ਮੋਦੀ ਹਕੂਮਤ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾਂ ਪ੍ਰਕਾਸ਼ ਉਤਸਵ ਲਾਲ ਕਿਲ੍ਹਾ ਦਿੱਲੀ ਵਿਖੇ ਕੌਮਾਂਤਰੀ ਪੱਧਰ ਤੇ ਮਨਾਉਣਾ ਸਵਾਗਤਯੋਗ, ਪਰ…… : ਮਾਨ

ਫ਼ਤਹਿਗੜ੍ਹ ਸਾਹਿਬ, 20 ਅਪ੍ਰੈਲ ( ) “ਇੰਡੀਆ ਦੀ ਸੈਂਟਰ ਦੀ ਮੋਦੀ ਹਕੂਮਤ ਵੱਲੋਂ ਜੋ ਸਿੱਖ ਕੌਮ ਦੇ ਨੌਵੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਨ੍ਹਾਂ ਨੇ ਬੀਤੇ ਸਮੇਂ ਵਿਚ ਹਿੰਦੂ ਜਨੇਊ ਅਤੇ ਹਿੰਦੂਆਂ ਦੀ ਰਾਖੀ ਕਰਨ ਹਿੱਤ ਦਿੱਲੀ ਦੇ ਚਾਂਦਨੀ ਚੌਕ ਵਿਖੇ ਪਹੁੰਚਕੇ ਉਸ ਸਮੇਂ ਦੀ ਜ਼ਾਬਰ ਔਰੰਗਜੇਬ ਹਕੂਮਤ ਦੇ ਨਾਦਰਸਾਹੀ ਫੁਰਮਾਨ ਅਧੀਨ ਮਹਾਨ ਸ਼ਹਾਦਤ ਦਿੱਤੀ ਸੀ ਅਤੇ ਇਤਿਹਾਸ ਵਿਚ ‘ਹਿੰਦ ਦੀ ਚਾਦਰ’ ਦੇ ਵੱਡੇ ਅਰਥ ਭਰਪੂਰ ਅਤੇ ਮਨੁੱਖਤਾ ਦੀ ਰਾਖੀ ਵਾਲੇ ਖਿਤਾਬ ਪ੍ਰਾਪਤ ਕਰਕੇ ਸਮੁੱਚੇ ਸੰਸਾਰ ਵਿਚ ਮਨੁੱਖੀ ਹੱਕਾਂ ਦੀ ਰਖਵਾਲੀ ਕਰਨ ਦਾ ਬੀੜਾ ਚੁੱਕਿਆ ਸੀ । ਉਨ੍ਹਾਂ ਦੇ 400 ਸਾਲਾਂ ਪ੍ਰਕਾਸ਼ ਉਤਸਵ ਦਿਹਾੜਾ ਕੌਮਾਂਤਰੀ ਪੱਧਰ ਤੇ ਮਨਾਉਣ ਲਈ ਜੋ ਦਿੱਲੀ ਲਾਲ ਕਿਲ੍ਹੇ ਵਿਖੇ ਸਮਾਗਮ ਕਰਨ ਦਾ ਫੈਸਲਾ ਕੀਤਾ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਸਦਾ ਜਿਥੇ ਭਰਪੂਰ ਸਵਾਗਤ ਕਰਦਾ ਹੈ ਅਤੇ ਇਸ ਉਦਮ ਨੂੰ ਸਹੀ ਮਾਇਨਿਆ ਵਿਚ ਗੁਰੂ ਸਾਹਿਬ ਵੱਲੋ ਕੀਤੀ ਕੁਰਬਾਨੀ ਦੇ ਮਕਸਦ ਨੂੰ ਕੌਮਾਂਤਰੀ ਪੱਧਰ ਤੇ ਪ੍ਰਚਾਰਨ ਦੀ ਗੱਲ ਕੀਤੀ ਜਾ ਰਹੀ ਹੈ, ਉਹ ਸਹੀ ਹੈ । ਪਰ ਅਸੀਂ ਇਸਦੇ ਨਾਲ ਹੀ ਇੰਡੀਆਂ ਦੇ ਵਜ਼ੀਰ-ਏ-ਆਜਮ ਨੂੰ ਇਸ ਮੌਕੇ ਉਤੇ ਇਹ ਯਾਦ ਦਿਵਾਉਣਾ ਵੀ ਆਪਣਾ ਫਰਜ ਸਮਝਦੇ ਹਾਂ ਕਿ 2015 ਵਿਚ ਜੋ ਬਹਿਬਲ ਕਲਾਂ, ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਕੋਟਕਪੂਰਾ ਆਦਿ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਜ਼ਸੀ ਢੰਗ ਨਾਲ ਅੰਗਾਂ ਦੀ ਬੇਅਦਬੀ ਕੀਤੀ ਗਈ, ਉਨ੍ਹਾਂ ਬੇਅਦਬੀਆਂ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਅਮਨਮਈ ਢੰਗ ਨਾਲ ਰੋਸ਼ ਕਰ ਰਹੇ ਸਿੱਖਾਂ ਉਤੇ ਗੋਲੀ ਚਲਾਕੇ 2 ਸਿੰਘਾਂ ਸ਼ਹੀਦ ਭਾਈ ਗੁਰਜੀਤ ਸਿੰਘ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਸ਼ਹੀਦ ਕੀਤੇ ਗਏ, ਉਨ੍ਹਾਂ ਦੋਸ਼ੀਆਂ ਨੂੰ ਅੱਜ ਤੱਕ ਗ੍ਰਿਫਤਾਰ ਨਾ ਕਰਕੇ ਅਤੇ ਸਿੱਖ ਕੌਮ ਨੂੰ ਇਨਸਾਫ਼ ਨਾ ਦੇਕੇ ਹੁਕਮਰਾਨਾਂ ਵੱਲੋ ਹੋਰ ਵੀ ਵੱਡਾ ਜੁਲਮ ਕੀਤਾ ਜਾ ਰਿਹਾ ਹੈ ਜੋ ਸੈਂਟਰ ਦੀ ਹਕੂਮਤ ਅਤੇ ਪੰਜਾਬ ਦੀ ਹਕੂਮਤ ਤੋ ਫੌਰੀ ਇਨਸਾਫ਼ ਦੇਣ ਦੀ ਮੰਗ ਕਰਦੇ ਹਾਂ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਦੀ ਮੋਦੀ ਹਕੂਮਤ ਵੱਲੋਂ ਦਿੱਲੀ ਦੇ ਉਸ ਲਾਲ ਕਿਲ੍ਹੇ ਜਿਥੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਦੇ ਨਾਦਰਸਾਹੀ ਹੁਕਮ ਹੋਏ ਸਨ, ਉਥੇ ਗੁਰੂ ਸਾਹਿਬਾਨ ਜੀ ਦੇ ਪ੍ਰਕਾਸ਼ ਉਤਸਵ ਹਕੂਮਤ ਪੱਧਰ ਉਤੇ ਮਨਾਉਣ ਦੇ ਹੋ ਰਹੇ ਉਦਮਾਂ ਦਾ ਸਵਾਗਤ ਕਰਦੇ ਹੋਏ ਅਤੇ ਨਾਲ ਹੀ ਸਿੱਖ ਕੌਮ ਨਾਲ ਹਕੂਮਤੀ ਪੱਧਰ ਤੇ ਹੁਣ ਤੱਕ ਹੁੰਦੀਆ ਆ ਰਹੀਆ ਬੇਇਨਸਾਫ਼ੀਆਂ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਜਾਵਾਂ ਦੇਣ ਅਤੇ ਇਨਸਾਫ਼ ਦੇਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਐਸ.ਜੀ.ਪੀ.