ਸਿੱਖਾਂ ਤੇ ਪੰਜਾਬੀਆਂ ਦੀ ਕਾਤਲ ਜਮਾਤ ਨਾਲ ਸਮਝੌਤੇ ਦੀ ਗੱਲ ਗਿਆਨੀ ਹਰਪ੍ਰੀਤ ਸਿੰਘ ਜੀ ਕਿਸ ਦਲੀਲ ਨਾਲ ਕਰ ਰਹੇ ਹਨ ? : ਟਿਵਾਣਾ
ਫ਼ਤਹਿਗੜ੍ਹ ਸਾਹਿਬ, 22 ਅਪ੍ਰੈਲ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬੇਸੱਕ ਆਪਣੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਨਿਰੰਤਰ ਸੰਘਰਸ਼ ਕਰਦਾ ਆ ਰਿਹਾ ਹੈ ਅਤੇ ਉਸਦਾ ਆਖਰੀ ਨਿਸ਼ਾਨਾ ਵੀ ਇਹੀ ਹੈ, ਪਰ 2027 ਦੀਆਂ ਪੰਜਾਬ ਅਸੈਬਲੀ ਚੋਣਾਂ ਵਿਚ ਸਿੱਖਾਂ ਦਾ ਕਤਲੇਆਮ ਕਰਨ ਵਾਲੀਆ ਹਿੰਦੂਤਵ ਜਮਾਤਾਂ ਬੀਜੇਪੀ-ਆਰ.ਐਸ.ਐਸ, ਕਾਂਗਰਸ, ਆਮ ਆਦਮੀ ਪਾਰਟੀ ਆਦਿ ਅਤੇ ਹੋਰ ਮੁਤੱਸਵੀ ਸੰਗਠਨ ਗੁਰੂਆਂ, ਪੀਰਾਂ, ਫਕੀਰਾਂ ਦੀ ਪਵਿੱਤਰ ਪੰਜਾਬ ਦੀ ਸਰਜਮੀਨ ਉਤੇ ਇਹ ਤਾਕਤਾਂ ਹਾਵੀ ਨਾ ਹੋ ਸਕਣ ਅਤੇ ਪੰਜਾਬ ਸੂਬੇ ਤੇ ਸਿੱਖ ਕੌਮ ਦਾ ਹੋਰ ਨੁਕਸਾਨ ਨਾ ਕਰ ਸਕਣ । ਪੰਥ ਅਤੇ ਪੰਜਾਬ ਦੇ ਵੱਡੇਰੇ ਹਿੱਤਾ ਨੂੰ ਮੁੱਖ ਰੱਖਕੇ ਹੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਉਨ੍ਹਾਂ ਦੀ ਸਮੁੱਚੀ ਸਿਆਸੀ ਮਾਮਲਿਆ ਦੀ ਕਮੇਟੀ ਦੇ ਮੈਬਰਾਨ ਨੇ ਪੰਜਾਬ ਅਸੈਬਲੀ ਚੋਣਾਂ ਨੂੰ ਸਾਂਝਾ ਪੰਥਕ ਮੁਹਾਜ ਬਣਾਕੇ ਲੜਨ ਦਾ ਦੂਰਅੰਦੇਸ਼ੀ ਵਾਲਾ ਕੌਮ ਪੱਖੀ ਉਹ ਫੈਸਲਾ ਕੀਤਾ ਹੈ ਜਿਸ ਨਾਲ ਸਿੱਖ ਕੌਮ ਦੀਆਂ ਭਾਵਨਾਵਾ ਉਤੇ ਅਸੀ ਸਭ ਪੂਰਨ ਉਤਰ ਸਕੀਏ ਅਤੇ ਖ਼ਾਲਸਾ ਪੰਥ ਦੀ ਮੰਝਧਾਰ ਵਿਚ ਡਿੱਕ ਡੋਲੇ ਖਾਂਦੀ ਬੇੜੀ ਨੂੰ ਸਮੂਹਿਕ ਤੌਰ ਤੇ ਯਤਨ ਕਰਕੇ ਕੰਢੇ ਤੇ ਲਗਾ ਸਕੀਏ । ਪਰ ਦੁੱਖ ਅਤੇ ਅਫਸੋਸ ਹੈ ਕਿ ਪੂਨਰ ਸੁਰਜੀਤ ਅਕਾਲੀ ਦਲ ਦੇ ਮੁੱਖੀ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਹੁਣੇ ਹੀ ਵਾਰਿਸ ਪੰਜਾਬ ਦੇ ਪਾਰਟੀ ਨਾਲ ਸਿਆਸੀ ਸਮਝੌਤਾ ਹੋਇਆ ਹੈ, ਉਹ ਕਹਿ ਰਹੇ ਹਨ ਕਿ ‘ਬੀਜੇਪੀ ਨਾਲ ਗੱਠਜੋੜ ਕਰਨ ਵਿਚ ਕੋਈ ਹਰਜ ਨਹੀ’। ਗਿਆਨੀ ਹਰਪ੍ਰੀਤ ਸਿੰਘ ਜੀ ਕੀ ਸਿੱਖ ਕੌਮ ਨੂੰ ਜਾਣਕਾਰੀ ਦੇਣਗੇ ਕਿ ਸਿੱਖਾਂ ਦੇ ਕਾਤਲਾਂ ਅਤੇ ਪੰਜਾਬ ਸੂਬੇ ਵਿਰੋਧੀ ਜਮਾਤਾਂ ਨਾਲ ਗੱਠਬੰਧਨ ਕਰਨ ਦੀ ਬਿਆਨਬਾਜੀ ਪਿੱਛੇ ਉਨ੍ਹਾਂ ਦੀ ਕੀ ਦਲੀਲ ਅਤੇ ਮਕਸਦ ਹੈ ?”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੂਨਰ ਸੁਰਜੀਤ ਅਕਾਲੀ ਦਲ ਦੇ ਮੁੱਖੀ ਜੋ ਹੁਣੇ ਹੀ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਇਕੱਤਰ ਹੋਏ ਹਨ ਅਤੇ ਸਮੁੱਚੇ ਪੰਥ ਨੂੰ ਇਕੱਤਰ ਕਰਕੇ ਪੰਥ ਵਿਰੋਧੀ ਜਮਾਤਾਂ ਨੂੰ ਪੰਜਾਬ ਅਸੈਬਲੀ ਚੋਣਾਂ ਵਿਚ ਕਰਾਰੀ ਹਾਰ ਦੇਣ ਦੀ ਗੱਲ ਕਰ ਰਹੇ ਹਨ, ਉਨ੍ਹਾਂ ਵੱਲੋ ਬੀਜੇਪੀ ਵਰਗੀ ਸਿੱਖਾਂ ਦੀ ਕਾਤਲ ਜਮਾਤ ਨਾਲ ਗੱਠਬੰਧਨ ਕਰਨ ਦੀ ਦਿਸ਼ਾਹੀਣ, ਗੈਰ ਸਿਧਾਤਿਕ ਬਿਆਨਬਾਜੀ ਉਤੇ ਪੰਜਾਬੀਆਂ ਤੇ ਸਿੱਖ ਕੌਮ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਅਤੇ ਸਿੱਖ ਕੌਮ ਨੂੰ ਇਹ ਪੂਰੀ ਜਾਣਕਾਰੀ ਹੈ ਕਿ ਬੀਜੇਪੀ ਦੇ ਆਗੂਆਂ ਸ੍ਰੀ ਅਡਵਾਨੀ ਤੇ ਸ੍ਰੀ ਵਾਜਪਾਈ ਵਰਗਿਆ ਜਿਨ੍ਹਾਂ ਨੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਉਣ ਲਈ ਮਰਹੂਮ ਇੰਦਰਾ ਗਾਂਧੀ ਨੂੰ ਹੱਲਾਸੇਰੀ ਦਿੱਤੀ ਅਤੇ ਕਿਹਾ ਕਿ ਇਹ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ। ਹਮਲੇ ਉਪਰੰਤ ਜਿਨ੍ਹਾਂ ਨੇ ਮਰਹੂਮ ਇੰਦਰਾ ਗਾਂਧੀ ਨੂੰ ਸਾਡੇ ਗੁਰਧਾਮਾਂ ਨੂੰ ਢਹਿ-ਢੇਰੀ ਕਰਨ ਅਤੇ ਸਿੱਖਾਂ ਦਾ ਕਤਲੇਆਮ ਕਰਨ ਦੇ ਇਵਜ ਵੱਜੋ ‘ਦੁਰਗਾ ਮਾਤਾ’ ਦਾ ਖਿਤਾਬ ਦੇ ਕੇ ਸਨਮਾਨ ਕੀਤਾ । ਜਿਸ ਪਾਰਟੀ ਦੇ ਆਗੂਆ ਨੇ ਬੀਤੇ ਸਮੇ ਵਿਚ ਵੱਡਾ ਇਕੱਠ ਕਰਕੇ ਆਪਣੇ ਮੂੰਹਾਂ ਵਿਚ ਬੀੜੀਆ ਤੇ ਸਿਗਰਟਾਂ ਪਾ ਕੇ ਵੱਡੇ ਜਲੂਸ ਰਾਹੀ ਰੇਲਵੇ ਸਟੇਸਨ ਅੰਮ੍ਰਿਤਸਰ ਵਿਖੇ ਸੁਸੋਭਿਤ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਨੂੰ ਤੋੜਕੇ ਅਪਮਾਨ ਕੀਤਾ ਹੋਵੇ । ਜਿਨ੍ਹਾਂ ਵੱਲੋ ‘ਕੱਛ, ਕੜਾ, ਕੰਘਾਂ, ਕਿਰਪਾਨ ਇਨਕੋ ਭੇਜੋ ਪਾਕਿਸਤਾਨ’ ਦੇ ਸਾਡੀ ਇਸ ਪਵਿੱਤਰ ਧਰਤੀ ਉਤੇ ਨਾਅਰੇ ਲਗਾਕੇ ਸਿੱਖਾਂ ਵਿਰੁੱਧ ਨਫਰਤ ਭਰਿਆ ਮਾਹੌਲ ਬਣਾਇਆ ਹੋਵੇ । ਜਿਨ੍ਹਾਂ ਨੇ ਕੈਨੇਡਾ, ਅਮਰੀਕਾ, ਪਾਕਿਸਤਾਨ, ਬਰਤਾਨੀਆ, ਹਰਿਆਣਾ ਤੇ ਪੰਜਾਬ ਵਿਚ ਸਾਜਸੀ ਢੰਗ ਨਾਲ ਸਿੱਖ ਨੌਜਵਾਨੀ ਦਾ ਕਤਲੇਆਮ ਕੀਤਾ ਹੋਵੇ, ਅਜਿਹੀ ਆਰ.ਐਸ.ਐਸ ਦੀ ਮੰਨੂਸਮ੍ਰਿਤੀ ਵਾਲੀ ਸੋਚ ਉਤੇ ਚੱਲਣ ਵਾਲੀ ਬੀਜੇਪੀ ਜਮਾਤ ਨਾਲ ਗਿਆਨੀ ਹਰਪ੍ਰੀਤ ਸਿੰਘ ਜੀ ਕਿਸ ਬਿਨ੍ਹਾਂ ਤੇ ਸਮਝੌਤੇ ਕਰਨ ਦੀ ਸਿੱਖਾਂ ਨੂੰ ਅਤੇ ਇਨ੍ਹਾਂ ਜਮਾਤਾਂ ਦੇ ਗੁਲਾਮ ਬਣਾਉਣ ਦੀ ਗੁਸਤਾਖੀ ਭਰੀ ਬਿਆਨਬਾਜੀ ਕਰ ਰਹੇ ਹਨ ? ਇਸ ਪਿੱਛੇ ਕੀ ਆਧਾਰ ਤੇ ਕੀ ਦਲੀਲ ਹੈ ?
ਉਨ੍ਹਾਂ ਕਿਹਾ ਕਿ ਜੇਕਰ ਸਿੱਖੀ ਸਿਧਾਤਾਂ ਤੇ ਸੋਚ ਨੂੰ ਅਲਵਿਦਾ ਕਹਿਕੇ ਕੇਵਲ ਸਿਆਸੀ ਤਾਕਤ ਪ੍ਰਾਪਤ ਕਰਨਾ ਹੀ ਮਕਸਦ ਹੈ, ਤਾਂ ਕੌਮੀਅਤ ਅਤੇ ਉੱਚੇ ਸੁੱਚੇ ਸਿੱਖੀ ਇਖਲਾਕ, ਗੁਰੂ ਸਾਹਿਬਾਨ ਜੀ ਦੀ ਮਨੁੱਖਤਾ ਪੱਖੀ ਆਜਾਦ ਸੋਚ, ਅਣਖ-ਗੈਰਤ, ਮਾਣ ਸਨਮਾਨ ਕਿਵੇ ਕਾਇਮ ਰਹਿ ਸਕਣਗੇ ? ਉਨ੍ਹਾਂ ਕਿਹਾ ਕਿ ਜੇਕਰ ਖਾਲਸਾ ਪੰਥ ਦੀ ਆਨ ਸਾਨ ਬਹਾਲ ਕਰਵਾਉਣੀ ਹੈ ਅਤੇ 2027 ਵਿਚ ਪੰਥਕ ਸਰਕਾਰ ਕਾਇਮ ਕਰਨੀ ਹੈ, ਤਾਂ ਬੀਜੇਪੀ-ਆਰ.ਐਸ.ਐਸ, ਕਾਂਗਰਸ, ਆਮ ਆਦਮੀ ਪਾਰਟੀ ਤੇ ਹੋਰ ਮੁਤੱਸਵੀ ਸੰਗਠਨਾਂ ਵਰਗੀਆ ਜਮਾਤਾਂ ਦੀਆਂ ਫੌੜੀਆ ਦਾ ਸਹਾਰਾ ਬਿਲਕੁਲ ਨਾ ਤੱਕਿਆ ਜਾਵੇ । ਬਲਕਿ ਪੁਰਾਤਨ ਸਮੇ ਦੇ ਸਿੱਖਾਂ ਦੇ ਉੱਚੇ ਸੁੱਚੇ ਉਸ ਕਿਰਦਾਰ ਜਿਸ ਰਾਹੀ ਸਿੱਖਾਂ ਦੀਆਂ 12 ਮਿਸਲਾਂ ਇਕੱਤਰ ਹੋ ਕੇ ਸਿੱਖ ਕੌਮ ਦੀਆਂ ਦੁਸਮਣ ਹਿੰਦੂਤਵ ਤਾਕਤਾਂ ਨੂੰ ਹਰਾਉਣ ਲਈ ਫਤਹਿ ਪ੍ਰਾਪਤ ਕਰਦੇ ਰਹੇ ਹਨ, ਉਸੇ ਤਰ੍ਹਾਂ ਸਭ ਪੰਥਕ ਧਿਰਾਂ ਦੇ ਮਾਣ ਸਨਮਾਨ ਨੂੰ ਕਾਇਮ ਰੱਖਦੇ ਹੋਏ, ਛੋਟੇ ਮੋਟੇ ਵਿਚਾਰਾਂ ਦੇ ਵਖਰੇਵਿਆ ਤੋ ਉਪਰ ਉੱਠਕੇ ਪੰਜਾਬ ਸੂਬੇ ਤੇ ਸਿੱਖ ਕੌਮ ਦੀਆਂ ਦੁਸਮਣ ਹਿੰਦੂਤਵ ਤਾਕਤਾਂ ਨੂੰ ਹਰਾਉਣ ਲਈ ਸਭ ਪੰਥਕ ਧਿਰਾਂ ਦਾ ਸਹਿਯੋਗ ਦਿੰਦੇ ਤੇ ਲੈਦੇ ਹੋਏ ਕੌਮੀ ਅਣਖ ਤੇ ਗੈਰਤ ਨੂੰ ਕਾਇਮ ਰੱਖਿਆ ਜਾਵੇ । ਸਭ ਪੰਥਕ ਜਮਾਤਾਂ ਦੇ ਆਪੋ ਆਪਣੇ ਸਿਆਸੀ ਨਿਸਾਨਿਆ ਉਤੇ ਕਿੰਤੂ-ਪ੍ਰੰਤੂ ਕੀਤੇ ਬਿਨ੍ਹਾਂ ਵੱਡੇ ਦੁਸਮਣ ਨੂੰ ਚਿੱਤ ਕਰਨ ਲਈ ਗੁਰੂ ਸਾਹਿਬਾਨ ਦਾ ਓਟ ਆਸਰਾ ਲੈਕੇ ‘ਸਿਆਸੀ ਤੱਤੇ ਰਣ’ ਵਿਚ ਖ਼ਾਲਸਾ ਪੰਥ ਦਾ ਗੁਰੂ ਸਾਹਿਬਾਨ ਤੋ ਬਖਸਿਸ ਹੋਇਆ ਖੰਡਾ ਖੜਕਾਕੇ ਦ੍ਰਿੜਤਾ ਨਾਲ ਖਾਲਸਾ ਪੰਥ ਦੀ ਫਤਹਿ ਪ੍ਰਾਪਤ ਕਰਨ ਦੇ ਅਮਲ ਹੋਣੇ ਚਾਹੀਦੇ ਹਨ । ਨਾ ਕਿ ਕੇਵਲ ਬਾਦਲ ਦਲੀਆ ਜੋ ਸਿਆਸੀ ਤੌਰ ਤੇ ਆਖਰੀ ਸਾਹਾਂ ਤੇ ਹਨ, ਉਨ੍ਹਾਂ ਦੀ ਸਿਆਸੀ ਮੌਤ ਕਰਨ ਲਈ ਗੈਰ ਸਿਧਾਤਿਕ ਤੌਰ ਤੇ ਸਿੱਖਾਂ ਦੀਆਂ ਕਾਤਲ ਜਮਾਤਾਂ ਨਾਲ ਸਮਝੌਤੇ ਕਰਕੇ ਸਿੱਖੀ ਸਿਧਾਤਾਂ ਤੇ ਸੋਚ ਦਾ ਮਲੀਆਮੇਟ ਨਾ ਕੀਤਾ ਜਾਵੇ । ਸ. ਟਿਵਾਣਾ ਨੇ ਗਿਆਨੀ ਹਰਪ੍ਰੀਤ ਸਿੰਘ ਅਤੇ ਸਮੁੱਚੀਆ ਪੰਥਕ ਧਿਰਾਂ ਦੇ ਸੂਝਵਾਨ ਮੁੱਖੀਆਂ ਅਤੇ ਸਲਾਹਕਾਰਾਂ ਤੋ ਇਹ ਵੱਡੀ ਉਮੀਦ ਪ੍ਰਗਟ ਕੀਤੀ ਕਿ ਉਹ ਇਸ ਫੈਸਲਾਕੁੰਨ ਸਮੇ ਦੀਆਂ ਫੈਸਲਾ ਕਰਨ ਵਾਲੀਆ ਘੜੀਆ ਵਿਚ ਕੌਮ ਨੂੰ ਕਿਸੇ ਤਰ੍ਹਾਂ ਦੇ ਭੰਬਲਭੂਸੇ ਵਿਚ ਨਾ ਪਾ ਕੇ ਅਤੇ ਗੈਰ ਸਿਧਾਤਿਕ ਅਮਲ ਨਾ ਕਰਕੇ ਸਮੁੱਚੀ ਸਿੱਖ ਕੌਮ ਦੀ ਲੀਡਰਸਿਪ ਨੂੰ ਅਤੇ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ‘ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ’ ਦੀ ਵੱਡਮੁੱਲੀ ਸੋਚ ਅਧੀਨ ਇਕ ਕਰਕੇ ਅਗਲੀ ਸਿਆਸੀ ਜੰਗ ਨੂੰ ਫਤਹਿ ਵੀ ਕਰਨਗੇ ਅਤੇ ਆਉਣ ਵਾਲੇ ਸਮੇ ਵਿਚ ਖਾਲਸਾ ਪੰਥ ਦੀ ਆਜਾਦੀ ਦੇ ਮਿਸਨ ਦੀ ਪ੍ਰਾਪਤੀ ਕਰਨ ਤੇ ਵੀ ਦ੍ਰਿੜ ਹੋਣਗੇ ।