ਜਿਨ੍ਹਾਂ ਜਿ਼ੰਮੀਦਾਰਾਂ ਦੀ ਕਣਕ ਦੀ ਫ਼ਸਲ ਬਾਰਿਸਾਂ ਕਾਰਨ ਬੀਜ ਸੁਗੜ ਗਿਆ ਹੈ, ਉਨ੍ਹਾਂ ਦੀ ਫਸਲ ਸਹੀ ਕੀਮਤ ਉਤੇ ਖਰੀਦੀ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 23 ਅਪ੍ਰੈਲ ( ) “ਪੰਜਾਬ ਸੂਬੇ ਵਿਚ ਕੁਝ ਸਮਾਂ ਪਹਿਲੇ ਜਦੋਂ ਕਣਕ ਦੀ ਫਸਲ ਤਿਆਰ ਹੋਣ ਵਾਲੀ ਸੀ, ਤਾਂ ਭਾਰੀ ਬਾਰਿਸ਼ਾਂ ਤੇ ਗੜ੍ਹੇਮਾਰੀ ਕਾਰਨ ਬਹੁਤੇ ਜਿ਼ਲ੍ਹਿਆਂ ਵਿਚ ਜਿੰਮੀਦਾਰਾਂ ਦੀ ਫਸਲ ਦੇ ਬੀਜ ਸੁਗੜਕੇ ਰਹਿ ਗਏ ਹਨ । ਜਿਸ ਕਾਰਨ ਮੰਡੀਆਂ ਵਿਚ ਉਨ੍ਹਾਂ ਦੀ ਫਸਲ ਦੀ ਕੀਮਤ ਸਹੀ ਨਹੀ ਮਿਲ ਰਹੀ ਅਤੇ ਨਾ ਹੀ ਸਰਹੱਦਾਂ ਖੋਲੀਆ ਜਾ ਰਹੀਆ ਹਨ ਤਾਂ ਕਿ ਕਿਸਾਨ ਆਪਣੀ ਫਸਲ ਦੂਸਰੇ ਮੁਲਕਾਂ ਵਿਚ ਵੇਚ ਸਕੇ । ਇਸ ਲਈ ਅਜਿਹੀ ਔਖੀ ਘੜੀ ਵਿਚ ਸਰਕਾਰ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਜਿੰਮੀਦਾਰਾਂ ਨੇ ਬਹੁਤ ਮਿਹਨਤ ਨਾਲ, ਖਾਂਦਾ, ਦਵਾਈਆ ਪਾ ਕੇ ਅਤੇ ਸਿੰਚਾਈ ਕਰਕੇ ਆਪਣੀਆ ਫਸਲਾਂ ਵੱਡੇ ਖਰਚ ਕਰਕੇ ਪਾਲੀਆ ਹਨ, ਹੁਣ ਉਨ੍ਹਾਂ ਦੀਆਂ ਫਸਲਾਂ ਬਾਰਿਸ਼ਾਂ ਕਾਰਨ ਕੁਝ ਖਰਾਬ ਹੋ ਗਈਆ ਹਨ ਤਾਂ ਉਨ੍ਹਾਂ ਦੀ ਫਸਲ ਦੀ ਸਹੀ ਕੀਮਤ ਦੇ ਕੇ ਖਰੀਦੀ ਜਾਵੇ । ਇਸਦੇ ਨਾਲ ਹੀ ਜੋ ਗਰੀਬੀ ਦੀ ਰੇਖਾ ਤੋ ਹੇਠ ਪਰਿਵਾਰ ਵੱਸਦੇ ਹਨ, ਬੇਰੁਜਗਾਰ ਹਨ, ਜਿਨ੍ਹਾਂ ਕੋਲ ਆਮਦਨ ਦੇ ਬਹੁਤ ਹੀ ਸੀਮਤ ਸਾਧਨ ਹਨ ਜਿਸ ਨਾਲ ਉਨ੍ਹਾਂ ਦਾ ਗੁਜਾਰਾ ਹੋਣਾ ਵੀ ਮੁਸਕਿਲ ਹੋਇਆ ਪਿਆ ਹੈ । ਅਜਿਹੇ ਪਰਿਵਾਰਾਂ ਨੂੰ ਅਤੇ ਗਰੀਬ ਛੋਟੇ ਮੁਲਾਜਮਾਂ ਨੂੰ ਕਣਕ ਖਰੀਦਣ ਲਈ ਸਰਕਾਰੀ ਤੌਰ ਤੇ ਘੱਟ ਤੋ ਘੱਟ ਵਿਆਜ ਦਰਾਂ ਤੇ ਲੋਨ ਦੇਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਇਹ ਗਰੀਬ ਤੇ ਮਜਬੂਰ ਪਰਿਵਾਰ ਆਪਣੇ ਪਰਿਵਾਰਿਕ ਮੈਬਰਾਂ ਨੂੰ 2 ਸਮੇ ਦੀ ਰੋਟੀ ਦੇਣ ਲਈ ਸਹੀ ਕੀਮਤ ਤੇ ਕਣਕ ਦੀ ਖਰੀਦ ਕਰ ਸਕਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਨੂੰ ਇਥੋ ਦੇ ਬਾਰਿਸ ਤੋ ਪੀੜ੍ਹਤ ਜਿੰਮੀਦਾਰਾਂ ਦੀ ਸਹਾਇਤਾ ਕਰਨ ਲਈ ਅਤੇ ਗਰੀਬੀ ਤੋ ਹੇਠਾ ਰਹਿਣ ਵਾਲੇ ਪਰਿਵਾਰਾਂ ਨੂੰ ਆਪਣੀ ਸਲਾਨਾ ਕਣਕ ਖਰੀਦਣ ਲਈ ਵਿਸੇਸ ਤੌਰ ਤੇ ਬਿਲਕੁਲ ਘੱਟ ਵਿਆਜ ਦਰਾਂ ਤੇ ਕਣਕ ਖਰੀਦਣ ਲਈ ਲੋਨ ਦੇਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।