ਇੰਡੀਆਂ ਦੇ ਬ੍ਰਾਹਮਣਵਾਦੀ ਸੋਚ ਨਾਲ ਸੰਬੰਧਤ ਸੰਕਰਾਚਾਰੀਆ ਅਤੇ ਹੁਕਮਰਾਨ ਇਥੇ ਕਿਸੇ ਵੀ ਮਜ੍ਹਬ ਨੂੰ ਆਜ਼ਾਦੀ ਨਾਲ ਪ੍ਰਫੁੱਲਿਤ ਨਹੀ ਹੋਣ ਦਿੰਦੇ : ਮਾਨ
ਫ਼ਤਹਿਗੜ੍ਹ ਸਾਹਿਬ, 21 ਅਪ੍ਰੈਲ ( ) “ਇੰਡੀਆਂ ਦੇ ਬੀਤੇ ਸਮੇ ਦੇ ਵਰਤਾਰੇ ਅਤੇ ਇਤਿਹਾਸ ਨੂੰ ਜੇਕਰ ਘੋਖ ਨਾਲ ਵੇਖਿਆ ਜਾਵੇ ਤਾਂ ਇਕ ਗੱਲ ਪ੍ਰਤੱਖ ਰੂਪ ਵਿਚ ਸਾਹਮਣੇ ਆਉਦੀ ਹੈ ਕਿ ਜੋ ਹਿੰਦੂਤਵ ਸੋਚ ਨਾਲ ਸੰਬੰਧਤ ਕੱਟੜਵਾਦੀ ਹੁਕਮਰਾਨ ਅਤੇ ਬ੍ਰਾਹਮਣਵਾਦੀ ਸੋਚ ਦੇ ਧਾਰਨੀ ਸੰਕਰਾਚਾਰੀਆ ਹਨ, ਇਹ ਆਪਸ ਵਿਚ ਇਕੋ ਸੋਚ ਅਧੀਨ ਮੰਨੂਸਮ੍ਰਿਤੀ ਵਾਲੀ ਸੋਚ ਨੂੰ ਮਜ਼ਬੂਤ ਕਰਨ ਲਈ ਹਰ ਤਰ੍ਹਾਂ ਦਾ ਉਪੱਦਰ ਕਰਨ ਤੱਕ ਜਾਂਦੇ ਹਨ । ਇਹ ਕੱਟੜਵਾਦੀ ਲੋਕ ਇਥੇ ਕਿਸੇ ਵੀ ਮਜ੍ਹਬ ਨੂੰ ਆਪਣੇ ਸਿਧਾਤਾਂ, ਸੋਚ ਅਤੇ ਆਜ਼ਾਦੀ ਨਾਲ ਪ੍ਰਫੁੱਲਿਤ ਨਹੀ ਹੋਣ ਦਿੰਦੇ । ਇਹੀ ਵਜਹ ਹੈ ਕਿ ਬੁੱਧ ਧਰਮ ਜੋ ਵੱਡੇ ਪੱਧਰ ਤੇ ਫੈਲ ਚੁੱਕਿਆ ਸੀ, ਉਸ ਨੂੰ ਇਨ੍ਹਾਂ ਨੇ ਇਥੋ ਖਤਮ ਕੀਤਾ । ਇਸੇ ਤਰ੍ਹਾਂ ਜੈਨੀਆ ਨਾਲ ਇਹ ਸ਼ਰਤ ਲਗਾਈ ਕਿ ਉਹ ਆਪਣੇ ਮੰਦਰਾਂ ਵਿਚ ਮੂਰਤੀਆ ਰੱਖਣ । ਮੇਰੇ ਸਤਿਕਾਰਯੋਗ ਨਾਨਾ ਜੀ ਸਰਦਾਰ ਬਹਾਦਰ ਅਰੂੜ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਵਿਚੋ ਮੂਰਤੀਆਂ ਚੁੱਕਵਾ ਦਿੱਤੀਆ ਸਨ । ਇਹੀ ਵਜਹ ਹੈ ਕਿ ਅੱਜ ਤੱਕ ਇਹ ਕੱਟੜਵਾਦੀ ਹੁਕਮਰਾਨ ਮੇਰੇ ਅਤੇ ਮੇਰੀ ਪਾਰਟੀ ਨਾਲ ਖਾਰ ਖਾਂਦੇ ਹਨ । ਇਸੇ ਤਰ੍ਹਾਂ ਇਨ੍ਹਾਂ ਨੇ ਅਫਗਾਨੀਸਤਾਨ ਵਿਚ ਤਾਲੀਬਾਨਾਂ ਨੇ ਬਮਿਆਨ ਵਿਚ ਬੁੱਧ ਦੇ ਬੁੱਤ ਤੋੜ ਦਿੱਤੇ ਸਨ । ਇਨ੍ਹਾਂ 1984 ਵਿਚ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕਰ ਦਿੱਤੇ ਸਨ । ਜਿਸ ਵਿਚ ਟੈਕਾਂ, ਤੋਪਾ, ਹੈਲੀਕਪਟਰਾਂ, ਆਰਟੇਲਰੀ ਅਤੇ ਗੰਨਸਿਪਾਂ ਨਾਲ ਹਜਾਰਾਂ ਦੀ ਗਿਣਤੀ ਵਿਚ ਨਿਰਦੋਸ਼ ਸਿੱਖ ਯਾਤਰੂਆਂ, ਬੀਬੀਆਂ, ਬੱਚਿਆਂ ਤੇ ਬਜੁਰਗਾਂ ਨੂੰ ਮਾਰਿਆ ਗਿਆ, ਜੋ ਕਿ ਇਕ ਕਤਲੇਆਮ ਸੀ । ਫਿਰ ਹੁਕਮਰਾਨਾਂ ਨੇ 1992 ਵਿਚ ਬਾਬਰੀ ਮਸਜਿਦ ਸਾਜਸੀ ਢੰਗ ਨਾਲ ਗਿਰਾ ਦਿੱਤੀ ਸੀ । ਇਸੇ ਸੋਚ ਅਧੀਨ ਸਾਡੀ ਸਿੱਖ ਪਾਰਲੀਮੈਟ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਬੀਤੇ 14 ਸਾਲਾਂ ਤੋਂ ਨਹੀ ਕਰਵਾਈਆ ਜਾ ਰਹੀਆ । ਹੁਣ ਹਿੰਦੂ ਇੰਡੀਆਂ ਉਨ੍ਹਾਂ ਤਾਲੀਬਾਨਾਂ ਦੇ ਪੱਦਚਿਨ੍ਹਾ ਤੇ ਚੱਲਕੇ ਦਿੱਲੀ ਵਿਖੇ ੲੈਡਵਿਨ ਲੂਟੀਅਨ ਦੇ ਬੁੱਤ ਨੂੰ ਹਟਾ ਦਿੱਤਾ ਗਿਆ । ਉੜੀਸਾ ਵਿਚ ਜਨਵਰੀ 1999 ਵਿਚ ਆਸਟ੍ਰੇਲੀਅਨ ਇਸਾਈ ਪ੍ਰਚਾਰਕ ਮਿਸਟਰ ਗ੍ਰਾਹਮ ਸਟੇਨਜ ਅਤੇ ਉਸਦੇ 2 ਮਾਸੂਮ ਬੱਚਿਆਂ ਨੂੰ ਗੱਡੀ ਵਿਚ ਅੱਗ ਲਗਾਕੇ ਸਾੜ ਦਿੱਤਾ ਸੀ । ਦੱਖਣੀ ਸੂਬਿਆਂ ਦੇ ਚਰਚਾਂ ਅਤੇ ਨਨਜ਼ਾਂ ਉਤੇ ਹਮਲੇ ਕਰਕੇ ਅੱਗਾਂ ਲਗਾਈਆ ਗਈਆ, ਬਲਾਤਕਾਰ ਕੀਤੇ ਗਏ। ਇਸੇ ਸੋਚ ਅਧੀਨ ਛੱਤੀਸਗੜ੍ਹ ਅਤੇ ਨਾਲ ਲੱਗਦੇ ਸੂਬਿਆਂ ਵਿਚ ਆਦਿਵਾਸੀਆ ਨੂੰ ਨਕਸਲਾਈਟ ਗਰਦਾਨਕੇ ਗੋਲੀਆ ਨਾਲ ਰੋਜਾਨਾ ਮੌਤ ਦੇ ਮੂੰਹ ਵਿਚ ਧਕੇਲਿਆ ਜਾ ਰਿਹਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੱਟੜਵਾਦੀ ਹਿੰਦੂਤਵ ਹੁਕਮਰਾਨਾਂ ਅਤੇ ਸੰਕਰਾਚਾਰੀਆ ਦੁਆਰਾ ਇੰਡੀਆ ਵਿਚ ਕਿਸੇ ਹੋਰ ਧਰਮ ਨੂੰ ਨਿਰੰਤਰ ਸਾਜਸੀ ਢੰਗਾਂ ਰਾਹੀ ਪ੍ਰਫੁੱਲਿਤ ਨਾ ਹੋਣ ਦੇਣ ਦੇ ਦੁੱਖਦਾਇਕ ਅਤੇ ਇਨਸਾਨੀਅਤ ਵਿਰੋਧੀ ਵਰਤਾਰੇ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਹੁਕਮਰਾਨ ਅਜਿਹਾ ਆਪਣੇ ਆਰੀਅਨ ਮੰਨੂਸਮ੍ਰਿਤੀ ਵਾਲੀ ਸੋਚ ਨੂੰ ਪ੍ਰਫੁੱਲਿਤ ਕਰਨ ਲਈ ਕਰ ਰਹੇ ਹਨ । ਜਦੋਕਿ ਆਰੀਅਨ ਤਾਂ ਬਾਹਰਲੇ ਮੁਲਕਾਂ ਵਿਚੋ ਇਥੇ ਆਏ ਸਨ । ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਆਰੀਅਨ ਇਕ ਨਸਲਵਾਦੀ ਸੋਚ ਹੈ । ਜੋ ਮੰਨੂਸਮ੍ਰਿਤੀ ਦੀ ਜਾਤ-ਪਾਤ ਅਤੇ 4 ਵਰਣਾ ਦੀ ਸੋਚ ਵਿਚ ਵਿਸਵਾਸ ਰੱਖਦੇ ਹਨ । ਜੋ ਕਿ ਇਨਸਾਨੀਅਤ ਵਿਰੋਧੀ ਅਮਲ ਹੈ । ਇਥੋ ਤੱਕ ਦੂਜੀ ਸੰਸਾਰ ਜੰਗ ਸਮੇ ਆਰੀਅਨਾਂ ਨੇ ਇਥੋ ਦੀਆਂ ਬਹੁਤ ਮਹੱਤਵਪੂਰਨ ਪੁਰਾਤਨ ਯਾਦਗਰਾਂ ਨੂੰ ਖਤਮ ਕਰ ਦਿੱਤਾ । ਇਸ ਲਈ ਅਸੀ ਇਹ ਮਹਿਸੂਸ ਕਰਦੇ ਹਾਂ ਕਿ ਸਮਾਂ ਆ ਗਿਆ ਹੈ ਕਿ ਉਸ ਸਰਾਰਤੀ ਸੋਚ ਵਾਲੇ ਲੋਕਾਂ ਦੇ ਅਮਲਾਂ ਦਾ ਖਾਤਮਾ ਕੀਤਾ ਜਾਵੇ ਅਤੇ ਸਭਨਾਂ ਨੂੰ ਆਪੋ ਆਪਣੇ ਧਰਮਾਂ, ਮਜ਼੍ਹਬਾਂ ਦੀ ਸੋਚ ਤੇ ਅਧਾਰਿਤ ਆਜਾਦੀ ਨਾਲ ਜਿੰਦਗੀ ਜਿਊਣ ਦਾ ਹੱਕ ਅਮਲੀ ਰੂਪ ਵਿਚ ਪ੍ਰਦਾਨ ਹੋਵੇ । ਅਜਿਹੇ ਅਮਲਾਂ ਤੋ ਇਹ ਸਾਬਤ ਹੋ ਜਾਂਦਾ ਹੈ ਕਿ ਹਿੰਦੂ ਧਰਮ, ਬੁੱਧ, ਜੈਨ ਆਦਿ ਕਿਸੇ ਵੀ ਮਜ਼੍ਹਬ ਨੂੰ ਬਰਦਾਸਤ ਨਹੀ ਕਰਦੇ । ਦਿਗਵਿਜੇ ਅਕਾਊਟਸ ਆਫ ਸੰਕਰਾਚਾਰੀਆ ਵੱਲੋ ਇੰਡੀਅਨ ਸਬ ਕਾਊਟੀਨੈਟ ਵਿਚ ਜਦੋ ਬੁੱਧ ਧਰਮ ਵੱਧ ਫੁੱਲ ਰਿਹਾ ਸੀ, ਤਾਂ ਇਨ੍ਹਾਂ ਨੇ ਜ਼ਬਰੀ ਬੁੱਧ ਧਰਮ ਨਾਲ ਸੰਬੰਧਤ ਸੰਸਥਾਵਾਂ, ਤਾਲੀਮ ਦੇਣ ਵਾਲੇ ਸਥਾਨਾਂ, ਮੰਦਰਾਂ ਨੂੰ ਖਤਮ ਕਰ ਦਿੱਤਾ ਸੀ ਅਤੇ ਇਹ ਬੁੱਧ ਧਰਮ ਦੇ ਚੇਲੇ ਇੰਡੀਅਨ ਸਬ ਕਾਊਟੀਨੈਟ ਵਿਚੋ ਅਫਗਾਨੀਸਤਾਨ, ਭੂਟਾਨ, ਬਰਮਾ, ਦੱਖਣੀ-ਪੂਰਬੀ ਏਸੀਆ, ਸ੍ਰੀਲੰਕਾ ਆਦਿ ਮੁਲਕਾਂ ਵਿਚ ਚਲੇ ਗਏ ਸਨ ।
ਉਨ੍ਹਾਂ ਕਿਹਾ ਕਿ ਅਸੀ ਇੰਡੀਆ ਦੀ ਪ੍ਰੈਜੀਡੈਟ ਬੀਬੀ ਦ੍ਰੋਪਦੀ ਮੁਰਮੂ ਜੋ ਕਿ ਜ਼ਬਰ ਦਾ ਸਿਕਾਰ ਹੋਏ ਆਦਿਵਾਸੀ ਕਬੀਲੇ ਨਾਲ ਸੰਬੰਧਤ ਹਨ, ਉਨ੍ਹਾਂ ਨੂੰ ਉਪਰੋਕਤ ਸਭ ਸਿੱਖ, ਮੁਸਲਿਮ, ਬੋਧੀ, ਇਸਾਈ, ਦਲਿਤ, ਆਦਿਵਾਸੀਆ ਆਦਿ ਨਾਲ ਹੋ ਰਹੀਆ ਬੇਇਨਸਾਫ਼ੀਆਂ ਤੇ ਜ਼ਬਰ ਸੰਬੰਧੀ ਲਿਖਦੇ ਰਹੇ ਹਾਂ ਕਿ ਉਹ ਇਸ ਵਿਸੇ ਉਤੇ ਆਪਣੇ ਅਧਿਕਾਰਾਂ ਦੀ ਵਰਤੋ ਕਰਕੇ ਇਨ੍ਹਾਂ ਵਰਗਾਂ ਦੇ ਹੱਕ ਹਕੂਕਾ ਦੀ ਰੱਖਿਆ ਕਰਨ ਦਾ ਉਦਮ ਕਰਨ । ਪਰ ਉਨ੍ਹਾਂ ਨੇ ਇਸ ਉਤੇ ਕੋਈ ਅਮਲ ਨਾ ਕੀਤਾ । ਜੋ ਅਫਸੋਸਨਾਕ ਹੈ । ਜਦੋਕਿ ਉਨ੍ਹਾਂ ਨੂੰ ਵਿਧਾਨਿਕ ਤੌਰ ਤੇ 3 ਕਾਨੂੰਨੀ ਅਧਿਕਾਰ ਹਾਸਿਲ ਹਨ ਕਿ ਉਹ ਸਰਕਾਰ ਨੂੰ ਕਿਸੇ ਕੰਮ ਲਈ ਉਤਸਾਹਿਤ ਕਰ ਸਕਦੇ ਹਨ, ਉਸਨੂੰ ਕੋਈ ਸਲਾਹ ਦੇ ਸਕਦੇ ਹਨ ਅਤੇ ਕਿਸੇ ਗੈਰ ਕਾਨੂੰਨੀ ਜਾਂ ਗੈਰ ਇਨਸਾਨੀ ਹੋਣ ਵਾਲੇ ਅਮਲ ਉਤੇ ਖਬਰਦਾਰ ਵੀ ਕਰ ਸਕਦੇ ਹਨ । ਪਰ ਉਨ੍ਹਾਂ ਨੇ ਆਪਣੇ ਇਨ੍ਹਾਂ ਵਿਧਾਨਿਕ ਅਧਿਕਾਰਾਂ ਦੀ ਕੋਈ ਵਰਤੋ ਨਾ ਕੀਤੀ । ਜਦੋਕਿ ਮੋਦੀ ਹਕੂਮਤ ਹੀ ਉਪਰੋਕਤ ਅਧਿਕਾਰਾਂ ਦੀ ਨਿਰੰਤਰ ਦੁਰਵਰਤੋ ਕਰਦੀ ਆ ਰਹੀ ਹੈ ਜੋ ਹੋਰ ਵੀ ਅਫਸੋਸਨਾਕ ਵਰਤਾਰਾ ਹੈ । ਇਹ ਹੋਰ ਵੀ ਗੈਰ ਵਿਧਾਨਿਕ ਅਮਲ ਹੁੰਦੇ ਆ ਰਹੇ ਹਨ ਕਿ ਜਦੋ ਵਜੀਰ ਏ ਆਜਮ ਕਿਸੇ ਬਾਹਰਲੇ ਮੁਲਕ ਦੇ ਦੌਰੇ ਤੇ ਜਾਵੇ ਤਾਂ ਉਹ ਮੁਲਕ ਦੇ ਪ੍ਰੈਜੀਡੈਟ ਦੀ ਪ੍ਰਵਾਨਗੀ ਲੈਕੇ ਅਤੇ ਦੌਰੇ ਤੋ ਵਾਪਸ ਆਉਣ ਤੋਂ ਪ੍ਰੈਜੀਡੈਟ ਨੂੰ ਆਪਣੇ ਦੌਰਿਆ ਸੰਬੰਧੀ ਜਾਣਕਾਰੀ ਦੇਣ ਦੀ ਜਿੰਮੇਵਾਰੀ ਨਿਭਾਉਣ । ਪਰ ਸ੍ਰੀ ਮੋਦੀ ਅਜਿਹੇ ਪ੍ਰੋਟੋਕੋਲ ਦੀ ਨਿਰੰਤਰ ਉਲੰਘਣਾ ਕਰਦੇ ਆ ਰਹੇ ਹਨ ਅਤੇ ਬੀਬੀ ਮੁਰਮੂ ਵੱਲੋ ਇਸ ਵਿਸੇ ਤੇ ਕਿਸੇ ਤਰ੍ਹਾਂ ਦਾ ਨੋਟਿਸ ਨਾ ਲੈਣਾ ਹੋਰ ਵੀ ਦੁੱਖਦਾਇਕ ਹੈ ।