ਪਿੰਡ ਹਿੰਮਤਪੁਰਾ (ਫ਼ਤਹਿਗੜ੍ਹ ਸਾਹਿਬ) ਵਿਖੇ ਹੋਏ ਵੱਡੇ ਹਾਦਸੇ ਦੌਰਾਨ 11 ਮ੍ਰਿਤਕ ਪਰਿਵਾਰਾਂ ਨਾਲ ਸ. ਮਾਨ ਨੇ ਜਿਥੇ ਹਮਦਰਦੀ ਪ੍ਰਗਟ ਕੀਤੀ, ਉਥੇ ਸਰਕਾਰ ਨੂੰ ਜਿੰਮੇਵਾਰ ਵੀ ਠਹਿਰਾਇਆ
ਫ਼ਤਹਿਗੜ੍ਹ ਸਾਹਿਬ, 16 ਅਪ੍ਰੈਲ ( ) “ਬੀਤੇ ਦਿਨੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਆਨੰਦਪੁਰ ਸਾਹਿਬ ਤੋ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਮੈਂਣ ਮਾਜਰੀ ਦੇ ਗੁਰਦੁਆਰਾ ਬੇਗਮਪੁਰਾ ਸਾਹਿਬ ਦੀ ਇਕ ਬੱਸ ਵਿਚ ਸਵਾਰ ਵੱਡੀ ਗਿਣਤੀ ਵਿਚ ਸਰਧਾਲੂ ਜਦੋ ਵਾਪਸ ਆ ਰਹੇ ਸਨ ਅਤੇ ਪਿੰਡ ਦੀ 2 ਕਿਲੋਮੀਟਰ ਦੂਰੀ ਉਤੇ ਪਿੰਡ ਹਿੰਮਤਪੁਰਾ ਵਿਖੇ ਸੜਕ ਵਿਚ ਪਏ ਵੱਡੇ ਟੋਇਆ ਕਾਰਨ ਬੱਸ ਦਾ ਅਚਾਨਕ ਐਕਸੀਡੈਟ ਹੋ ਜਾਣ ਕਾਰਨ ਜੋ 11 ਜਿੰਦਗਾਨੀਆਂ ਮੌਤ ਦੇ ਮੂੰਹ ਵਿਚ ਚਲੇ ਗਈਆ ਹਨ, ਇਸ ਦੁਖਾਂਤ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਜਿਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪਾਰਟੀ ਨੇ ਵਿਛੜੀਆ ਆਤਮਾਵਾ ਦੀ ਸ਼ਾਂਤੀ ਲਈ ਅਰਦਾਸ ਕੀਤੀ, ਉਥੇ ਇਸ ਹੋਏ ਹਾਦਸੇ ਦੇ ਮੁੱਖ ਕਾਰਨ ਸੜਕਾਂ ਵਿਚ ਟੋਇਆ ਨੂੰ ਦਰਸਾਉਦੇ ਹੋਏ ਇਸ ਲਈ ਸਰਕਾਰ ਵੱਲੋ ਕੀਤੀ ਜਾ ਰਹੀ ਅਣਗਹਿਲੀ ਨੂੰ ਮੁੱਖ ਤੌਰ ਤੇ ਦੋਸ਼ੀ ਵੀ ਠਹਿਰਾਇਆ । ਜੋ ਪੀੜ੍ਹਤ ਪਰਿਵਾਰ ਇਸ ਦੁਖਾਂਤ ਵਿਚ ਜਿੰਦਗਾਨੀਆ ਖੋ ਬੈਠੇ ਹਨ, ਸਰਕਾਰ ਵੱਲੋ ਉਨ੍ਹਾਂ ਨੂੰ ਤੁਰੰਤ 50-50 ਲੱਖ ਰੁਪਏ ਸਹਾਇਤਾ ਅਤੇ ਉਨ੍ਹਾਂ ਦੇ ਪਰਿਵਾਰ ਵਿਚੋ ਇਕ ਮੈਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਤੁਰੰਤ ਐਲਾਨ ਹੋਵੇ ।”
