ਜਿਥੇ ਸ੍ਰੀ ਮੋਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਮਨਾਕੇ ਵੱਡੀ ਗੱਲ ਕਰ ਰਹੇ ਹਨ, ਉਥੇ ਉਹ ਸਿੱਖ ਮਸਲਿਆ ਨੂੰ ਵੀ ਹੱਲ ਕਰਨ ਦੀ ਜਿ਼ੰਮੇਵਾਰੀ ਨਿਭਾਉਣ : ਮਾਨ

ਫ਼ਤਹਿਗੜ੍ਹ ਸਾਹਿਬ, 21 ਅਪ੍ਰੈਲ ( ) “ਇਹ ਬਹੁਤ ਹੀ ਅੱਛੀ ਗੱਲ ਹੈ ਕਿ ਸ੍ਰੀ ਮੋਦੀ ਇੰਡੀਆ ਦੇ ਪਹਿਲੇ ਵਜ਼ੀਰ-ਏ-ਆਜਮ ਹਨ ਜਿਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਲਈ ਸ਼ਹਾਦਤ ਦੇਣ ਵਾਲੇ ਸਿੱਖ ਕੌਮ ਦੇ ਨੌਵੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾਂ ਪ੍ਰਕਾਸ਼ ਉਤਸਵ ਉਸ ਲਾਲ ਕਿਲ੍ਹੇ ਵਿਖੇ ਅੱਜ ਮਨਾਉਦੇ ਹੋਏ ਮਨੁੱਖਤਾ ਪੱਖੀ ਸੰਦੇਸ਼ ਦੇ ਰਹੇ ਹਨ ਜਿਥੋ ਉਸ ਪੁਰਾਤਨ ਸਮੇਂ ਦੇ ਜ਼ਾਬਰ ਹੁਕਮਰਾਨ ਔਰੰਗਜੇਬ ਨੇ ਨੌਵੀ ਪਾਤਸਾਹੀ ਦੀ ਸ਼ਹਾਦਤ ਲੈਣ ਲਈ ਹੁਕਮ ਕੀਤੇ ਸਨ । ਪਰ ਇਸਦੇ ਨਾਲ ਹੀ ਜੇਕਰ ਸ੍ਰੀ ਮੋਦੀ ਸਿੱਖ ਕੌਮ ਦੇ ਲੰਮੇ ਸਮੇ ਤੋ ਲਟਕਦੇ ਆ ਰਹੇ ਗੰਭੀਰ ਮਸਲਿਆ ਜਿਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ, ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਦੋਸ਼ੀਆਂ, ਬਹਿਬਲ ਕਲਾਂ ਵਿਖੇ ਹੋਏ ਕਾਤਲਾਂ ਨੂੰ ਸਜ਼ਾ ਦਿਵਾਉਣ, ਜੇਲ੍ਹਾਂ ਵਿਚ 25-25 ਸਾਲਾਂ ਤੋ ਬੰਦੀ ਬਣਾਏ ਗਏ ਸਿੱਖਾਂ ਦੀ ਰਿਹਾਈ, ਐਸ.ਜੀ.ਪੀ.ਸੀ. ਦੀਆਂ 12 ਸਾਲਾਂ ਤੋ ਰੋਕੀਆ ਗਈਆ ਜਰਨਲ ਚੋਣਾਂ ਕਰਵਾਉਣ, ਫ਼ੌਜ, ਪੁਲਿਸ, ਪੈਰਾਮਿਲਟਰੀ ਫੋਰਸਾਂ ਵਿਚ ਸਿੱਖ ਕੌਮ ਦੀ ਭਰਤੀ 33% ਕਰਨ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸ ਪੰਜਾਬ ਦੇ ਹਵਾਲੇ ਕਰਨ, ਪੰਜਾਬ ਦੀਆਂ ਸਰਹੱਦਾਂ ਨੂੰ ਤੁਰੰਤ ਖੋਲ੍ਹਕੇ ਦੁਵੱਲੇ ਵਪਾਰ ਦੀ ਖੁੱਲ੍ਹ ਦੇਣ, ਬੀ.ਐਸ.ਐਫ. ਦੇ ਵਧਾਏ ਗਏ ਅਧਿਕਾਰ ਖੇਤਰ ਨੂੰ 5 ਕਿਲੋਮੀਟਰ ਤੱਕ ਸੀਮਤ ਕਰਨ ਦੇ ਮਸਲਿਆ ਨੂੰ ਸੰਜ਼ੀਦਗੀ ਨਾਲ ਪਹਿਲ ਦੇ ਆਧਾਰ ਤੇ ਹੱਲ ਕਰ ਸਕਣ ਤਾਂ ਸਹੀ ਮਾਇਨਿਆ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਮਨਾਉਣ ਦੇ ਮਕਸਦ ਦੀ ਅਮਲੀ ਰੂਪ ਵਿਚ ਪੂਰਤੀ ਵੀ ਹੋ ਸਕੇਗੀ ਅਤੇ ਸਿੱਖ ਕੌਮ ਦੇ ਮਨਾਂ ਵਿਚ ਹੁਕਮਰਾਨਾਂ ਪ੍ਰਤੀ ਉੱਠੇ ਵੱਡੇ ਰੋਹ ਨੂੰ ਸ਼ਾਂਤ ਵੀ ਕੀਤਾ ਜਾ ਸਕੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਲਾਲ ਕਿਲ੍ਹੇ ਉਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨਾਏ ਜਾ ਰਹੇ 400 ਸਾਲਾਂ ਪ੍ਰਕਾਸ਼ ਉਤਸਵ ਦਾ ਸਵਾਗਤ ਕਰਦੇ ਹੋਏ ਅਤੇ ਇਸਦੇ ਨਾਲ ਸਿੱਖ ਕੌਮ ਦੇ ਵਰਣਨ ਕੀਤੇ ਗਏ ਉਪਰੋਕਤ ਮਸਲਿਆ ਨੂੰ ਫੌਰੀ ਹੱਲ ਕਰਨ ਦੀ ਸੰਜ਼ੀਦਾ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਛੇਵੀ ਪਾਤਸਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਸ ਸਮੇ ਦੀ ਜਹਾਗੀਰ ਹਕੂਮਤ ਨੇ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਲਿਆ ਸੀ, ਤਾਂ ਉਨ੍ਹਾਂ ਦੀ ਰਿਹਾਈ ਹੋਣ ਸਮੇਂ ਗੁਰੂ ਸਾਹਿਬਾਨ ਨੇ ਇਹ ਸ਼ਰਤ ਰੱਖੀ ਸੀ ਕਿ ਜੇਕਰ ਉਨ੍ਹਾਂ ਨਾਲ ਬੰਦੀ ਬਣਾਏ ਗਏ ਪਹਾੜੀ ਹਿੰਦੂ ਰਾਜਿਆ ਨੂੰ ਰਿਹਾਅ ਕੀਤਾ ਜਾਵੇਗਾ ਤਦ ਹੀ ਮੈਂ ਰਿਹਾਅ ਹੋਵਾਂਗਾ । ਉਸ ਮਨੁੱਖਤਾ ਪੱਖੀ ਸੋਚ ਅਧੀਨ ਗੁਰੂ ਸਾਹਿਬ ਨੇ ਸਮੁੱਚੇ ਹਿੰਦੂ ਰਾਜਿਆ ਦੀ ਰਿਹਾਈ ਵੀ ਆਪਣੇ ਨਾਲ ਕਰਵਾਈ । ਜਦੋ ਸ੍ਰੀ ਮੋਦੀ ਗੁਰੂ ਸਾਹਿਬ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਨ ਤਾਂ ਉਨ੍ਹਾਂ ਵੱਲੋ ਮਨੁੱਖੀ ਅਧਿਕਾਰਾਂ ਅਤੇ ਇਨਸਾਨੀਅਤ ਕਦਰਾਂ-ਕੀਮਤਾਂ ਦੀ ਅਮਲੀ ਰੂਪ ਵਿਚ ਰੱਖਿਆ ਦੇ ਅਨੁਸਾਰ ਇੰਡੀਆ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਜਿਨ੍ਹਾਂ ਸਿੱਖਾਂ ਨੂੰ 25-25 ਸਾਲਾਂ ਤੋ ਗੈਰ ਕਾਨੂੰਨੀ ਢੰਗ ਨਾਲ ਅਜੇ ਵੀ ਬੰਦੀ ਬਣਾਕੇ ਰੱਖਿਆ ਹੋਇਆ ਹੈ, ਜੇਕਰ ਇਸ ਮਹਾਨ ਮੌਕੇ ਤੇ ਉਨ੍ਹਾਂ ਨੂੰ ਰਿਹਾਅ ਕਰਨ ਦਾ ਐਲਾਨ ਕਰ ਦੇਣ ਤਾਂ ਹੁਕਮਰਾਨਾਂ ਦੇ ਜ਼ਬਰ ਜੁਲਮਾਂ ਦੀ ਬਦੋਲਤ ਸਿੱਖ ਕੌਮ ਵਿਚ ਪੈਦਾ ਹੋਈ ਕੁੜੱਤਣ ਨੂੰ ਵੀ ਘੱਟ ਕਰਨ ਵਿਚ ਮਦਦ ਮਿਲੇਗੀ, ਉਥੇ ਸਹੀ ਅਰਥਾਂ ਵਿਚ ਸਿੱਖ ਕੌਮ ਦੇ ਇਹ ਮਸਲੇ ਸੰਜ਼ੀਦਗੀ ਨਾਲ ਹੱਲ ਹੋ ਸਕਣਗੇ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਨਾ ਤਾਂ ਫ਼ੌਜਾਂ ਦੇ ਜਰਨੈਲਾਂ ਵਿਚੋਂ ਕੋਈ ਸਿੱਖ ਹੈ, ਨਾ ਹੀ ਸੁਪਰੀਮ ਕੋਰਟ ਦਾ ਕੋਈ ਜੱਜ ਸਿੱਖ ਹੈ, ਨਾ ਹੀ ਹਾਈਕੋਰਟਾਂ ਦੇ ਮੁੱਖ ਜੱਜਾਂ ਵਿਚੋਂ ਕੋਈ ਸਿੱਖ ਹੈ, ਨਾ ਹੀ ਕੈਬਨਿਟ ਵਿਚ ਕੋਈ ਸਿੱਖ ਵਜ਼ੀਰ ਹੈ, ਨਾ ਹੀ ਕਿਸੇ ਸੂਬੇ ਦੇ ਗਵਰਨਰ ਵੱਜੋ ਕਿਸੇ ਸਿੱਖ ਨੂੰ ਸਨਮਾਨ ਦਿੱਤਾ ਗਿਆ ਹੈ ਅਤੇ ਨਾ ਹੀ ਬਾਹਰਲੇ ਮੁਲਕਾਂ ਵਿਚ ਤਾਇਨਾਤ ਸਫੀਰਾਂ ਵਿਚ ਕੋਈ ਸਿੱਖ ਹੈ। ਅਜਿਹੇ ਸਮੇ ਉਤੇ ਸਿੱਖ ਕੌਮ ਦੇ ਇਸ ਵੱਡੇ ਰੋਸ਼ ਨੂੰ ਵੀ ਦੂਰ ਕਰਨਾ ਬਣਦਾ ਹੈ ।

Leave a Reply

Your email address will not be published. Required fields are marked *