ਸੀ. ਦੇ ਅਧਿਕਾਰ ਖੇਤਰ ਅਤੇ ਸਰਪ੍ਰਸਤੀ ਹੇਠ ਸੁਰੱਖਿਅਤ ਸਾਂਭੇ ਗਏ ਜੋ 328 ਸਰੂਪ ਸਾਜ਼ਸੀ ਢੰਗ ਨਾਲ ਲਾਪਤਾ ਕੀਤੇ ਗਏ ਹਨ, ਉਨ੍ਹਾਂ ਦੀ ਅੱਜ ਤੱਕ ਹਕੂਮਤੀ ਪੱਧਰ ਉਤੇ ਕੋਈ ਭਾਲ ਨਾ ਹੋਣਾ ਅਤੇ ਦੋਸ਼ੀਆਂ ਦੀ ਪਹਿਚਾਣ ਨਾ ਹੋਣਾ ਵੀ ਵੱਡੇ ਦੁੱਖਦਾਇਕ ਅਤੇ ਵਿਤਕਰੇ ਵਾਲੀ ਕਾਰਵਾਈ ਹੈ । ਇਸੇ ਤਰ੍ਹਾਂ ਅੱਜ ਤੱਕ ਸਾਡੇ ਜੇਲ੍ਹਾਂ ਵਿਚ 25-25 ਸਾਲਾਂ ਤੋ ਬੰਦੀ ਬਣਾਏ ਗਏ ਆਪਣੀਆ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਦੀ ਰਿਹਾਈ ਨਾ ਕਰਨਾ ਵੀ ਸਿੱਖ ਕੌਮ ਵਰਗੀ ਬਹਾਦਰ ਕੌਮ ਨਾਲ ਵੱਡੀ ਬੇਇਨਸਾਫ਼ੀ ਹੈ । ਜੋ ਇੰਡੀਆ ਦੇ ਹੁਕਮਰਾਨ ਜਮਹੂਰੀਅਤ ਕਦਰਾਂ-ਕੀਮਤਾਂ ਦੀ ਗੱਲ ਕਰਦੇ ਹਨ ਉਸ ਹਕੂਮਤ ਵੱਲੋ ਸਿੱਖ ਕੌਮ ਦੀ ਪਾਰਲੀਮੈਟ ਐਸ.ਜੀ.ਪੀ.ਸੀ. ਦੀਆਂ ਬੀਤੇ 12 ਸਾਲਾਂ ਤੋ ਜੋ ਜਰਨਲ ਚੋਣਾਂ ਮੰਦਭਾਵਨਾ ਅਧੀਨ ਨਹੀ ਕਰਵਾਈਆ ਜਾ ਰਹੀਆ, ਇਹ ਇੰਡੀਆ ਦੇ ਹੁਕਮਰਾਨਾਂ ਤੇ ਕੌਮਾਂਤਰੀ ਪੱਧਰ ਤੇ ਇਕ ਵੱਡਾ ਕਾਲਾ ਧੱਬਾ ਵੀ ਹੈ ਅਤੇ ਸਿੱਖ ਕੌਮ ਦੇ ਵਿਧਾਨਿਕ ਹੱਕ-ਹਕੂਕਾ ਨੂੰ ਜ਼ਬਰੀ ਕੁੱਚਲਣ ਵਾਲੀਆ ਕਾਰਵਾਈਆ ਹਨ । ਜੋ ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇਂ ਇੰਡੀਅਨ ਫ਼ੌਜ ਵੱਲੋ ਸਾਡੇ ਤੋਸਾਖਾਨਾ ਅਤੇ ਸਿੱਖ ਰੈਫਰੈਸ ਲਾਈਬ੍ਰੇਰੀ ਵਿਚੋ ਬੇਸ਼ਕੀਮਤੀ ਇਤਿਹਾਸਿਕ ਵਸਤਾਂ, ਦਸਤਾਵੇਜ, ਪੁਰਾਤਨ ਇਤਿਹਾਸਿਕ ਗ੍ਰੰਥ ਉੱਠਾਕੇ ਲੈ ਗਏ ਸਨ, ਉਹ ਵੀ ਸਾਡੀ ਕੌਮੀ ਵਿਰਸੇ-ਵਿਰਾਸਤ ਦੀ ਮਲਕੀਅਤ ਅੱਜ ਤੱਕ ਸਾਨੂੰ ਵਾਪਸ ਨਹੀ ਕੀਤੀ ਗਈ । ਜੋ ਇੰਡੀਆਂ ਦੀ ਹਕੂਮਤ ਉਤੇ ਬਹੁਤ ਗਹਿਰੇ ਪ੍ਰਸ਼ਨ ਚਿੰਨ੍ਹ ਵੀ ਹਨ ਅਤੇ ਸਿੱਖ ਕੌਮ ਦੇ ਵੱਡੇ ਰੋਸੇ ਵੀ ਹਨ ।