ਉਨ੍ਹਾਂ ਕਿਹਾ ਕਿ ਇਸ ਦੁਖਾਂਤ ਦੇ ਵੱਡੇ ਦੁੱਖ ਵਿਚ ਸਾਮਿਲ ਹੋਣ ਲਈ ਸਰਦਾਰ ਇਮਾਨ ਸਿੰਘ ਮਾਨ ਐਕਟਿੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਪੀ.ਏ.ਸੀ ਮੈਬਰ ਸ. ਧਰਮ ਸਿੰਘ ਕਲੌੜ ਬੀਤੇ ਦਿਨੀਂ ਮੈਂਣ ਮਾਜਰੀ ਦੇ ਗੁਰੂਘਰ ਪਹੁੰਚਕੇ ਜਿਥੇ ਵਿਛੜੀਆ ਆਤਮਾਵਾ ਦੀ ਸ਼ਾਂਤੀ ਲਈ ਅਰਦਾਸ ਕੀਤੀ, ਉਥੇ ਉਪਰੋਕਤ ਤਿੰਨੇ ਆਗੂਆ ਨੇ ਹਿੰਮਤਪੁਰਾ ਹਾਦਸਾਗ੍ਰਸਤ ਸਥਾਂਨ ਤੇ ਪਹੁੰਚਕੇ ਜੋ ਸੜਕ ਵਿਚ ਵੱਡੇ ਟੋਏ ਪਏ ਹਨ, ਉਸਦਾ ਫਿਲਮਾਕਣ ਕਰਕੇ, ਸਰਕਾਰ ਵੱਲੋ ਹੋਈ ਅਣਗਹਿਲੀ ਲਈ ਇਸ ਦੁਖਾਂਤ ਲਈ ਉਸਨੂੰ ਜਿੰਮੇਵਾਰ ਠਹਿਰਾਉਣ ਦੇ ਨਾਲ-ਨਾਲ ਪੀ.ਡਬਲਿਊ.ਡੀ ਵਿਭਾਗ ਅਤੇ ਜਿ਼ਲ੍ਹਾ ਪ੍ਰਸ਼ਾਸ਼ਨ ਦੀ ਅਣਗਹਿਲੀ ਕਰਨ ਵਾਲਿਆ ਉਤੇ ਕਾਨੂੰਨੀ ਕਾਰਵਾਈ ਹੋਣ ਦੀ ਵੀ ਮੰਗ ਕੀਤੀ ਤਾਂ ਕਿ ਕੋਈ ਵੀ ਅਧਿਕਾਰੀ ਅਜਿਹੀ ਸਮਾਜਿਕ ਤੇ ਸਰਕਾਰੀ ਜਿੰਮੇਵਾਰੀ ਨਿਭਾਉਣ ਵਿਚ ਅੱਗੇ ਲਈ ਕੁਤਾਹੀ ਨਾ ਕਰ ਸਕੇ ਅਤੇ ਲੋਕਾਂ ਦੀਆਂ ਜਿੰਦਗਾਨੀਆ ਨਾਲ ਖਿਲਵਾੜ ਕਰਨ ਦੀ ਬਜਰ ਗੁਸਤਾਖੀ ਨਾ ਕਰ ਸਕੇ । ਸ. ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਆਉਣ ਵਾਲੇ ਕੱਲ੍ਹ ਪਾਰਟੀ ਵੱਲੋ ਇਕ ਡੈਪੂਟੇਸਨ ਡਿਪਟੀ ਕਮਿਸਨਰ ਫਤਹਿਗੜ੍ਹ ਸਾਹਿਬ ਰਾਹੀ ਪੰਜਾਬ ਸਰਕਾਰ ਨੂੰ ਇਕ ਯਾਦ ਪੱਤਰ ਦੇਵੇਗਾ । ਜਿਸ ਵਿਚ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਅਤੇ ਮ੍ਰਿਤਕ ਪਰਿਵਾਰਾਂ ਨੂੰ ਉਪਰੋਕਤ ਬਣਦੀ ਸਹਾਇਤਾ ਦੇਣ ਅਤੇ ਨੌਕਰੀਆ ਦੇਣ ਦੀ ਮੰਗ ਕਰੇਗਾ ।