ਵਿਸ਼ਾ: ਦੇਰੀ ਨਾਲ ਪਏ ਮੀਂਹ, ਕਣਕ ਦੀ ਗੁਣਵੱਤਾ ਵਿੱਚ ਨੁਕਸਾਨ, FCI ਨਿਯਮਾਂ ਵਿੱਚ ਢਿੱਲ ਅਤੇ NCR ਵਿੱਚ ਮੌਸਮੀ ਗੜਬੜੀ ਦੀ ਜਾਂਚ ਦੀ ਮੰਗ।
ਪੰਜਾਬ ਦੇ ਕਿਸਾਨ ਇਸ ਸਮੇਂ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਸ ਸਾਲ ਮੀਂਹ ਦੇ ਦੇਰੀ ਨਾਲ ਪੈਣ ਅਤੇ ਅਣਨਿਯਮਿਤ ਹੋਣ ਕਾਰਨ ਕਣਕ ਦੀ ਗੁਣਵੱਤਾ ‘ਤੇ ਸਿੱਧਾ ਅਸਰ ਪਿਆ ਹੈ, ਜਿਸ ਨਾਲ ਦਾਣਿਆਂ ਵਿੱਚ ਦਾਗ, ਸੂੰਗੜਨ ਅਤੇ ਹੋਰ ਖਾਮੀਆਂ ਵੇਖਣ ਨੂੰ ਮਿਲ ਰਹੀਆਂ ਹਨ।
ਇਸ ਦੇ ਨਾਲ ਹੀ ਮੰਡੀਆਂ ਵਿੱਚ ਖਰੀਦ ਪ੍ਰਕਿਰਿਆ ਵਿੱਚ ਹੋ ਰਹੀ ਦੇਰੀ ਨੇ ਇਸ ਸੰਕਟ ਨੂੰ ਹੋਰ ਵਧਾ ਦਿੱਤਾ ਹੈ। ਕਿਸਾਨਾਂ ਨੂੰ ਲੰਬੇ ਸਮੇਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਦੀ ਫਸਲ ਮੌਸਮੀ ਅਸਰਾਂ ਹੇਠ ਹੋਰ ਖਰਾਬ ਹੋ ਰਹੀ ਹੈ। ਇਹ ਸਥਿਤੀ ਕਤਈ ਕਬੂਲਯੋਗ ਨਹੀਂ ਹੈ।
ਅਸੀਂ Food Corporation of India (FCI) ਤੋਂ ਮੰਗ ਕਰਦੇ ਹਾਂ ਕਿ ਕਣਕ ਦੀ ਖਰੀਦ ਲਈ ਲਾਗੂ ਕੀਤੇ ਗੁਣਵੱਤਾ ਮਾਪਦੰਡਾਂ ਵਿੱਚ ਤੁਰੰਤ ਢਿੱਲ ਦਿੱਤੀ ਜਾਵੇ, ਖ਼ਾਸ ਕਰਕੇ ਦਾਣਿਆਂ ਵਿੱਚ ਦਾਗ, ਸੂੰਗੜਨ ਅਤੇ ਮੌਸਮ ਕਾਰਨ ਹੋਏ ਨੁਕਸਾਨ ਸਬੰਧੀ। ਕਿਸਾਨਾਂ ਨੂੰ ਉਹਨਾਂ ਹਾਲਾਤਾਂ ਲਈ ਸਜ਼ਾ ਨਹੀਂ ਮਿਲ ਸਕਦੀ ਜੋ ਉਹਨਾਂ ਦੇ ਵੱਸ ਵਿੱਚ ਨਹੀਂ ਹਨ।
ਇਸ ਦੇ ਨਾਲ ਹੀ ਇਹ ਵੀ ਚਿੰਤਾ ਦਾ ਵਿਸ਼ਾ ਹੈ ਕਿ ਰਾਸ਼ਟਰੀ ਰਾਜਧਾਨੀ ਖੇਤਰ (NCR) ਵਿੱਚ ਵਧ ਰਹੇ ਪ੍ਰਦੂਸ਼ਣ, ਤੇਜ਼ ਅਤੇ ਅਸੰਤੁਲਿਤ ਉਦਯੋਗਿਕ ਵਿਕਾਸ ਅਤੇ ਮੌਸਮ ਵਿੱਚ ਕੀਤੇ ਜਾ ਰਹੇ ਪ੍ਰਯੋਗਾਤਮਕ ਗੜਬੜੀ ਜਿਵੇਂ ਕਿ ਕਲਾਉਡ ਸੀਡਿੰਗ ਦਾ ਅਸਰ ਇੰਡੋ-ਗੈਂਗੇਟਿਕ ਮੈਦਾਨਾਂ ਦੇ ਮੌਸਮ ‘ਤੇ ਪੈ ਰਿਹਾ ਹੋ ਸਕਦਾ ਹੈ।
