ਤੁਰਕੀ, ਮਿਸਰ, ਪਾਕਿਸਤਾਨ ਅਤੇ ਸਾਊਦੀ ਅਰਬ ਦੇ ਇਕੱਠੇ ਹੋਣ ਤੇ ਹੁਣ ਇੰਡੀਆਂ ਆਪ੍ਰੇਸ਼ਨ ਸਿੰਧੂਰ ਵਰਗੇ ਫ਼ੌਜੀ ਐਕਸ਼ਨ ਨਹੀਂ ਕਰ ਸਕੇਗਾ : ਮਾਨ
ਫ਼ਤਹਿਗੜ੍ਹ ਸਾਹਿਬ, 21 ਅਪ੍ਰੈਲ ( ) “ਉਪਰੋਕਤ 4 ਮੁਸਲਿਮ ਮੁਲਕਾਂ ਤੁਰਕੀ, ਮਿਸਰ, ਪਾਕਿਸਤਾਨ ਅਤੇ ਸਾਊਦੀ ਅਰਬ ਦਾ ਫ਼ੌਜੀ ਸਮਝੌਤਾ ਹੋਣ ਦੀ ਬਦੌਲਤ ਹੁਣ ਇੰਡੀਆਂ ਦੀ ਮੋਦੀ ਮੁਤੱਸਵੀ ਹਕੂਮਤ ਨਾ ਤਾਂ ਆਪ੍ਰੇਸ਼ਨ ਸਿੰਧੂਰ ਵਰਗੇ ਫੌਜੀ ਐਕਸਨ ਕਰ ਸਕੇਗੀ ਅਤੇ ਨਾ ਹੀ ਜੰਗ ਦਾ ਬਹਾਨਾ ਘੜਕੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਨਿਵਾਸੀਆਂ ਉਤੇ ਜ਼ਬਰ-ਜੁਲਮ ਢਾਹੁਣ ਦੇ ਅਮਲ ਕਰ ਸਕੇਗੀ । ਕਿਉਂਕਿ ਬੀਤੇ ਲੰਮੇ ਸਮੇ ਤੋਂ ਇਹ ਮੁਤੱਸਵੀ ਹਕੂਮਤ ਸਿੱਖਾਂ, ਮੁਸਲਮਾਨਾਂ, ਦਲਿਤਾਂ, ਰੰਘਰੇਟਿਆ, ਆਦਿਵਾਸੀਆ ਉਤੇ ਗੈਰ ਕਾਨੂੰਨੀ ਢੰਗ ਨਾਲ ਜ਼ਬਰ-ਜੁਲਮ ਵੀ ਕਰਦੀ ਆ ਰਹੀ ਹੈ ਅਤੇ ਉਨ੍ਹਾਂ ਦੇ ਵਿਧਾਨਿਕ, ਸਮਾਜਿਕ, ਧਾਰਮਿਕ ਹੱਕਾਂ ਨੂੰ ਵੀ ਕੁੱਚਲਦੀ ਆ ਰਹੀ ਹੈ । ਉਪਰੋਕਤ ਵੱਖ-ਵੱਖ ਮੁਲਕਾਂ ਦੇ ਇਕੱਠੇ ਹੋਣ ਉਤੇ ਜਿਥੇ ਪਾਕਿਸਤਾਨ ਵਿਚ ਕਿਸੇ ਤਰ੍ਹਾਂ ਦੀ ਛੇੜਛਾੜ ਨਹੀ ਕਰ ਸਕੇਗੀ, ਉਥੇ ਪੰਜਾਬੀਆਂ, ਸਿੱਖਾਂ ਨੂੰ ਜੋ ਵਾਰ-ਵਾਰ ਨਿਸ਼ਾਨਾਂ ਬਣਾਕੇ ਬਹਾਨੇ ਨਾਲ ਜੰਗ ਵੱਲ ਧਕੇਲਣ ਦੀਆਂ ਸਾਜਿਸ਼ਾਂ ਕਰਦੀ ਆ ਰਹੀ ਹੈ । ਉਹ ਵੀ ਨਹੀ ਕਰ ਸਕੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 4 ਮੁਲਕਾਂ ਦੇ ਆਪਸ ਵਿਚ ਹੋਏ ਫ਼ੌਜੀ ਸਮਝੌਤੇ ਉਤੇ ਪੰਜਾਬ ਉਤੇ ਵਾਰ-ਵਾਰ ਮੰਡਰਾਏ ਜਾਣ ਵਾਲੇ ਜੰਗ ਦੇ ਖਤਰਿਆ ਲਈ ਸੁਰੱਖਿਅਤ ਹੋਣ ਅਤੇ ਪਾਕਿਸਤਾਨ ਨਾਲ ਵੀ ਕਿਸੇ ਤਰ੍ਹਾਂ ਦੀ ਛੇੜਛਾੜ ਨਾ ਹੋਣ ਦੀ ਗੱਲ ਉਤੇ ਤਸੱਲੀ ਜਾਹਰ ਕਰਦੇ ਹੋਏ ਇਸ ਸਮਝੌਤੇ ਨੂੰ ਸੁਭ ਸਗਨ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਅਕਸਰ ਹੀ ਇੰਡੀਆ ਦੇ ਹੁਕਮਰਾਨ ਪਾਕਿਸਤਾਨ ਨਾਲ ਲੜਾਈ ਲਗਾਉਣ ਦਾ ਬਹਾਨਾ ਬਣਾਕੇ ਇਕ ਤੀਰ ਨਾਲ ਦੋ ਨਿਸ਼ਾਨੇ ਫੁੱਡਣ ਦੀ ਤਾਕ ਵਿਚ ਰਹਿੰਦੇ ਹਨ । ਇਕ ਤਾਂ ਪਾਕਿਸਤਾਨ ਉਤੇ ਦਬਾਅ ਪਾਉਣਾ, ਦੂਸਰਾ ਇਸੇ ਬਹਾਨੇ ਸਿੱਖਾਂ ਨੂੰ ਨਿਸ਼ਾਨਾਂ ਬਣਾਉਣਾ । ਇਸ ਹੋਏ ਸਮਝੌਤੇ ਨਾਲ ਇਥੇ ਪਾਕਿਸਤਾਨ ਦੀ ਅਵਾਮ ਜੰਗ ਵਰਗੇ ਹਾਲਾਤਾਂ ਤੋ ਸੁਰੱਖਿਅਤ ਰਹੇਗਾ, ਉਥੇ ਸਿੱਖ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੇ ।