ਅਗਨੀਵੀਰ ਸਿਪਾਹੀ 4 ਸਾਲ ਵਿਚ ਆਪਣੀ ਟ੍ਰੇਨਿੰਗ ਵੀ ਪੂਰੀ ਨਹੀ ਕਰ ਸਕਦਾ : ਮਾਨ
ਅਗਨੀਵੀਰ ਅਕਾਸ਼ਦੀਪ ਸਿੰਘ ਦੇ ਲਾਪਤਾ ਹੋਣ ਜਾਂ ਮੌਤ ਹੋਣ ਉਤੇ ਸ. ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਫ਼ਤਹਿਗੜ੍ਹ ਸਾਹਿਬ, 14 ਮਈ ( ) “ਸ. ਅਕਾਸ਼ਦੀਪ ਸਿੰਘ ਨਾਮ ਦੇ ਅਗਨੀਵੀਰ ਸਿਪਾਹੀ ਜੋ ਬੀਤੇ ਸਾਲ 2025 ਵਿਚ ਜੰਮੂ-ਕਸਮੀਰ ਦੇ ਖੇਤਰ ਵਿਚ ਮਾਰਿਆ ਗਿਆ ਸੀ, ਜਿਸਦਾ ਅਜੇ ਤੱਕ ਕੁਝ ਪਤਾ ਨਹੀ ਲੱਗਾ ਉਸ ਦੁੱਖਦਾਇਕ ਘਟਨਾ ਉਤੇ ਸ. ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਅਸਲੀਅਤ ਵਿਚ ਜੋ ਸਰਕਾਰ ਨੇ ‘ਅਗਨੀਵੀਰ’ ਦੇ ਨਾਮ ਉਤੇ ਫ਼ੌਜੀਆਂ ਦੀ ਭਰਤੀ ਸੁਰੂ ਕੀਤੀ ਹੈ, ਉਹ ਦਿਸ਼ਾਹੀਣ ਸੋਚ ਤੇ ਨੀਤੀ ਅਧੀਨ ਕੀਤੀ ਹੈ । ਕਿਉਂਕਿ ਇਹ ਭਰਤੀ ਕੇਵਲ 4 ਸਾਲ ਲਈ ਕੀਤੀ ਜਾਂਦੀ ਹੈ, ਉਸ ਤੋ ਬਾਅਦ ਉਸ ਸਿਪਾਹੀ ਨੂੰ ਘਰ ਵਾਪਸ ਭੇਜ ਦਿੱਤਾ ਜਾਂਦਾ ਹੈ । ਜਦੋਕਿ ਇਕ ਫ਼ੌਜੀ ਦੀ ਸੰਪੂਰਨ ਰੂਪ ਵਿਚ ਟ੍ਰੇਨਿੰਗ 4 ਸਾਲ ਵਿਚ ਪੂਰੀ ਨਹੀ ਹੋ ਸਕਦੀ। ‘ਅਗਨੀਵੀਰ’ ਦੇ ਨਾਮ ਹੇਠ ਨੌਜਵਾਨਾਂ ਦੀ ਭਰਤੀ ਸੁਰੂ ਕੀਤੀ ਹੈ, ਐਨੇ ਥੋੜ੍ਹੇ ਸਮੇ ਵਿਚ ਤਾਂ ਕੋਈ ਵੀ ਜਵਾਨ ਫ਼ੌਜੀ ਢੰਗ-ਤਰੀਕਿਆ, ਜੰਗ ਦੇ ਦਾਅ ਪੇਚਾ, ਜੰਗਲਾਂ, ਮਾਰੂਥਲ, ਪਾਣੀ ਦੀ ਲੜਾਈ, ਹਵਾਈ ਲੜਾਈ ਦੇ ਢੰਗਾਂ ਬਾਰੇ ਬੋਧਿਕ ਜਾਣਕਾਰੀ ਵੀ ਪ੍ਰਾਪਤ ਨਹੀ ਕਰ ਸਕਦਾ । ਜੇਕਰ ਫ਼ੌਜੀ ਨੂੰ ਲੰਮਾਂ ਸਮਾਂ ਜੰਗਲਾਂ ਵਿਚ ਰਹਿਣਾ ਪਵੇ ਤਾਂ ਫ਼ੌਜੀ ਨੂੰ ਹਰ ਕੀਮਤ ਤੇ ਜੰਗਲੀ ਬੂਟੀਆ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਕਿਹੜੀ ਬੂਟੀ ਉਸਦੀ ਖੁਰਾਕ ਦੀ ਪੂਰਤੀ ਕਰ ਸਕਦੀ ਹੈ, ਕਿਹੜੀ ਬੂਟੀ ਜਹਿਰੀਲੀ ਹੈ । ਜੇਕਰ ਉਸ ਨੂੰ ਇਹ ਪਹਿਚਾਣ ਨਹੀ ਹੋਵੇਗੀ ਤਾਂ ਉਹ ਜਹਿਰੀਲੀ ਬੂਟੀ ਦਾ ਸੇਵਨ ਕਰਕੇ ਆਪਣਾ ਨੁਕਸਾਨ ਕਰਵਾ ਸਕਦਾ ਹੈ । ਜਦੋਕਿ ਜੰਗਾਂ-ਯੁੱਧਾਂ ਵਿਚ ਤਾਂ ਅਮਲੀ ਰੂਪ ਵਿਚ ਅਜਿਹੇ ਸਭ ਸਮਿਆ ਉਤੇ ਕਿਵੇ ਜੰਗ ਲੜਨੀ ਹੈ, ਦੁਸਮਣ ਤੇ ਕਿਵੇ ਫਤਹਿ ਪ੍ਰਾਪਤ ਕਰਨੀ ਹੈ, ਆਪਣੇ ਹਥਿਆਰਾਂ ਨੂੰ ਚਲਾਉਣ ਅਤੇ ਸੁਰੱਖਿਅਤ ਰੱਖਣ ਆਦਿ ਬਾਰੇ ਵੀ ਪੂਰੀ ਜਾਣਕਾਰੀ ਪ੍ਰਾਪਤ ਨਹੀ ਕਰ ਸਕਦਾ । ਇਹ ਯੋਜਨਾ ਤਾਂ ਕੇਵਲ ਆਰ.ਐਸ.ਐਸ ਦੀ ਸੋਚ ਉਤੇ ਹਿੰਦੂ ਨੌਜਵਾਨਾਂ ਵਿਚ ਹਿੰਦੂਤਵ ਸੋਚ ਨੂੰ ਉਭਾਰਨ ਅਤੇ ਫ਼ੌਜ ਵਿਚ ਬਹੁਗਿਣਤੀ ਦੀ ਭਰਤੀ ਕਰਨ ਲਈ ਕੀਤੀ ਗਈ ਹੈ ਨਾ ਕਿ ਜੰਗਾਂ-ਯੁੱਧਾਂ ਦੀ ਪੂਰਨ ਰੂਪ ਵਿਚ ਟ੍ਰੇਨਿੰਗ ਦੇਣ ਲਈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਗਨੀਵੀਰ ਫ਼ੌਜੀ ਭਰਤੀ ਯੋਜਨਾ ਉਤੇ ਹਿੰਦੂਤਵ ਹੁਕਮਰਾਨਾਂ ਦੇ ਗੈਰ ਤੁਜਰਬੇਕਾਰ ਹੋਣ ਦੀਆਂ ਗੱਲਾਂ ਨੂੰ ਪ੍ਰਤੱਖ ਕਰਦੇ ਹੋਏ ਅਤੇ ਫ਼ੌਜ ਵਿਚ ਰਹਿੰਦੀਆ ਕਮੀਆ ਕੋਈ ਵੀ ਸਾਰਥਿਕ ਹੱਲ ਨਾ ਕੱਢਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਫ਼ੌਜ ਦੇ ਹਥਿਆਰ ਹੁੰਦੇ ਹਨ ਅਤੇ ਉਨ੍ਹਾਂ ਵਿਚ ਜੋ ਲੋਹੇ ਦੀ ਵਰਤੋ ਹੁੰਦੀ ਹੈ, ਉਹ 3 ਤਰ੍ਹਾਂ ਦੀ ਮੌਸਮ ਗਰਮੀ, ਸਰਦੀ ਅਤੇ ਹੁੰਮਸ ਵਾਲੇ ਵਾਤਾਵਰਣ ਵਿਚ ਇਨ੍ਹਾਂ ਹਥਿਆਰਾਂ ਨੂੰ ਕਿਸ ਤਰ੍ਹਾਂ ਸੁਰੱਖਿਅਤ ਰੱਖਣਾ ਹੈ ਇਨ੍ਹਾਂ ਅਗਨੀਵੀਰਾਂ ਨੂੰ ਕੋਈ ਜਾਣਕਾਰੀ ਨਹੀ ਹੁੰਦੀ । ਜੇਕਰ ਇਕ ਫ਼ੌਜੀ ਆਪਣੇ ਹਥਿਆਰਾਂ ਨੂੰ ਸੁਰੱਖਿਅਤ ਰੱਖਣ ਬਾਰੇ ਹੀ ਜਾਣਕਾਰੀ ਨਾ ਰੱਖਦਾ ਹੋਵੇ, ਤਾਂ ਅਜਿਹਾ ਫ਼ੌਜੀ ਤਾਂ ਅਧੂਰਾ ਹੀ ਅਖਵਾਏਗਾ । ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਅਗਨੀਵੀਰ ਦੀ 4 ਸਾਲਾਂ ਦੀ ਸਕੀਮ ਨੂੰ ਨਿਰੰਤਰ ਲਾਗੂ ਕੀਤਾ ਗਿਆ ਤਾਂ ਇਸ ਨਾਲ ਤਾਂ ਫ਼ੌਜ ਦਾ ਮਨੋਬਲ ਬਿਲਕੁਲ ਟੁੱਟ ਜਾਵੇਗਾ । ਬੀਤੇ ਹਿੰਦੂ ਇਤਿਹਾਸ ਜਾਂ ਮਥਿਹਾਸ ਦੀ ਗੱਲ ਕਰਦੇ ਹੋਏ ਸ. ਮਾਨ ਨੇ ਕਿਹਾ ਕਿ ਬੀਤੇ ਸਮੇ ਵਿਚ ਜਦੋ ਰਾਮ-ਰਾਵਣ ਦਾ ਯੁੱਗ ਸੀ, ਉਨ੍ਹਾਂ ਨੂੰ ਤਾਂ ਰਾਜ ਪ੍ਰਬੰਧ ਚਲਾਉਣ ਦਾ ਤੁਜਰਬਾ ਸੀ । ਲੇਕਿਨ ਜੋ ਬੀਜੇਪੀ-ਆਰ.ਐਸ.ਐਸ ਨੇ 4 ਸਾਲਾਂ ਦੀ ਅਗਨੀਵੀਰ ਸਕੀਮ ਲਾਗੂ ਕੀਤੀ ਹੈ, ਇਹ ਕੇਵਲ ਫਿਰਕੂ ਸੋਚ ਅਧੀਨ ਹੀ ਅਮਲ ਕੀਤੇ ਜਾ ਰਹੇ ਹਨ । ਜਦੋਕਿ ਇਨ੍ਹਾਂ ਕੋਲ ਰਾਜ ਪ੍ਰਬੰਧ ਨੂੰ ਚਲਾਉਣ ਦੀ ਕੋਈ ਵਾਕਫੀਅਤ ਨਹੀ ਹੈ । ਇਸ ਲਈ ਹੀ ਇਹ ਹੁਕਮਰਾਨ ਹਰ ਖੇਤਰ ਵਿਚ ਫੇਲ੍ਹ ਸਾਬਤ ਹੋ ਚੁੱਕੇ ਹਨ । ਉਨ੍ਹਾਂ ਕਿਹਾ ਕਿ ਫ਼ੌਜ ਵਿਚ ਇਹ ਰਵਾਇਤ ਰਹੀ ਹੈ ਕਿ ਕੋਈ ਵੀ ਫੌਜੀ ਅਫਸਰ, ਜਰਨੈਲ ਆਪਣੇ ਲੰਮੇ ਤੁਜਰਬੇ ਅਤੇ ਕਾਬਲੀਅਤ ਦੇ ਆਧਾਰ ਤੇ ਹੀ ਵੱਡੇ ਰੈਕ ਪ੍ਰਾਪਤ ਕਰਦਾ ਸੀ । ਲੇਕਿਨ ਹੁਣ ਹਿੰਦੂਤਵ ਰਾਜ ਵਿਚ ਇਹ ਲਗਾਏ ਜਾਣ ਵਾਲੇ ਅਫਸਰ ਕੇਵਲ ਸਿਆਸਤਦਾਨਾਂ ਦੀ ਚਾਪਲੂਸੀ ਕਰਕੇ ਤਰੱਕੀਆ ਪ੍ਰਾਪਤ ਕਰਦੇ ਹਨ ਅਤੇ ਰਿਟਾਇਰ ਹੋਣ ਉਪਰੰਤ ਇਹ ਮੰਗ ਕਰਦੇ ਹਨ ਕਿ ਸਾਨੂੰ ਅੰਬੈਸਡਰ ਲਗਾ ਦਿੱਤਾ ਜਾਵੇ ਜਾਂ ਕੋਈ ਹੋਰ ਅਹੁਦਾ ਦੇ ਦਿੱਤਾ ਜਾਵੇ । ਜੋ ਫ਼ੌਜੀ ਅਫਸਰ ਮੰਗਣ ਲੱਗ ਪਏ ਉਹ ਕਦੇ ਵੀ ਜੰਗਾਂ-ਯੁੱਧਾਂ ਜਾਂ ਫੌਜੀ ਮਸਕਾਂ ਲਈ ਮੁਲਕ ਲਈ ਲਾਹੇਵੰਦ ਸਾਬਤ ਨਹੀ ਹੋ ਸਕਦਾ । ਕਿਉਂਕਿ ਉਸ ਵਿਚ ਉਹ ਸਮਰੱਥਾਂ ਤੇ ਕਾਬਲੀਅਤ ਨਹੀ ਹੁੰਦੀ ।
ਉਨ੍ਹਾਂ ਕਿਹਾ ਕਿ ਜੋ ਹਿੰਦੂਤਵ ਹੁਕਮਰਾਨ ਆਪਣੇ ਹੀ ਹਿਸਾਬ ਅਤੇ ਗਿਣਤੀਆ-ਮਿਣਤੀਆ ਨਾਲ ਕਦੀ 4 ਸਾਲ ਦੀ ਫ਼ੌਜੀ ਟ੍ਰੇਨਿੰਗ, ਕਦੇ 6 ਮਹੀਨਿਆ ਦੀ ਕਰਦੇ ਹਨ । ਇਹ ਤਾਂ ਉਸੇ ਤਰ੍ਹਾਂ ਦੀ ਗੈਰ ਸਮਾਜਿਕ ਕਾਰਵਾਈ ਹੋਵੇਗੀ ਜਿਵੇ ਕੁਦਰਤ ਦੇ ਨਿਯਮ ਅਨੁਸਾਰ ਇਕ ਮਾਂ ਦੇ ਪੇਟ ਵਿਚੋ ਬੱਚਾ 9 ਮਹੀਨਿਆ ਬਾਅਦ ਪੈਦਾ ਹੁੰਦਾ ਹੈ ਅਤੇ ਇਨ੍ਹਾਂ ਦੇ ਮੁਤਾਬਿਕ ਤਾਂ ਇਹ ਕੱਲ ਨੂੰ 3 ਮਹੀਨਿਆ ਜਾਂ 6 ਮਹੀਨਿਆ ਬਾਅਦ ਹੋਣ ਦੇ ਹੁਕਮ ਲਾਗੂ ਕਰ ਦੇਣਗੇ । ਜਦੋਕਿ ਹਸਪਤਾਲਾਂ ਉਤੇ ਕਰੋੜਾ-ਅਰਬਾਂ ਰੁਪਏ ਦਾ ਬਜਟ ਹੁੰਦਾ ਹੈ । ਸ. ਮਾਨ ਨੇ ਗੰਭੀਰਤਾ ਪੂਰਵਕ ਮੰਗ ਕੀਤੀ ਕਿ ਜੋ 2025 ਵਿਚ ਅਕਾਸ਼ਦੀਪ ਨਾਮ ਦਾ ਅਗਨੀਵੀਰ ਫ਼ੌਜੀ ਜੰਮੂ ਕਸਮੀਰ ਵਿਚ ਲਾਪਤਾ ਹੋ ਗਿਆ ਹੈ ਜਾਂ ਉਸਦੀ ਮੌਤ ਹੋ ਗਈ ਹੈ, ਉਸਦੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਵੇ ਅਤੇ ਸੱਚ ਨੂੰ ਸਾਹਮਣੇ ਲਿਆਂਦਾ ਜਾਵੇ । ਦੂਸਰਾ ਉਸਦੇ ਪਰਿਵਾਰ ਨੂੰ ਘੱਟੋ-ਘੱਟ 50 ਲੱਖ ਰੁਪਏ ਦੀ ਮਾਲੀ ਮਦਦ ਅਤੇ ਇਕ ਮੈਬਰ ਨੂੰ ਸਰਕਾਰੀ ਨੌਕਰੀ ਪ੍ਰਦਾਨ ਕਰਨ ਦਾ ਫੌਰੀ ਪ੍ਰਬੰਧ ਕੀਤਾ ਜਾਵੇ ।