ਏਅਰ ਚੀਫ ਮਾਰਸ਼ਲ ਏ.ਪੀ. ਸਿੰਘ ਵੱਲੋਂ ਡਿਊਟੀ ਦੌਰਾਨ ਦਸਤਾਰ ਦੇ ਸਥਾਂਨ ਤੇ ਟੋਪੀ ਪਹਿਨਣਾ ਬੀਜੇਪੀ-ਆਰ.ਐਸ.ਐਸ ਦੀ ਸਿੱਖ ਵਿਰੋਧੀ ਸੋਚ ਦਾ ਨਤੀਜਾ : ਮਾਨ
ਫ਼ਤਹਿਗੜ੍ਹ ਸਾਹਿਬ, 13 ਮਾਰਚ ( ) “ਬੀਤੇ ਦਿਨੀਂ ਇੰਡੀਆਂ ਦੇ ਏਅਰ ਚੀਫ ਮਾਰਸ਼ਲ ਏ.ਪੀ. ਸਿੰਘ ਜਦੋਂ ਮਿਗ-29 ਯੂਪੀਜੀ ਦੀ ਅਗਲੀ ਪ੍ਰਗਤੀ ਅਧੀਨ ਆਦਮਪੁਰ ਏਅਰਬੇਸ ਜਲੰਧਰ ਵਿਖੇ ਆਪਣੇ ਅਧੀਨ ਆਫਿਸਰ ਨੂੰ ਅਗਲੇ ਦਿਸ਼ਾ ਨਿਰਦੇਸ਼ ਦੇਣ ਆਏ ਤਾਂ ਉਨ੍ਹਾਂ ਨੇ ਪੂਰੀ ਵਰਦੀ ਦੇ ਨਾਲ ਜਦੋ ਦਸਤਾਰ ਸਜਾਉਣੀ ਬਣਦੀ ਸੀ, ਤਾਂ ਏਅਰਫੋਰਸ ਦੀ ਟੋਪੀ ਪਹਿਨੀ ਹੋਈ ਸੀ । ਜੋ ਕਿ ਇਕ ਏਅਰਫੋਰਸ ਦੇ ਮੁੱਖ ਅਹੁਦੇ ਉਤੇ ਬਿਰਾਜਮਾਨ ਸਰਦਾਰ ਵੱਲੋ ਸਿੱਖੀ ਦੀ ਤੋਹੀਨ ਹੋਣ ਦੇ ਦੁੱਖਦਾਇਕ ਅਮਲ ਹੋਏ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਹਿਸੂਸ ਕਰਦਾ ਹੈ ਕਿ ਜੇਕਰ ਏਅਰ ਚੀਫ ਮਾਰਸ਼ਲ ਏ.ਪੀ ਸਿੰਘ ਨੇ ਆਪਣੀ ਆਨ-ਸ਼ਾਨ ਨੂੰ ਕਾਇਮ ਰੱਖਣ ਵਾਲੀ ਦਸਤਾਰ ਨੂੰ ਤਿਆਗਕੇ ਹਿੰਦੂਤਵ ਸੋਚ ਵਾਲੀ ਟੋਪੀ ਪਹਿਨੀ ਹੈ ਤਾਂ ਇਸ ਪਿੱਛੇ ਜਰੂਰ ਮੁਤੱਸਵੀ ਹਿੰਦੂ ਜਮਾਤਾਂ ਬੀਜੇਪੀ-ਆਰ.ਐਸ.ਐਸ ਦੀ ਸਿੱਖਾਂ ਨੂੰ ਹਿੰਦੂ ਧਰਮ ਵਿਚ ਬਦਲਣ ਦੀ ਸਮਾਜ ਵਿਰੋਧੀ ਸੋਚ ਕੰਮ ਕਰਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਏਅਰ ਚੀਫ ਮਾਰਸ਼ਲ ਏ.ਪੀ. ਸਿੰਘ ਵੱਲੋ ਜਲੰਧਰ ਏਅਰਬੇਸ ਵਿਖੇ ਪਹੁੰਚਣ ਤੇ ਆਪਣੇ ਅਧੀਨ ਅਫਸਰਾਂ ਨੂੰ ਦਿਸ਼ਾ ਨਿਰਦੇਸ ਦਿੰਦੇ ਹੋਏ ਵਰਦੀ ਦੇ ਨਾਲ ਟੋਪੀ ਪਹਿਨੇ ਜਾਣ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਇਸ ਨੂੰ ਹਿੰਦੂਤਵ ਹੁਕਮਰਾਨਾਂ ਵੱਲੋ ਸਿੱਖਾਂ ਦੇ ਧਰਮ ਤੇ ਪਹਿਚਾਣ ਨੂੰ ਤਬਦੀਲ ਕਰਨ ਦੀਆਂ ਸਾਜਿਸਾਂ ਦਾ ਨਤੀਜਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਜੋ ਸਿੱਖ ਏਅਰ ਚੀਫ ਮਾਰਸ਼ਲ ਨੇ ਆਪਣੀ ਦਸਤਾਰ ਤਿਆਗਕੇ ਟੋਪੀ ਪਹਿਨੀ ਹੈ, ਇਹ ਉਨ੍ਹਾਂ ਲਈ ਵੀ ਸ਼ਰਮਨਾਕ ਕਾਰਵਾਈ ਹੈ । ਕਿਉਂਕਿ ਇਸ ਨਾਲ ਇੰਡੀਆ ਅਤੇ ਵਿਦੇਸ਼ਾਂ ਵਿਚ ਬੈਠੇ ਲੱਖਾਂ-ਕਰੋੜਾਂ ਸਿੱਖਾਂ ਦੇ ਮਨ ਆਤਮਾ ਨੂੰ ਡੂੰਘੀ ਠੇਸ ਪਹੁੰਚੀ ਹੈ । ਇਸ ਲਈ ਅਸੀ ਇਸ ਵਿਸੇ ਉਤੇ ਆਪਣੀ ਸਿਕਾਇਤ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜ ਰਹੇ ਹਾਂ । ਤਾਂ ਕਿ ਉਹ ਆਪਣੀ ਸਰਬਉੱਚ ਸਖਸ਼ੀਅਤ ਅਤੇ ਅਹੁਦੇ ਦੀ ਸਹੀ ਵਰਤੋ ਕਰਦੇ ਹੋਏ ਇਸ ਵਿਸੇ ਉਤੇ ਸਹੀ ਮਰਿਯਾਦਾ ਅਨੁਸਾਰ ਅਮਲ ਕਰਕੇ ਅਗਲੇਰੀ ਕਾਰਵਾਈ ਕਰ ਸਕਣ ਅਤੇ ਇੰਡੀਅਨ ਫ਼ੌਜਾਂ, ਏਅਰ ਫੋਰਸ, ਆਰਮੀ, ਨੇਵੀ ਵਿਚ ਜੋ ਸਿੱਖ ਅਫਸਰ ਤੇ ਅਧਿਕਾਰੀ ਹਨ, ਉਨ੍ਹਾਂ ਨਾਲ ਬੀਜੇਪੀ-ਆਰ.ਐਸ.ਐਸ ਹਕੂਮਤ ਮੁਤੱਸਵੀ ਸੋਚ ਅਧੀਨ ਸਾਡੀਆ ਦਸਤਾਰਾਂ ਦੀ ਤੋਹੀਨ ਕਰਨ ਦੀ ਜੁਰਅਤ ਨਾ ਕਰ ਸਕਣ ।