ਇਰਾਨ ਦੂਤਵਾਸ ਦੇ ਡਿਪਟੀ ਸਫੀਰ ਜਨਾਬ ਮੁਹੰਮਦ ਹੂਸੈਨ ਦਾ ਸ੍ਰੀ ਦਰਬਾਰ ਸਾਹਿਬ ਆਉਣ ਤੇ ਭਰਪੂਰ ਸਵਾਗਤ : ਮਾਨ
ਇਰਾਨ ਤੇ ਪੰਜਾਬ ਦੇ ਸੱਭਿਆਚਾਰ ਦਾ ਪੁਰਾਤਨ ਰਿਸਤਾ, ਪੰਜਾਬ ਵਿਚ ਫਾਂਰਸੀ ਯੂਨੀਵਰਸਿਟੀ ਕਾਇਮ ਕਰਨ ਦੀ ਅਪੀਲ
ਫ਼ਤਹਿਗੜ੍ਹ ਸਾਹਿਬ, 09 ਅਪ੍ਰੈਲ ( ) “ਇਰਾਨ ਦੀ ਸੱਭਿਅਤਾ ਅਤੇ ਪੰਜਾਬ ਦੀ ਗੁਰਮੁੱਖੀ ਸੱਭਿਅਤਾ ਦਾ ਗੁਰੂ ਸਾਹਿਬ ਦੇ ਸਮੇ ਤੋ ਹੀ ਡੂੰਘਾਂ ਰਿਸਤਾ ਹੈ । ਗੁਰੂ ਸਾਹਿਬਾਨ ਨੇ ਬਹੁਤ ਵੱਡਾ ਹਿੱਸਾ ਫਾਂਰਸੀ ਵਿਚ ਕਲਮਬੰਦ ਕੀਤਾ ਹੈ । ਇਸ ਲਈ ਇਸ ਪੁਰਾਤਨ ਡੂੰਘੇ ਰਿਸਤੇ ਦੀ ਬਦੌਲਤ ਅਸੀ ਸਿੱਖ ਕੌਮ ਦੇ ਬਿਨ੍ਹਾਂ ਤੇ ਇਰਾਨ ਦੇ ਇੰਡੀਆ ਦੇ ਸਫਾਰਤਖਾਨੇ ਵਿਚ ਸਫੀਰ ਪ੍ਰੋ. ਅਬਦੁੱਲ ਮਜੀਦ ਹਕੀਮ ਇਲਾਹੀ ਵੱਲੋ ਸ੍ਰੀ ਦਰਬਾਰ ਸਾਹਿਬ ਦਰਸ਼ਨਾਂ ਲਈ ਭੇਜੇ ਆਪਣੇ ਡਿਪਟੀ ਸਫੀਰ ਜਨਾਬ ਮੁਹੰਮਦ ਹੂਸੈਨ ਵੱਲੋ ਸ੍ਰੀ ਦਰਬਾਰ ਸਾਹਿਬ ਪਹੁੰਚਣ ਤੇ ਜੀ ਆਇਆ ਕਹਿੰਦੇ ਹੋਏ ਸਵਾਗਤ ਕਰਦੇ ਹਾਂ । ਉਥੇ ਇਰਾਨ ਦੇ ਸਫਾਰਤਖਾਨੇ ਦੇ ਮੁੱਖੀ ਨੂੰ ਇਹ ਵੀ ਹਾਰਦਿਕ ਅਪੀਲ ਕਰਦੇ ਹਾਂ ਕਿ ਉਹ ਆਪਣੇ ਪੁਰਾਤਨ ਰਿਸਤੇ ਨੂੰ ਹੋਰ ਮਜਬੂਤ ਕਰਨ ਹਿੱਤ ਪੰਜਾਬ ਦੇ ਸੈਟਰ ਵਿਚ ਕਿਸੇ ਵੀ ਸਥਾਂਨ ਤੇ ਇਰਾਨ ਸਰਕਾਰ ਫਾਂਰਸੀ ਯੂਨੀਵਰਸਿਟੀ ਕਾਇਮ ਕਰਨ ਦਾ ਤਹੱਈਆ ਕਰੇ ਤਾਂ ਕਿ ਸਿੱਖ ਗੁਰਮੁੱਖੀ ਪੰਜਾਬੀ ਦੇ ਨਾਲ-ਨਾਲ ਉਰਦੂ ਅਤੇ ਫਾਂਰਸੀ ਦੀ ਵੀ ਡੂੰਘੀ ਵਾਕਫੀਅਤ ਪ੍ਰਾਪਤ ਕਰਕੇ ਆਪਣੀ ਗੁਰਬਾਣੀ ਵਿਚ ਦਰਜ ਫਾਂਰਸੀ ਦੇ ਸ਼ਬਦਾਂ ਦਾ ਹੋਰ ਡੂੰਘਾ ਅਧਿਐਨ ਕਰਨ ਦੇ ਸਮਰੱਥ ਹੋ ਸਕਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਇੰਡੀਆ ਸਥਿਤ ਇਰਾਨ ਦੇ ਸਫਾਰਤਖਾਨੇ ਦੇ ਸਫੀਰ ਪ੍ਰੋ. ਅਬਦੁੱਲ ਮਜੀਦ ਹਕੀਮ ਇਲਾਹੀ ਨੂੰ ਇਕ ਪ੍ਰੈਸ ਬਿਆਨ ਵਿਚ ਸੰਜੀਦਗੀ ਭਰੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਰਾਨ ਦੀ ਸਰਕਾਰ ਸਿੱਖ ਕੌਮ ਅਤੇ ਇਰਾਨੀਆ ਦੇ ਪੁਰਾਤਨ ਇਤਿਹਾਸਿਕ ਰਿਸਤੇ ਨੂੰ ਹੋਰ ਮਜਬੂਤ ਕਰਨ ਹਿੱਤ ਸਾਡੇ ਵੱਲੋ ਕੀਤੀ ਗਈ ਅਪੀਲ ਨੂੰ ਹਰ ਕੀਮਤ ਤੇ ਅਮਲੀ ਰੂਪ ਦੇ ਕੇ ਇਸ ਨੂੰ ਹੋਰ ਪ੍ਰਫੁੱਲਿਤ ਕਰਨਗੇ ਅਤੇ ਗੁਰਬਾਣੀ ਦੇ ਅਨੁਸਾਰ ਸਮੁੱਚੀ ਮਨੁੱਖਤਾ ਦੀ ਜਿਥੇ ਬਿਨ੍ਹਾਂ ਕਿਸੇ ਭੇਦਭਾਵ ਤੋ ਹਰ ਖੇਤਰ ਵਿਚ ਸੇਵਾ ਕਰਨ, ਸਰਬੱਤ ਦੇ ਭਲੇ ਦੀ ਸੋਚ ਅਧੀਨ ਅਮਲ ਕਰਨ ਦੀ ਗੱਲ ਨੂੰ ਮਜਬੂਤੀ ਪ੍ਰਦਾਨ ਕਰਨ ਵਿਚ ਯੋਗਦਾਨ ਪਾਉਣਗੇ, ਉਥੇ ਫਾਂਰਸੀ ਦੀ ਯੂਨੀਵਰਸਿਟੀ ਕਾਇਮ ਕਰਕੇ ਇਸ ਦਿਸ਼ਾ ਵੱਲ ਵੱਡਾ ਉਦਮ ਵੀ ਕਰਨਗੇ ।