ਸ. ਮਾਨ ਨੇ ਕਿਹਾ ਕਿ ਜਿਥੇ ਮੋਦੀ ਹਕੂਮਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾਂ ਪ੍ਰਕਾਸ਼ ਦਿਹਾੜਾ ਮਨਾਕੇ ਉਨ੍ਹਾਂ ਦੇ ਮਨੁੱਖਤਾ ਪੱਖੀ ਸੋਚ ਨੂੰ ਕੌਮਾਂਤਰੀ ਪੱਧਰ ਉਤੇ ਉਜਾਗਰ ਕਰਨ ਜਾ ਰਹੀ ਹੈ ਤੇ ਬੀਤੇ ਲੰਮੇ ਸਮੇ ਤੋ ਉਪਰੋਕਤ ਹੋ ਰਹੀਆ ਜਿਆਦਤੀਆ ਸੰਬੰਧੀ ਵੀ ਤੁਰੰਤ ਇਨਸਾਫ ਦਿੰਦੇ ਹੋਏ ਬਰਗਾੜੀ ਮੋਰਚੇ ਦਾ ਜਿਥੇ ਇਨਸਾਫ਼ ਦੇਣਾ ਬਣਦਾ ਹੈ, ਉਥੇ 328 ਪਾਵਨ ਲਾਪਤਾ ਕੀਤੇ ਗਏ ਸਰੂਪਾਂ, ਬਹਿਬਲ ਕਲਾਂ, ਬੁਰਜ ਜਵਾਹਰ ਸਿੰਘ ਵਾਲਾ, ਕੋਟਕਪੂਰਾ ਦੇ ਦੋਸ਼ੀਆਂ ਅਤੇ ਕਾਤਲਾਂ ਦੀ ਗ੍ਰਿਫ਼ਤਾਰੀ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹੋਏ ਇਨਸਾਫ਼ ਦੇਣ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 12 ਸਾਲਾਂ ਤੋ ਜਬਰੀ ਰੋਕੀ ਗਈ ਜਰਨਲ ਚੋਣ ਕਰਵਾਉਣ ਅਤੇ ਜੇਲ੍ਹਾਂ ਵਿਚ ਸਜਾਵਾਂ ਪੂਰੀਆਂ ਕਰ ਚੁੱਕੇ ਸਮੂਹ ਸਿੱਖਾਂ ਦੀ ਬਿਨ੍ਹਾਂ ਸ਼ਰਤ ਫੌਰੀ ਰਿਹਾਈ ਅਤੇ ਫੌਜ ਵਿਚ ਜੋ ਸਿੱਖਾਂ ਦੀ 33% ਭਰਤੀ ਤੋ ਘਟਾਕੇ ਹੁਕਮਰਾਨਾਂ ਨੇ 2% ਕੀਤੀ ਹੋਈ ਹੈ, ਉਸਦੀ ਪੁਰਾਤਨ 33% ਭਰਤੀ ਦੇ ਹੁਕਮਾਂ ਦੀ ਬਹਾਲੀ ਕੀਤੀ ਜਾਵੇ ਅਤੇ ਸਿੱਖ ਕੌਮ ਨੂੰ ਇਸ ਮਹਾਨ ਮੌਕੇ ਤੇ ਇਨਸਾਫ਼ ਦੇ ਕੇ ਉਨ੍ਹਾਂ ਦੇ ਮਨ-ਆਤਮਾ ਵਿਚ ਹੁਕਮਰਾਨਾਂ ਪ੍ਰਤੀ ਉੱਠੇ ਵੱਡੇ ਰੋਹ ਨੂੰ ਕੁਝ ਸ਼ਾਂਤ ਕਰਨ ਦੇ ਜੇਕਰ ਅਮਲ ਹੋ ਸਕਣ ਤਾਂ ਇਸ ਮਹਾਨ ਮੌਕੇ ਉਤੇ ਇਹ ਸ੍ਰੀ ਮੋਦੀ ਹਕੂਮਤ ਦੇ ਸਿਆਸੀ ਕੈਰੀਅਰ ਲਈ ਅੱਛਾ ਹੋਵੇਗਾ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਮੋਦੀ ਹਕੂਮਤ ਸਿੱਖ ਕੌਮ ਦੀਆਂ ਉਪਰੋਕਤ ਬੇਇਨਸਾਫ਼ੀਆਂ ਨੂੰ ਵੀ ਇਸ ਮੌਕੇ ਉਤੇ ਦੂਰ ਕਰਨ ਦਾ ਐਲਾਨ ਕਰੇਗੀ ।

Leave a Reply

Your email address will not be published. Required fields are marked *