ਭਾਵੇਂ ਕਿ ਇਨ੍ਹਾਂ ਗੜਬੜੀ ਦਾ ਸਿੱਧਾ ਪ੍ਰਭਾਵ ਹਾਲੇ ਵਿਗਿਆਨਕ ਤੌਰ ‘ਤੇ ਪੂਰੀ ਤਰ੍ਹਾਂ ਸਾਬਤ ਨਹੀਂ ਹੋਇਆ, ਪਰ ਇਹਨਾਂ ਦੇ ਸੰਭਾਵਿਤ ਕੁੱਲ ਪ੍ਰਭਾਵ ਦੀ ਜਾਂਚ ਕਰਨਾ ਬਹੁਤ ਜ਼ਰੂਰੀ ਹੈ।
ਇਸ ਲਈ ਅਸੀਂ ਮੰਗ ਕਰਦੇ ਹਾਂ ਕਿ India Meteorological Department (IMD) ਅਤੇ Indian Institute of Tropical Meteorology (IITM) ਵੱਲੋਂ ਤੁਰੰਤ ਅਤੇ ਸੁਤੰਤਰ ਜਾਂਚ ਕਰਵਾਈ ਜਾਵੇ, ਜਿਸ ਵਿੱਚ ਇਹ ਦੇਖਿਆ ਜਾਵੇ:
• ਕੀ NCR ਦੇ ਪ੍ਰਦੂਸ਼ਣ ਅਤੇ ਹਵਾ ਵਿੱਚ ਕਣ (aerosols) ਪੰਜਾਬ ਵਿੱਚ ਮੀਂਹ ਦੇ ਸਮੇਂ ਅਤੇ ਵੰਡ ਨੂੰ ਪ੍ਰਭਾਵਿਤ ਕਰ ਰਹੇ ਹਨ
• NCR ਦੇ ਅਸੰਤੁਲਿਤ ਸ਼ਹਿਰੀ ਅਤੇ ਉਦਯੋਗਿਕ ਵਿਕਾਸ ਦਾ ਖੇਤਰੀ ਮੌਸਮ ‘ਤੇ ਕੀ ਅਸਰ ਹੈ ?
• ਕਲਾਉਡ ਸੀਡਿੰਗ ਅਤੇ ਹੋਰ ਮੌਸਮੀ ਗੜਬੜੀ ਦਾ ਵਾਤਾਵਰਣ ਅਤੇ ਮੌਸਮ ‘ਤੇ ਕੀ ਪ੍ਰਭਾਵ ਹੈ ?
• ਕੀ ਇਹ ਤੱਤ ਕਣਕ ਦੀ ਗੁਣਵੱਤਾ ਵਿੱਚ ਆਈ ਕਮੀ ਨਾਲ ਜੁੜੇ ਹੋ ਸਕਦੇ ਹਨ ?
ਪੰਜਾਬ ਦੇ ਕਿਸਾਨਾਂ ‘ਤੇ ਉਹਨਾਂ ਕਾਰਨਾਂ ਦਾ ਬੋਝ ਨਹੀਂ ਪਾਇਆ ਜਾ ਸਕਦਾ ਜੋ ਪੰਜਾਬ ਤੋਂ ਬਾਹਰ ਪੈਦਾ ਹੋ ਰਹੇ ਹਨ।
ਸਾਡੇ ਮੁੱਖ ਮੰਗਾਂ ਇਹ ਹਨ:
1 ਸਾਰੀਆਂ ਮੰਡੀਆਂ ਵਿੱਚ ਤੁਰੰਤ ਅਤੇ ਤੇਜ਼ ਖਰੀਦ ਸ਼ੁਰੂ ਕੀਤੀ ਜਾਵੇ।
2 ਇਸ ਸੀਜ਼ਨ ਲਈ FCI ਦੇ ਗੁਣਵੱਤਾ ਨਿਯਮਾਂ ਵਿੱਚ ਪੂਰੀ ਢਿੱਲ ਦਿੱਤੀ ਜਾਵੇ।
3 ਮੌਸਮੀ ਨੁਕਸਾਨ ਕਾਰਨ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
4 ਕਲਾਉਡ ਸੀਡਿੰਗ ਸਮੇਤ ਖੇਤਰੀ ਮੌਸਮੀ ਤਬਦੀਲੀਆਂ ਦੀ ਸਮੇਂਬੱਧ ਅਤੇ ਪਾਰਦਰਸ਼ੀ ਜਾਂਚ ਕਰਵਾਈ ਜਾਵੇ।
ਪੰਜਾਬ ਦੇ ਕਿਸਾਨ ਦੇਸ਼ ਨੂੰ ਰੋਟੀ ਦਿੰਦੇ ਹਨ, ਦੇਸ਼ ਨੂੰ ਪੰਜਾਬ ਦੇ ਨਾਲ ਖੜ੍ਹਾ ਹੋਣਾ ਚਾਹੀਦਾ ਹੈ।