ਬਾਰਿਸਾਂ ਦੇ ਕਾਰਨ ਪੰਜਾਬ ਦੇ ਜਿਨ੍ਹਾਂ ਜਿ਼ਲ੍ਹਿਆਂ ਵਿਚ ਫਸਲਾਂ ਦੇ ਨੁਕਸਾਨ ਹੋਏ, ਉਥੇ ਤੁਰੰਤ ਗਿਰਦਾਵਰੀਆ ਕਰਕੇ ਮੁਆਵਜੇ ਦਾ ਭੁਗਤਾਨ ਕੀਤਾ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 09 ਅਪ੍ਰੈਲ ( ) “ਬੀਤੇ ਕੁਝ ਦਿਨ ਪਹਿਲੇ ਪੰਜਾਬ ਦੇ ਬਠਿੰਡਾ, ਮਾਨਸਾ, ਮੋਗਾ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਹੁਸਿਆਰਪੁਰ ਆਦਿ ਜਿ਼ਲ੍ਹਿਆਂ ਵਿਚ ਬਾਰਿਸਾਂ ਤੇ ਗੜ੍ਹੇ ਪੈਣ ਕਾਰਨ ਜਿੰਮੀਦਾਰਾਂ ਵੱਲੋ ਆਪਣੀ ਕਣਕ ਦੀ ਫ਼ਸਲ ਜੋ ਪੱਕੀ ਖੜ੍ਹੀ ਸੀ ਅਤੇ ਥੋੜ੍ਹੇ ਸਮੇ ਵਿਚ ਵਾਢੀ ਹੋਣ ਵਾਲੀ ਸੀ, ਉਸਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ । ਜਿਸ ਕਾਰਨ ਵੱਡੀ ਗਿਣਤੀ ਵਿਚ ਜਿੰਮੀਦਾਰ ਪਰਿਵਾਰਾਂ ਨੂੰ ਮਾਲੀ ਨੁਕਸਾਨ ਹੋਣ ਦੇ ਨਾਲ-ਨਾਲ ਦਿਮਾਗੀ ਤੌਰ ਤੇ ਵੀ ਵੱਡਾ ਨੁਕਸਾਨ ਹੋਇਆ ਹੈ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਨੂੰ ਇਸ ਗੰਭੀਰ ਵਿਸੇ ਉਤੇ ਉਚੇਚੇ ਤੌਰ ਤੇ ਇਹ ਗੁਜਾਰਿਸ ਕਰਨੀ ਚਾਹੇਗੀ ਕਿ ਪੀੜ੍ਹਤ ਕਿਸਾਨਾਂ ਦੀਆਂ ਹੋਈਆ ਫਸਲ ਦੇ ਨੁਕਸਾਨ ਦਾ ਤੁਰੰਤ ਗਿਰਦਾਵਰੀਆ ਕਰਵਾਕੇ ਜੋ ਉਨ੍ਹਾਂ ਦੇ ਮੁਆਵਜੇ ਦੀ ਰਕਮ ਬਣਦੀ ਹੈ, ਉਸਦਾ ਤੁਰੰਤ ਭੁਗਤਾਨ ਕਰਨ ਦਾ ਪ੍ਰਬੰਧ ਕੀਤਾ ਜਾਵੇ । ਤਾਂ ਕਿ ਬਹੁਤ ਹੀ ਮਿਹਨਤ ਉਪਰੰਤ ਆਪਣੀਆ ਫਸਲਾਂ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਆਪਣੀ ਅਗਲੇਰੀ ਫਸਲ ਦੀ ਬਿਜਾਈ ਤੇ ਸੇਵਾ ਸੰਭਾਲ ਲਈ ਆਰਥਿਕ ਮਦਦ ਸਰਕਾਰ ਵੱਲੋ ਮਿਲ ਸਕੇ ।”
ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਰਿਸਾਂ ਤੇ ਗੜ੍ਹਿਆ ਕਾਰਨ ਪੰਜਾਬ ਦੇ ਕਈ ਜਿ਼ਲ੍ਹਿਆ ਵਿਚ ਫਸਲਾਂ ਦੇ ਹੋਏ ਵੱਡੇ ਨੁਕਸਾਨ ਦੀ ਭਰਪਾਈ ਕਰਨ ਹਿੱਤ ਸਰਕਾਰ ਨੂੰ ਤੁਰੰਤ ਗਿਰਦਾਵਰੀਆ ਕਰਕੇ ਪੀੜ੍ਹਤ ਕਿਸਾਨਾਂ ਦੀ ਸਰਕਾਰੀ ਮੁਆਵਜੇ ਦੁਆਰਾ ਮਦਦ ਕਰਨ ਦੀ ਗੱਲ ਕਰਦੇ ਹੋਏ ਕੀਤੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਸਰਕਾਰ ਬੀਤੇ ਸਮੇ ਵਿਚ ਕਿਸਾਨਾਂ ਵੱਲੋ ਵੱਡੀ ਮਾਤਰਾ ਵਿਚ ਆਰਥਿਕ ਨੁਕਸਾਨ ਹੋਣ ਦੀ ਬਦੌਲਤ ਖੁਦਕਸੀਆ ਕਰਨ ਦੇ ਰੁਝਾਨ ਨੂੰ ਮੁੱਖ ਰੱਖਕੇ ਨੁਕਸਾਨੀ ਗਈਆ ਫਸਲਾਂ ਦੇ ਮੁਆਵਜੇ ਦਾ ਪਹਿਲ ਦੇ ਆਧਾਰ ਤੇ ਭੁਗਤਾਨ ਕਰਨ ਦਾ ਪ੍ਰਬੰਧ ਕਰ ਦੇਵੇਗੀ ।