜਦੋਂ ਅਮਰੀਕਨ ਪ੍ਰੈਜੀਡੈਟ ਬਿਲ ਕਲਿਟਨ ਇੰਡੀਆ ਦੌਰੇ ਤੇ ਆਏ ਸਨ ਤਾਂ ਉਨ੍ਹਾਂ ਦੀ ਸੈਕਟਰੀ ਆਫ ਸਟੇਟ ਬੀਬੀ ਮੈਡਲਿਨ ਅਲਬ੍ਰਾਈਟ ਨੇ ਆਪਣੇ ਵੱਲੋ ਲਿਖੀ ਕਿਤਾਬ ਵਿਚ ਇਹ ਪ੍ਰਤੱਖ ਕੀਤਾ ਸੀ ਕਿ ਕਲਿਟਨ ਦੇ ਦੌਰੇ ਸਮੇ ਜੰਮੂ-ਕਸਮੀਰ ਦੇ ਚਿੱਠੀਸਿੰਘਪੁਰਾ ਵਿਖੇ ਜੋ 43 ਨਿਰਦੋਸ਼ ਤੇ ਨਿਹੱਥੇ ਸਿੱਖ ਮਾਰੇ ਗਏ ਸਨ ਉਹ ਇੰਡੀਅਨ ਫ਼ੌਜ ਵੱਲੋ ਮਾਰੇ ਗਏ ਸਨ । ਉਸਦੀ ਅੱਜ ਤੱਕ ਨਾ ਤਾਂ ਕੋਈ ਛਾਣਬੀਨ ਹੋਈ ਹੈ ਅਤੇ ਨਾ ਹੀ ਸਿੱਖਾਂ ਦੇ ਕਾਤਲਾਂ ਨੂੰ ਪਹਿਚਾਣਕੇ ਸਜ਼ਾ ਦਿੱਤੀ ਗਈ ਹੈ । ਇਹ ਤਾਂ ‘ਉਲਟਾ ਚੋਰ ਕੋਤਵਾਲ ਨੂੰ ਡਾਟੇ’ ਵਾਲੀ ਕਹਾਵਤ ਸੱਚ ਹੋ ਰਹੀ ਹੈ । ਉਨ੍ਹਾਂ ਕਿਹਾ ਕਿ ਕੁਆਡ ਮੁਲਕਾਂ ਵਿਚ ਜੋ ਮੈਬਰਸਿਪ ਵਧਾਈ ਜਾ ਰਹੀ ਹੈ, ਜਦੋਕਿ ਸਾਊਥ ਚੀਨ ਦਾ ਜੋ ਸਮੁੰਦਰ ਹੈ, ਜਿਸ ਵਿਚ ਉਹ ਛੋਟੇ ਦੇਸ਼ਾਂ ਨੂੰ ਡਰਾ ਰਿਹਾ ਹੈ, ਉਸਦਾ ਖੇਤਰਫਲ ਤਾਂ ਉਸਦਾ ਹੀ ਹੈ । ਇਕ ਪਾਸੇ ਇੰਡੀਆ ਰੂਸ ਦਾ ਦੋਸਤ ਹੈ, ਜਦੋਕਿ ਦੂਸਰੇ ਪਾਸੇ ਰੂਸ ਚੀਨ ਦਾ ਦੋਸਤ ਹੈ, ਫਿਰ ਕੁਆਡ ਮੁਲਕਾਂ ਦੀ ਮੀਟਿੰਗ ਦੇ ਭੇਦ ਕਿਵੇ ਸੁਰੱਖਿਅਤ ਰਹਿ ਸਕਦੇ ਹਨ ?
ਫਿਰ ਅਜਿਹੇ ਹਾਲਾਤਾਂ ਵਿਚ ਤਾਂ ਇੰਡੀਆ ਵਿਚ ਇੰਡੀਅਨ ਹੁਕਮਰਾਨਾਂ ਦੀਆਂ ਸਾਜਸੀ ਕਾਰਵਾਈਆ ਤੋ ਸਿੱਖ ਕੌਮ ਨੂੰ ਵੱਡਾ ਖਤਰਾ ਹੈ ਨਾ ਕਿ ਇੰਡੀਆ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਹੈ । ਜੇਕਰ ਜਮਹੂਰੀਅਤ ਕਦਰਾਂ ਕੀਮਤਾਂ ਦੇ ਤਕਾਜੇ ਤੇ ਕੋਈ ਅਮਲ ਹੋਣਾ ਬਣਦਾ ਹੈ, ਤਾਂ ਉਪਰੋਕਤ ਇੰਡੀਆ ਦੀਆਂ ਸਭ ਬੇਇਨਸਾਫ਼ੀਆਂ, ਜ਼ਬਰ-ਜੁਲਮ ਅਤੇ ਮਨੁੱਖੀ ਅਧਿਕਾਰਾਂ ਦੇ ਕੀਤੇ ਉਲੰਘਣ ਨੂੰ ਮੁੱਖ ਰੱਖਕੇ ਉਪਰੋਕਤ ਮੋਦੀ ਦੀ ਕਾਤਲ ਚੰਡਾਲ ਚੌਕੜੀ ਵਿਰੁੱਧ ਕਾਨੂੰਨੀ ਅਮਲ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਅਮਰੀਕਾ ਤੇ ਦੂਸਰੇ ਮੁਲਕਾਂ ਦੀ ਪ੍ਰਭੂਸਤਾ ਨੂੰ ਤੋੜਿਆ ਹੈ ।