ਵੈਸਟ ਬੰਗਾਲ ਵਿਚ ਬੀਜੇਪੀ ਦੀ ਜਿੱਤ ਨਹੀ ਹੋਈ, ਬਲਕਿ ਚੋਣ ਕਮਿਸਨ ਦੀ ਸਾਜਸੀ ਕਾਰਵਾਈ ਦੀ ਜਿੱਤ ਹੋਈ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 06 ਮਈ ( ) “ਜੋ ਹੁਣੇ ਹੀ 5 ਸੂਬਿਆਂ ਦੀਆਂ ਚੋਣਾਂ ਹੋਈਆ ਹਨ, ਉਸ ਵਿਚ ਜੋ ਵੈਸਟ ਬੰਗਾਲ ਸੂਬੇ ਦੇ ਨਤੀਜੇ ਆਏ ਹਨ, ਉਨ੍ਹਾਂ ਨੂੰ ਬਹੁਗਿਣਤੀ ਵੈਸਟ ਬੰਗਾਲੀਆਂ ਨੇ ਅਤੇ ਸੂਝਬੂਝ ਰੱਖਣ ਵਾਲੇ ਇੰਡੀਅਨ ਨਿਵਾਸੀਆ ਨੇ ਬਿਲਕੁਲ ਵੀ ਪ੍ਰਵਾਨ ਨਹੀ ਕੀਤਾ । ਕਿਉਂਕਿ ਵੈਸਟ ਬੰਗਾਲ ਵਿਚ ਜੋ ਚੋਣ ਨਤੀਜਿਆ ਰਾਹੀ ਬੀਜੇਪੀ ਦੀ ਜਿੱਤ ਹੋਈ ਹੈ, ਇਹ ਤਾਂ ਚੋਣ ਕਮਿਸਨ ਜੋ ਹੁਕਮਰਾਨਾਂ ਦਾ ਹੱਥਠੋਕਾ ਬਣਿਆ ਹੋਇਆ ਹੈ, ਜਿਸ ਵਿਚ ਮੁੱਖ ਚੋਣ ਕਮਿਸਨਰ ਗਿਆਨੇਸ ਕੁਮਾਰ, ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸੀ ਜਿਨ੍ਹਾਂ ਨੇ 90 ਲੱਖ ਮੁਸਲਿਮ ਬੰਗਾਲੀ ਵੋਟਾਂ ਕੱਟ ਦਿੱਤੀਆ ਹਨ ਅਤੇ ਹੁਕਮਰਾਨਾਂ ਦੀ ਮਨਸਾ ਅਨੁਸਾਰ ਉਥੇ ਅਮਲ ਕੀਤਾ ਹੈ, ਉਸਦੀ ਬਦੌਲਤ ਇਹ ਜਿੱਤ ਕੇਵਲ ਤੇ ਕੇਵਲ ਚੋਣ ਕਮਿਸਨ ਦੀ ਸਾਜਸੀ ਜਿੱਤ ਹੋਈ ਹੈ ਨਾ ਕਿ ਜਮਹੂਰੀਅਤ ਦੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵੈਸਟ ਬੰਗਾਲ ਦੇ ਆਏ ਚੋਣ ਨਤੀਜਿਆ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਸ ਜਿੱਤ ਨੂੰ ਬੀਜੇਪੀ ਦੀ ਨਾ ਹੋ ਕੇ ਚੋਣ ਕਮਿਸਨ ਦੀਆਂ ਸਾਜਿਸਾਂ ਦੀ ਜਿੱਤ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੰਗਾਲੀਆ ਦੀ ਇਕ ਆਪਣੀ ਵੱਖਰੀ ਕੌਮੀਅਤ ਹੈ, ਜਿਨ੍ਹਾਂ ਦੀ ਲਿੱਪੀ, ਬੋਲੀ ਵੀ ਵੱਖਰੀ ਹੈ ਅਤੇ ਉਨ੍ਹਾਂ ਦੇ ਜਿਊਂਣ ਦੇ ਅਣਖੀ ਢੰਗ ਦੂਜਿਆ ਤੋ ਵੱਖਰੇ ਹਨ । ਕਿਉਂਕਿ ਜੋ ਅੰਗਰੇਜ਼ਾਂ ਸਮੇ ਸਭ ਤੋ ਪਹਿਲੇ ਬਗਾਵਤ ਵੈਸਟ ਬੰਗਾਲ ਵਿਚ ਹੀ ਹੋਈ ਸੀ । ਫਿਰ ਉਥੋ ਹੀ ਨਕਸਲਵਾਦੀ ਲਹਿਰ ਨੇ ਜਨਮ ਲਿਆ ਸੀ। ਇਸ ਲਈ ਬੰਗਾਲੀ ਜਿੱਥੇ ਬਹੁਤ ਪੜ੍ਹੇ ਲਿਖੇ, ਸੂਝਵਾਨ ਅਤੇ ਦੂਰਅੰਦੇਸ਼ੀ ਹੁੰਦੇ ਹਨ, ਉਥੇ ਉਹ ਆਪਣੀ ਅਣਖ ਇੱਜਤ ਉਤੇ ਕਤਈ ਵੀ ਸਮਝੌਤਾ ਕਰਨ ਨੂੰ ਤਿਆਰ ਨਹੀ ਹੁੰਦੇ । ਇਸੇ ਲਈ ਉਨ੍ਹਾਂ ਦੇ ਖੂਨ ਵਿਚ ਝੂਠ, ਫਰੇਬ ਤੇ ਧੋਖੇ ਵਿਰੁੱਧ ਬਗਾਵਤ ਪ੍ਰਤੱਖ ਨਜਰ ਆਉਦੀ ਹੈ । ਇਸ ਲਈ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮਹਿਸੂਸ ਕਰਦੀ ਹੈ ਕਿ ਜੋ ਉਥੇ ਚੋਣ ਕਮਿਸਨ ਨੇ ਹੁਕਮਰਾਨਾਂ ਸਦਾ ਹੱਥ ਠੋਕਾ ਬਣਕੇ ਜਮਹੂਰੀਅਤ ਅਤੇ ਨਿਰਪੱਖਤਾ ਦੀ ਸੋਚ ਦਾ ਕਤਲ ਕੀਤਾ ਹੈ, ਇਸਦਾ ਨਤੀਜਾ ਕਤਈ ਵੀ ਅੱਛਾ ਨਹੀ ਰਹੇਗਾ । ਕਿਉਂਕਿ ਹੁਕਮਰਾਨਾਂ ਨੇ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਗੁਜਰਾਤ ਤੋ ਵੱਡੀ ਗਿਣਤੀ ਵਿਚ ਲੋਕਾਂ ਨੂੰ ਉਥੇ ਵੋਟ ਪਾਉਣ ਲਈ ਭੇਜਿਆ ਜਿਸ ਕਾਰਨ ਬੀਜੇਪੀ ਨੇ ਜਿੱਤ ਦਰਜ ਕੀਤੀ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਜਦੋ ਮੈਂ ਭਾਗਲਪੁਰ ਜੇਲ੍ਹ ਵਿਚ ਬੰਦੀ ਸੀ, ਤਾਂ ਮੇਰਾ ਵਕੀਲ ਬੰਗਾਲੀ ਸੀ । ਉਸਦਾ ਕਹਿਣਾ ਸੀ ਕਿ ‘ਦਲੀਲ ਨਾਲ ਜਦੋ ਗੱਲ ਕੀਤੀ ਜਾਂਦੀ ਹੈ, ਤਦ ਕੋਈ ਵੀ ਉਲਟ-ਪੁਲਟ ਨਹੀ ਹੋ ਸਕਦਾ, ਜਦੋ ਗੈਰ ਦਲੀਲ ਢੰਗ ਤੇ ਜ਼ਬਰ ਨਾਲ ਕੁਝ ਹੋਵੇ ਤਾਂ ਉਸਦੇ ਨਤੀਜੇ ਆਪਣੀਆ ਉਮੀਦਾ ਤੋ ਹਮੇਸ਼ਾਂ ਉਲਟ ਨਿਕਲਦੇ ਹਨ’ ਇਸ ਲਈ ਬੰਗਾਲ ਦੇ ਹਾਲਾਤ ਚੋਣਾਂ ਮਗਰੋ ਵਿਸਫੋਟਕ ਬਣ ਚੁੱਕੇ ਹਨ । ਜ਼ਬਰ ਜੁਲਮ ਅਤੇ ਸਾਜਿਸਾਂ ਦੇ ਨਤੀਜਿਆ ਦਾ ਆਖਿਰ ਅੰਤ ਹੀ ਹੋਵੇਗਾ, ਸੱਚ ਸਾਹਮਣੇ ਆਵੇਗਾ ।